‘ਪੰਚਬਟੀ ਸੰਦੇਸ਼’ ਜਰਨਲ ਦਾ ਭਾਈ ਵੀਰ ਸਿੰਘ ਵਿਸ਼ੇਸ਼ ਅੰਕ ਹੋਇਆ ਰਿਲੀਜ਼
ਪਟਿਆਲਾ, 9 ਜੂਨ 2023 - ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ ਵਲੋਂ ਪ੍ਰਕਾਸ਼ਿਤ ‘ਪੰਚਬਟੀ ਸੰਦੇਸ਼’ ਜਰਨਲ ਦਾ ‘ਭਾਈ ਵੀਰ ਸਿੰਘ’ ਵਿਸ਼ੇਸ਼ ਅੰਕ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਵਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਬੋਲਦਿਆਂ ਉਹਨਾਂ ਦਸਿਆ ਕਿ ਯੂਨੀਵਰਸਿਟੀ ਦੇ ਦੇਹਰਾਦੂਨ ਕੇਂਦਰ ਵਲੋਂ ਹਰ ਛੇ ਮਹੀਨੇ ਬਾਅਦ ਇਹ ਜਰਨਲ ਕਢਿਆ ਜਾਂਦਾ ਹੈ ਜਿਸ ਵਿਚ ਪੰਜਾਬ, ਪੰਜਾਬੀ, ਸਿੱਖ ਵਿਰਾਸਤ ਅਤੇ ਧਰਮ ਅਧਿਐਨ ਦੇ ਵਿਭਿੰਨ ਪਹਿਲੂਆਂ ਸੰਬੰਧੀ ਮਹੱਤਵਪੂਰਨ ਖੋਜ ਪੱਤਰ ਸ਼ਾਮਿਲ ਹੁੰਦੇ ਹਨ।
ਇਹ ਜਰਨਲ ਭਾਈ ਵੀਰ ਸਿੰਘ ਸੰਬੰਧੀ ਵਿਸ਼ੇਸ਼ ਤੌਰ ਤੇ ਪ੍ਰਕਾਸ਼ਿਤ ਕੀਤਾ ਗਿਆ ਅਤੇ ਇਸ ਵਿਚ ਉਹਨਾਂ ਦੁਆਰਾ ਰਚਿਤ ਅਪ੍ਰਕਾਸ਼ਿਤ ਲੇਖਾਂ ਤੋਂ ਇਲਾਵਾ ਉਹਨਾਂ ਦੇ ਕਰੀਬੀਆਂ ਦੁਆਰਾ ਲਿਖੇ ਲੇਖ ਵੀ ਸ਼ਾਮਲ ਕੀਤੇ ਗਏ ਹਨ। ਇਸ ਮੌਕੇ ਡਾ. ਪਰਮਵੀਰ ਸਿੰਘ ਨੇ ਦਸਿਆ ਕਿ ਇਸ ਅੰਕ ਦੇ ਜ਼ਿਆਦਾਤਾਰ ਲੇਖ ਪਹਿਲੀ ਵਾਰ ਛਪੇ ਹਨ, ਜਿਨ੍ਹਾਂ ਵਿਚ ਪ੍ਰੋ. ਪੂਰਨ ਸਿੰਘ ਦੇ ਪੁਤਰ ਮਦਨ ਮੋਹਨ ਸਿੰਘ ਅਤੇ ਰਮਿੰਦਰ ਸਿੰਘ ਦੇ ਲੇਖ ਬਹੁਤ ਮੁਲਵਾਨ ਹਨ। ਇਸ ਅੰਕ ਵਿਚ ਭਾਈ ਵੀਰ ਸਿੰਘ ਦਾ ਇਕ ਨਾਟਕ ‘ਗੁਰੂ ਜਸ ਦਰਸ਼ਨ’ ਵੀ ਸ਼ਾਮਲ ਹੈ ਜਿਸ ਵਿਚ ਗੁਰਮਤਿ ਸਿਧਾਂਤਾਂ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਦੇਹਰਾਦੂਨ ਸਥਿਤ ਡਾ. ਬਲਬੀਰ ਸਿੰਘ ਸਾਹਿਤ ਕੇਂਦਰ ਵਲੋਂ ਇਹ ਜਰਨਲ 1978 ਤੋਂ ਲਗਾਤਾਰ ਪ੍ਰਕਾਸ਼ਿਤ ਹੋ ਰਿਹਾ ਹੈ। ਇਸ ਜਰਨਲ ਦਾ ਉਦੇਸ਼ ਭਾਈ ਵੀਰ ਸਿੰਘ, ਪ੍ਰੋ. ਪੂਰਨ ਸਿੰਘ ਅਤੇ ਡਾ. ਬਲਬੀਰ ਸਿੰਘ ਦੁਆਰਾ ਰਚਿਤ ਸਾਹਿਤ ਨੂੰ ਸਾਹਮਣੇ ਲਿਆਉਣਾ ਵੀ ਹੈ ਜਿਨ੍ਹਾਂ ਨੇ ਕੇਂਦਰ ਦੀ ਸਥਾਪਨਾ ਵਿਚ ਮਹਤਵਪੂਰਨ ਯੋਗਦਾਨ ਪਾਇਆ ਹੈ।
ਕੇਂਦਰ ਵਲੋਂ ਪਿਛਲੇ ਸਮੇਂ ਦੌਰਾਨ ਪੰਚਬਟੀ ਸੰਦੇਸ਼ ਦੇ ਮਹੱਤਵਪੂਰਨ ਅੰਕ ਪਾਠਕਾਂ ਸਾਹਮਣੇ ਪੇਸ਼ ਕੀਤੇ ਗਏ ਹਨ ਅਤੇ ਮੌਜ਼ੂਦਾ ਅੰਕ ਵਿਚ ਵੀ ਭਾਈ ਵੀਰ ਸਿੰਘ ਜੀ ਸੰਬੰਧੀ ਵਿਸ਼ੇਸ਼ ਜਾਣਕਾਰੀ ਮੁਹੱਈਆ ਕਰਵਾਉਣ ਦਾ ਯਤਨ ਕੀਤਾ ਗਿਆ ਹੈ। ਇਸ ਜਰਨਲ ਨੂੰ ਰਿਲੀਜ਼ ਕਰਨ ਮੌਕੇ ਡੀਨ ਸੋਸ਼ਲ ਸਾਇੰਸਜ਼ ਡਾ. ਹਰਵਿੰਦਰ ਕੌਰ, ਡਾ. ਹਰਜੋਧ ਸਿੰਘ, ਡਾ. ਕੁਲਵਿੰਦਰ ਸਿੰਘ ਦੇਹਰਾਦੂਨ, ਪ੍ਰੋ. ਗੁਰਚਰਨ ਸਿੰਘ ਆਦਿ ਹਾਜ਼ਰ ਸਨ।