ਸੰਗਰੂਰ, 8 ਮਈ, 2017 : ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਸਹਿਯੋਗ ਨਾਲ ਭਾਰਤ ਵਿੱਚ ਖੇਤਰੀ ਸੱਭਿਆਚਾਰਾਂ, ਭਾਸ਼ਾਵਾਂ ਅਤੇ ਮਹਾਤਮੀ ਮਾਨਤਾਵਾਂ ਦੀ ਸਥਿਤੀ ਉਤੇ ਵਿਚਾਰ ਚਰਚਾ ਕਰਵਾਈ ਗਈ। ਇਸ ਸਮਾਗਮ ਦੇ ਮੁੱਖ ਮਹਿਮਾਨ ਜੰਮੂ ਕਸ਼ਮੀਰ ਤੋਂ ਆਏ ਡਾ. ਪੋਪਿੰਦਰ ਸਿੰਘ ਪਾਰਸ ਡਾਇਰੈਕਟਰ ਜੰਮੂ-ਕਸ਼ਮੀਰ ਭਾਸ਼ਾ ਅਕੈਡਮੀ ਅਤੇ ਸੰਪਾਦਕ ਸ਼ੀਰਾਜ਼ਾ ਸਨ। ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਡਾ. ਤੇਜਵੰਤ ਮਾਨ ਪ੍ਰਧਾਨ ਕੇ਼ਦਰੀ ਪੰਜਾਬੀ ਲੇਖਕ ਸਭਾ (ਸੇਖੋਂ), ਡਾ. ਭਗਵੰਤ ਸਿੰਘ ਪ੍ਰਧਾਨ ਪੰਜਾਬੀ ਸਾਹਿਤ ਸਭਾ ਸੰਗਰੂਰ, ਜਗਮੇਲ ਸਿੱਧੂ (ਡੈਨਮਾਰਕ), ਅੰਮ੍ਰਿਤਪਾਲ ਸਿੰਘ ਅਜੀਜ਼, ਸ. ਗੁਰਨਾਮ ਸਿੰਘ ਸ਼ਾਮਲ ਹੋਏ । ਸਮਾਗਮ ਦੇ ਆਰੰਭ ਵਿੱਚ ਡਾ. ਭਗਵੰਤ ਸਿੰਘ ਸੰਪਾਦਕ ਜਾਗੋ ਇੰਟਰਨੈਸ਼ਨਲ ਦੁਆਰਾ ਜੰਮੂ-ਕਸ਼ਮੀਰ ਵਿੱਚ ਪੰਜਾਬੀ ਭਾਸ਼ਾ ਦੀ ਸਥਿਤੀ ਅਤੇ ਡਾ. ਪੋਪਿੰਦਰ ਸਿੰਘ ਪਾਰਸ ਦੁਆਰਾ ਜੰਮੂ-ਕਸ਼ਮੀਰ ਅਕੈਡਮੀ ਆਫ ਆਰਟ, ਕਲਚਰ ਐਂਡ ਲੈਂਗੁਏਜਿਜ਼ ਵਿੱਚ ਪੰਜਾਬੀ ਭਾਸ਼ਾ ਦੀ ਉਨਤੀ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ। ਉਪਰੰਤ ਡਾ. ਪੋਪਿੰਦਰ ਸਿੰਘ ਪਾਰਸ ਨੇ ਸਾਹਿਤਕਾਰਾਂ ਦੇ ਰੂ-ਬ-ਰੂ ਹੁੰਦਿਆਂ ਜੰਮੂ-ਕਸ਼ਮੀਰ ਵੱਚ ਖੇਤਰੀ ਭਾਸ਼ਾਵਾਂ, ਉਪ-ਭਾਸ਼ਾਵਾਂ, ਡੋਗਰੀ, ਗੋਜਰੀ, ਪਹਾੜੀ, ਪੰਜਾਬੀ, ਕਸ਼ਮੀਰੀ, ਬਾਰੇ ਆਪਣੇ ਵਿਚਾਰ ਰੱਖੇ। ਉਨ੍ਹਾਂ ਨੇ ਕਿਹਾ ਕਿ ਜੰਮੂ ਕਸ਼ਮੀਰ ਦੀ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਦੀ ਉਨਤੀ ਲਈ ਯੋਗ ਯਤਨ ਕੀਤੇ ਜਾ ਰਹੇ ਹਨ। ਸਥਿਤੀ ਨੂੰ ਸਪਸ਼ਟ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੰਜਾਬੀ ਲਈ ਅਕਾਦਮੀ ਨੂੰ ਇੱਕੀ ਲੱਖ ਰੁਪਏ ਦਾ ਬਜਟ ਬੇਸ਼ਕ ਬਹੁਤ ਘੱਟ ਹੈ, ਪਰ ਅਕਾਡਮੀ ਦੇ ਸੇਵਾਦਾਰ ਹੋਣ ਦੇ ਨਾਤੇ ਅਸੀਂ 'ਸ਼ੀਰਾਜ਼ਾ' ਦੋ ਮਾਸਿਕ ਪੱਤਰ ਰਾਹੀਂ ਪੰਜਾਬੀ ਭਾਸ਼ਾ ਦੀ ਉਨਤੀ ਲਈ ਯਥਾਯੋਗ ਕੰਮ ਕਰ ਰਹੇ ਹਾਂ। ਭਾਵੈਂ ਜੰਮੂ-ਕਸ਼ਮੀਰ ਪੰਜਾਬੀ ਸਾਹਿਤਕਾਰ ਵੱਡੀ ਗਿਣਤੀ ਵਿੱਚ ਲਿਖ ਰਹੇ ਹਨ, ਪਰ ਅਕਾਡਮੀ ਨੂੰ ਪੰਜਾਬ ਦੇ ਸਾਹਿਤਕਾਰਾਂ ਦੇ ਸਹਿਯੋਗ ਦੀ ਅਤਿਅੰਤ ਲੋੜ ਹੈ। ਇਸ ਮੌਕੇ ਉਤੇ ਡਾ. ਤੇਜਵੰਤ ਮਾਨ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਭਾਰਤ ਵਿੱਚ ਮਜਬੂਤ ਕੇਂਦਰ ਦੀਆਂ ਹਮਾਇਤੀ ਰਾਜਸੀ ਸ਼ਕਤੀਆਂ ਆਪਣੀ ਰਾਜਸੀ ਸ਼ਕਤੀ ਨੂੰ ਟਿਕਾਊ ਅਤੇ ਮਜਬੂਤ ਕਰਨ ਲਈ ਭਾਰਤ ਦੇ ਸੁੱਚੇ ਸੰਘੀ ਢਾਂਡੇ ਨੂੰ ਖਤਮ ਕਰਨ ਲਈ ਬੜੇ ਯੋਜਨਾਬੱਧ ਤਰੀਕੇ ਨਾਲ ਲੱਗੀਆਂ ਹੋਈਆਂ ਹਨ। ਉਹ ਖੇਤਰੀ ਭਾਸ਼ਾਵਾਂ, ਸੱਭਿਆਚਾਰਾਂ, ਇਤਿਹਾਸਕ ਅਤੇ ਸਮਾਜਿਕ ਪਹਿਚਾਣਾਂ ਨੂੰ ਇੱਕ ਭਾਸ਼ਾ, ਇੱਕ ਸੱਭਿਆਚਾਰ, ਇੱਕ ਪਹਿਚਾਣ ਵਿਚ ਤਬਦੀਲ ਕਰਕੇ ਦੇਸ਼ ਭਗਤੀ ਦੇ ਨਾ ਉਤੇ ਹਿੰਦੂਤਵ ਦੇ ਜ਼ੂਲੇ ਹੇਠ ਲਿਆਉਣਾ ਚਾਹੁੰਦੀਆਂ ਹਨ। ਅੱਜ ਲੇਖਕਾਂ, ਬੁੱਧੀਜੀਵੀਆਂ, ਸਮਾਜ ਸ਼ਾਸਤਰੀਆਂ ਲਈ ਜਰੂਰੀ ਹੋ ਗਿਆ ਹੈ ਕਿ ਖੇਤਰੀ ਸਭਿਆਚਾਰਾਂ, ਭਾਸ਼ਾਵਾਂ ਦੀ ਪਹਿਚਾਣ ਨੂੰ ਬਚਾਉਣ ਲਈ ਯਤਨ ਕੀਤੇ ਜਾਣ।
ਇਸ ਸੈਮੀਨਾਰ ਵਿੱਚ ਅਮਰ ਗਰਗ ਕਲਮਦਾਨ, ਭਰਗਾਨੰਦ, ਅਮਰੀਕ ਗਾਗਾ, ਡਾ. ਇਕਬਾਲ ਸਿੰਘ, ਡਾ. ਰਾਜ ਕੁਮਾਰ ਗਰਗ, ਜਸਮੇਲ ਸਿੱਧੂ ਅਤੇ ਏ.ਪੀ. ਸਿੰਘ ਨੇ ਵੀ ਆਪਣੇ ਵਿਚਾਰ ਰੱਖੇ । ਪੰਜਾਬੀ ਸਾਹਿਤ ਸਭਾ ਵੱਲੋਂ ਡਾ. ਪੋਪਿੰਦਰ ਸਿੰਘ ਪਾਰਸ ਦਾ ਸਨਮਾਨ ਕੀਤਾ ਗਿਆ। ਉਪਰੰਤ ਹੋਏ ਵਿਸ਼ਾਲ ਕਵੀ ਦਰਬਾਰ ਵਿਚ ਸਰਵ ਸ਼੍ਰੀ ਕੁਲਵੰਤ ਕਸਕ, ਮਿੱਠਾ ਸਿੰਘ, ਬਲਜਿੰਦਰ ਈਲਵਾਲ, ਅਮਰੀਕ ਗਾਗਾ, ਜਗਮੇਲ ਸਿੱਧੂ, ਦੇਸ਼ ਭੂਸ਼ਨ, ਦਲਵੀਰ ਸਿੰਘ, ਬਚਨ ਸਿੰਘ ਗੁਰਮ, ਅੰਮਿਤਪਾਲ ਸਿੰਘ, ਗੁਰਬਚਨ ਝਨੇੜੀ, ਰਾਜ ਕੁਮਾਰ ਗਰਗ, ਆਦਿ ਸ਼ਾਇਰਾਂ ਨੇ ਆਪਦੀਆਂ ਕਵਿਤਾਵਾਂ ਸੁਣਾਈਆਂ। ਸ. ਜਗਦੀਪ ਸਿੰਘ ਗੰਧਾਰਾ ਨੇ ਸਾਰੇ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਸਟੇਜ ਦੀ ਕਾਰਵਾਈ ਸ. ਗੁਰਨਾਮ ਸਿੰਘ ਜਨਰਲ ਸਕੱਤਰ ਪੰਜਾਬੀ ਸਾਹਿਤ ਸਭਾ ਨੇ ਬਾਖੂਬੀ ਨਿਭਾਈ ।