ਲੁਧਿਆਣਾ 02 ਮਈ 2019: ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਸਹਿਯੋਗ ਨਾਲ ਕਰਵਾਏ ਸਮਾਗਮ ਵਿੱਚ ਨਾਮਵਰ ਸ਼ਾਇਰ ਪ੍ਰੋ.ਗੁਰਭਜਨ ਸਿੰਘ ਗਿੱਲ ਦੇ ਗ਼ਜ਼ਲ ਸੰਗ੍ਰਹਿ "ਰਾਵੀ" ਦਾ ਦੂਜਾ ਸੰਸਕਰਨ ਲੋਕ ਅਰਪਣ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਾਬਕਾ ਵੀ ਸੀ ਡਾ.ਸ.ਪ ਸਿੰਘ ਜੀ ਨੇ ਕੀਤੀ।
ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਇਸ ਸਮਾਗਮ ਵਿਚ ਸ਼ਾਮਿਲ ਹੋਏ।
ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਸਲ ਦੇ ਪ੍ਰਧਾਨ ਸ.ਗੁਰਸ਼ਰਨ ਸਿੰਘ ਨਰੂਲਾ ਅਤੇ ਪ੍ਕਾਲਿਜ ਦੇ ਰਿੰਸੀਪਲ ਡਾ.ਅਰਵਿੰਦਰ ਸਿੰਘ ਭੱਲਾ ਨੇ ਆਏ ਮਹਿਮਾਨਾਂ ਦਾ ਰਸਮੀ ਤੌਰ 'ਤੇ ਸਵਾਗਤ ਕੀਤਾ।
ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ ਨੇ ਇਸ ਗ਼ਜ਼ਲ ਕਿਤਾਬ ਦੀਆਂ ਰੂਪਾਕਾਰਕ ਵਿਸ਼ੇਸ਼ਤਾਵਾਂ ਦੱਸਦਿਆਂ ਕਿਹਾ ਕਿ ਇਸ ਗ਼ਜ਼ਲ ਸੰਗ੍ਰਹਿ ਦੇ ਸਰੋਕਾਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਡੂੰਘੀ ਤਰ੍ਹਾਂ ਜੁੜੇ ਹੋਏ ਹਨ।ਉਨ੍ਹਾਂ ਗੁਰਭਜਨ ਗਿੱਲ ਦੀ ਰਚਨਾ ਤੇ ਸ਼ਖ਼ਸੀਅਤ ਨੂੰ ਇੱਕ ਕਾਵਿ ਚਿਤਰ ਰਾਹੀਂ ਪੇਸ਼ ਕੀਤਾ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸੰਪਾਦਕ ਪੰਜਾਬੀ ਤੇ ਪ੍ਰਬੁੱਧ ਵਿਦਵਾਨ ਡਾ.ਜਗਵਿੰਦਰ ਸਿੰਘ ਜੋਧਾ ਨੇ ਇਸ ਰਾਵੀ ਸੰਬੰਧੀ ਚਰਚਾ ਕਰਦਿਆਂ ਕਿਹਾ ਕਿ ਇਹ ਮਾਨਵੀ ਚੇਤਨਾ ਨੂੰ ਜਗਾਉਣ ਵਿਚ ਅਹਿਮ ਰੋਲ ਅਦਾ ਕਰਦੀ ਹੈ
ਉਨ੍ਹਾਂ ਕਿਹਾ ਕਿ ਗ਼ਜ਼ਲ, ਗੀਤ ਆਜ਼ਾਦ ਨਜ਼ਮ ਤੇ ਹੋਰ ਕਾਵਿ ਰੂਪ ਇੱਕੋ ਜੇਹੀ ਮਹਾਰਤ ਨਾਲ ਲਿਖਣ ਵਾਲੇ ਕਵੀ ਬਹੁਤ ਥੋੜੇ ਹਨ। ਗੁਰਭਜਨ ਗਿੱਲ ਨੇ ਸਭ ਕਾਵਿਰੂਪਾਂ ਨੂੰ ਆਪਣੀ ਸਮਰਥਾ ਵਿਖਾਈ ਹੈ।
ਜੀ ਜੀ ਐੱਨ ਖਾਲਸਾ ਕਾਲਿਜ ਪੋਸਟ ਗਰੈਜੂਏਟ ਵਿਭਾਗ ਦੇ ਅਧਿਆਪਕ ਡਾ.ਮੁਨੀਸ਼ ਕੁਮਾਰ ਨੇ ਕਿਹਾ ਕਿ ਇਹ ਪੁਸਤਕ ਪੰਜਾਬੀ ਭਾਈਚਾਰੇ ਦੀ ਸਾਂਝ ਦੇ ਨਾਲ-ਨਾਲ ਮੁਨੱਖ ਦੇ ਨਿੱਕੇ-ਨਿੱਕੇ ਅਹਿਸਾਸਾਂ ਨੂੰ ਬਾਖੂਬੀ ਚਿਤਰਨ ਦਾ ਆਹਰ ਕਰਦੀ ਹੈ।
ਪੁਸਤਕ ਦੇ ਲੇਖਕ .ਗੁਰਭਜਨ ਗਿੱਲ ਨੇ ਆਪਣੀ ਇਸ ਕਾਲਿਜ ਨਾਲ ਸਿਮਰਤੀਆਂ ਨੂੰ ਵਿਦਵਾਨਾਂ ਅਤੇ ਪਾਠਕਾਂ ਨਾਲ ਸਾਂਝਾ ਕਰਦਿਆ ਕਿਹਾ ਕਿ ਕਾਵਿਕਾਰੀ ਹਮੇਸ਼ਾ ਹੀ ਮੈਨੂੰ ਹੌਸਲਾ ਤੇ ਪ੍ਰੇਰਣਾ ਦੇਂਦੀ ਰਹੀ ਹੈ।
ਇਸ ਕਾਲਿਜ ਚ 1971 ਤੋਂ 1974 ਤੀਕ ਡਾ: ਐੱਸ ਪੀ ਸਿੰਘ ਤੇ ਵੱਡੇ ਵੀਰ ਪ੍ਰਿੰ: ਜਸਵੰਤ ਸਿੰਘ ਗਿੱਲ ਤੋਂ ਮਿਲੇ ਉਤਸ਼ਾਹ ਅਤੇ ਪ੍ਰਿੰ: ਸਰਦੂਲ ਸਿੰਘ ਜੀ ਦੀ ਆਸ਼ੀਰਵਾਦ ਸਦਕਾ ਹੀ ਮੈਂ ਲਗਾਤਾਰ ਲਿਖ ਸਕਿਆ ਹਾਂ। ਇਸ ਪੁਸਤਕ ਦਾ ਦੂਜਾ ਸੰਸਕਰਨ ਚੇਤਨਾ ਪ੍ਰਕਾਸ਼ਨ ਲੁਧਿਆਣਾ ਨੇ ਪ੍ਰਕਾਸ਼ਿਤ ਕੀਤਾ ਹੈ।
ਇਸ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ.ਸ.ਪ ਸਿੰਘ ਨੇ ਕਿਹਾ ਕਿ ਰਾਵੀ ਕਾਵਿ ਪੁਸਤਕ ਵਿਰਸੇ ਤੋਂ ਵਰਤਮਾਨ ਤੀਕ ਦਾ ਦਰਦਨਾਮਾ ਹੈ। ਉਨ੍ਹਾਂ ਕਿਹਾ ਕਿ ਕਾਵਿ ਪੁਸਤਕ ਦੂਜਾ ਸੰਸਕਰਨ ਛਪਣਾ ਆਪਣੇ ਆਪ ਵਿਚ ਇਸ ਗੱਲ ਦੀ ਗਵਾਹੀ ਹੈ ਕਿ ਪੰਜਾਬੀ ਪਾਠਕ ਪੁਸਤਕ ਸਭਿਆਚਾਰ ਨਾਲ ਨਿਰੰਤਰ ਜੁੜਿਆ ਹੋਇਆ ਹੈ।ਇਸ ਸਮਾਗਮ ਦੇ ਅੰਤ ਵਿਚ ਡਾ.ਗੁਰਪ੍ਰੀਤ ਸਿੰਘ ਨੇ ਉਚੇਚੇ ਤੌਰ ਤੇ ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।
ਇਸ ਸਮਾਗਮ ਵਿਚ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਸਲ ਦੇ ਮੈਂਬਰ ਸ.ਭਗਵੰਤ ਸਿੰਘ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ ।
ਕਾਲਿਜ ਪ੍ਰਸ਼ਾਸਨ ਵੱਲੋਂ ਗੁਰਭਜਨ ਗਿੱਲ ਤੇ ਉਨ੍ਹਾਂ ਦੀ ਜੀਵਨ ਸਾਥਣ ਸਰਦਾਰਨੀ ਜਸਵਿੰਦਰ ਕੌਰ ਗਿੱਲ ਨੂੰ ਸਨਮਾਨ ਚਿੰਨ੍ਹ ਤੇ ਫੁਲਕਾਰੀ ਪਹਿਨਾ ਕੇ ਸਨਮਾਨਿਤ ਕੀਤਾ। ਗੁਰਭਜਨ ਗਿੱਲ ਦਾ ਅੱਜ 66ਵਾਂ ਜਨਮ ਦਿਨ ਹੋਣ ਕਾਰਨ ਕਾਲਿਜ ਵੱਲੋਂ ਕੇਕ ਵੀ ਕੱਟਿਆ ਗਿਆ। ਉਨ੍ਹਾਂ ਦੀ ਪੋਤਰੀ ਅਸੀਸ ਕੌਰ ਗਿੱਲ ਨੇ ਸਭ ਤੋਂ ਪਹਿਲਾਂ ਦਾਦਾ ਜੀ ਦਾ ਮੂੰਹ ਮਿੱਠਾ ਕਰਵਾਇਆ ।
ਇਸ ਵਿਸ਼ੇਸ਼ ਮੌਕੇ 'ਤੇ ਪ੍ਰੋ.ਮਨਜੀਤ ਸਿੰਘ ਛਾਬੜਾ ਡਾਇਰੈਕਟਰ ਜੀ.ਜੀ.ਐਨ.ਆਈ.ਐਮ.ਟੀ, ਹਰਪਾਲ ਕਨੇਚਵੀ, ਸਹਿਜਪ੍ਰੀਤ ਸਿੰਘ ਮਾਂਗਟ ,ਰਵਿੰਦਰ ਦੀਵਾਨਾ, ਤ੍ਰੈਲੋਚਨ ਲੋਚੀ, ਸ.ਪੁਨੀਤਪਾਲ ਸਿੰਘ ਗਿੱਲ ਏ ਪੀ ਆਰ ਓ ਲੁਧਿਆਣਾ , ਇਸ ਪੁਸਤਕ ਦੀ ਸੰਪਾਦਕ ਪ੍ਰੋ: ਰਵਨੀਤ ਕੌਰ ਗਿੱਲ ,ਪ੍ਰੋ.ਅਨੁਰਾਗ ਸਿੰਘ, ਹਰਪ੍ਰੀਤ ਸਿੰਘ ਸੰਧੂ ਐਡਵੋਕੇਟ,ਸਤੀਸ਼ ਗੁਲਾਟੀ, ਸਵਰਨਜੀਤ ਸਵੀ, ਡਾ: ਅਨਿਲ ਸ਼ਰਮਾ ਪੀ ਏਯੂ,ਤੇਜ ਪ੍ਰਤਾਪ ਸਿੰਘ ਸੰਧੂ, ਕਰਨਬੀਰ ਸਿੰਘ ਸਿੱਧੂ, ਜਗਦੀਸ਼ ਸਿੰਘ ਗਰੇਵਾਲ ਸਰਪੰਚ ਪਿੰਡ ਦਾਦ, ਪ੍ਰਭਦੀਪ ਸਿੰਘ ਨੱਥੋਵਾਲ ਡੀ ਪੀ ਆਰ ਓ ਲੁਧਿਆਣਾ, ਪਰਮਜੀਤ ਸਿੰਘ ਧਾਲੀਵਾਲ ਕਾਰਜਕਾਰੀ ਚੀਫ ਇੰਜਨੀਅਰ (ਰੀਟ:) ਸੰਗੀਤਾ ਭੰਡਾਰੀ,ਜਤਿੰਦਰ ਕੌਰ ਗਿੱਲ ਸੰਧੂ , ਰਾਮ ਸਿੰਘ ਅਲਬੇਲਾ, ਅਮਰਜੀਤ ਸ਼ੇਰਪੁਰੀ,ਡਾ: ਤੇਜਿੰਦਰ ਕੌਰ, ਪ੍ਰੋ: ਸ਼ਰਨਜੀਤ ਕੌਰ ਲੋਚੀ,
ਰਾਜਦੀਪ ਤੂਰ, ਹਰਬੰਸ ਮਾਲਵਾ, ਸਰਬਜੀਤ ਸਿੰਘ ਵਿਰਦੀ, ਸੁਮਿਤ ਗੁਲਾਟੀ ਆਦਿ ਨਾਮਵਰ ਸ਼ਖ਼ਸੀਅਤਾਂ ਹਾਜ਼ਿਰ ਸਨ। ਇਸ ਮੌਕੇ ਤ੍ਰੈਲੋਚਨ ਲੋਚੀ ਤੇ ਫਤਹਿਗੜ੍ਹ ਸਾਹਿਬ ਤੋਂ ਆਏ ਕਵੀ ਤੇ ਗਾਇਕ ਰਾਮ ਸਿੰਘ ਅਲਬੇਲਾ ਨੇ ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਨੂ ਗਾ ਕੇ ਸੁਣਾਇਆ।
ਸੀਨੀਅਰ ਐਡਵੋਕੇਟ ਸ: ਹਰਪ੍ਰੀਤ ਸਿਘ ਸੰਧੂ ਨੇ ਕਿਹਾ ਕਿ ਉਹ ਇਸ ਪੁਸਤਕ ਰਾਵੀ ਦੀਆਂ 100 ਕਾਪੀ ਖਰੀਦ ਕੇ ਦੇਸ਼ ਬਦੇਸ਼ ਦੇ ਪੰਜਾਬੀ ਪਿਆਰਿਆਂ ਨੂੰ ਤੇਹਫੇ ਵਜੋਂ ਦੇਣਗੇ।