ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਇਕ ਸ਼ਾਨਦਾਰ 'ਕਹਾਣੀ ਦਰਬਾਰ' ਕਰਵਾਇਆ
ਤਰਨ ਤਾਰਨ, ਜੂਨ 18, 2022: ਸਕੱਤਰ, ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਸ੍ਰੀਮਤੀ ਜਸਪ੍ਰੀਤ ਤਲਵਾੜ ਅਤੇ ਸੰਯੁਕਤ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਸ੍ਰੀਮਤੀ ਵੀਰਪਾਲ ਕੌਰ ਜੀ ਦੇ ਨਿਰਦੇਸ਼ਾਂ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ, ਤਰਨ ਤਾਰਨ ਡਾ. ਜਗਦੀਪ ਸਿੰਘ ਸੰਧੂ ਦੀ ਅਗਵਾਈ ਵਿੱਚ ਸਾਹਿਤ ਵਿਚਾਰ ਮੰਚ, ਤਰਨ ਤਾਰਨ ਦੇ ਸਹਿਯੋਗ ਨਾਲ ਜ਼ਿਲ੍ਹਾ ਭਾਸ਼ਾ ਦਫ਼ਤਰ, ਤਰਨ ਤਾਰਨ ਵੱਲੋਂ ਇਕ ਸ਼ਾਨਦਾਰ 'ਕਹਾਣੀ ਦਰਬਾਰ' ਕਰਵਾਇਆ ਗਿਆ|
ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਦੀ ਧੁਨੀ 'ਧਨੁ ਲਿਖਾਰੀ ਨਾਨਕਾ' ਨਾਲ ਹੋਈ | ਆਏ ਹੋਏ ਸਰੋਤਿਆਂ ਨੂੰ 'ਜੀ ਆਇਆਂ' ਆਖਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸੰਧੂ ਨੇ ਕਿਹਾ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ ਭਾਸ਼ਾ ਵਿਭਾਗ ਦਾ ਇਹ ਦੂਜਾ ਸਾਹਿਤਕ ਸਮਾਗਮ ਹੈ ਅਤੇ ਇਹਨਾਂ ਸਮਾਗਮਾਂ ਨੂੰ ਸਫ਼ਲਤਾ-ਪੂਰਵਕ ਨੇਪਰੇ ਚਾੜਨ ਵਿੱਚ ਜ਼ਿਲ੍ਹੇ ਦੇ ਸਾਹਿਤਕਾਰ, ਸਾਹਿਤ ਸਭਾਵਾਂ, ਅਧਿਕਾਰੀਆਂ ਅਤੇ ਵਿੱਦਿਅਕ ਸੰਸਥਾਵਾਂ ਵੱਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ|
ਉਹਨਾਂ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਜੋਗਿੰਦਰ ਕੈਰੋਂ ਦੇ ਨਾਵਲ 'ਨਾਦ ਬਿੰਦ' ਦੇ ਹਵਾਲੇ ਨਾਲ ਗੱਲ ਕਰਦਿਆਂ ਡਾ. ਕੈਰੋਂ ਦੇ ਸਾਹਿਤਕ ਜਗਤ ਬਾਰੇ ਵਿਸਥਾਰ-ਸਾਹਿਤ ਜਾਣਕਾਰੀ ਦਿੱਤੀ| ਉਹਨਾਂ ਕਿਹਾ ਕਿ ਭਾਸ਼ਾ ਵਿਭਾਗ ਵੱਲੋਂ ਕਹਾਣੀ ਦਰਬਾਰ ਕਰਵਾਉਣਾ ਇੱਕ ਸਾਰਥਿਕ ਉਪਰਾਲਾ ਹੈ ਕਿਉਂਕਿ ਕਹਾਣੀ ਹੀ ਸਾਹਿਤ ਦੀ ਇੱਕ ਅਜਿਹੀ ਵਿਧਾ ਹੈ ਜੋ ਲੋਕਾਈ ਦੇ ਸਭ ਤੋਂ ਜਿਆਦਾ ਨੇੜੇ ਹੈ| ਇਸ ਕਹਾਣੀ ਦਰਬਾਰ ਵਿੱਚ ਪੰਜਾਬੀ ਦੇ ਸਮਰੱਥ ਕਹਾਣੀਕਾਰ ਦੀਪ ਦਵਿੰਦਰ, ਸਿਮਰਨ ਧਾਲੀਵਾਲ ਅਤੇ ਜਸਵਿੰਦਰ ਮਾਨੋਚਾਹਲ ਨੇ ਆਪਣੀਆਂ ਕਹਾਣੀਆਂ ਦਾ ਦਿਲਚਪਸ ਅੰਦਾਜ਼ ਵਿੱਚ ਪਾਠ ਕੀਤਾ|ਜਸਵਿੰਦਰ ਸਿੰਘ ਮਾਨੋਚਾਹਲ ਦੀ ਕਹਾਣੀ 'ਤੂੰ ਘਰੇ ਰਹੀਂ ਭਾਪਾ' ਜ਼ਰੀਏ ਜੰਗ ਵਿਚ ਆਪਣੀਆਂ ਲੱਤਾਂ ਗੁਆ ਚੁੱਕੇ ਇਕ ਫੌਜੀ ਦੀ ਬੇਵਸੀ ਦੀ ਬਾਤ ਪਾਈ ਗਈ ਹੈ।ਕਹਾਣੀ ਦੱਸਦੀ ਹੈ ਕਿ ਕਿਵੇਂ ਇਸ ਬੇਵਸ ਬਾਪ ਲਈ ਪੁੱਤ ਦੀ ਜੰਞੇ ਜਾਣਾ ਵੀ ਹਸਰਤ ਬਣ ਕੇ ਰਹਿ ਜਾਂਦਾ ਹੈ।
ਕਹਾਣੀਕਾਰ ਦੀਪ ਦਵਿੰਦਰ ਦੀ ਕਹਾਣੀ 'ਰੁੱਤ ਫਿਰੀ ਵਣ ਕੰਬਿਆ' ਜ਼ਰੀਏ ਸੰਤਾਲੀ ਦੀ ਵੰਡ ਦੇ ਦੁਖਾਂਤ ਜ਼ਰੀਏ ਦੱਸਿਆ ਗਿਆ ਹੈ ਕਿ ਮਾਂ ਦੀ ਬੇਵਸੀ ਬੱਚਿਆਂ ਦੀ ਮਾਨਸਿਕਤਾ ਉਪਰ ਕਿਸ ਕਦਰ ਮਾਰੂ ਪ੍ਰਭਾਵ ਪਾਉਂਦੀ ਹੈ।ਆਪਣਾ ਜਿਸਮ ਤੱਕ ਦਾਅ ਤੇ ਲਗਾ ਚੁੱਕੀ ਮਾਂ ਦੇ ਬੱਚੇ ਦਾ ਵੀ ਸਕੂਨ ਡਾਵਾਂਡੋਲ ਹੋ ਜਾਂਦਾ ਹੈ। ਸਿਮਰਨ ਧਾਲੀਵਾਲ ਦੀ ਕਹਾਣੀ 'ਖ਼ੁਸ਼ਬੂ' ਵਿਚ ਬਣਾਉਟੀ ਜੀਵਨ ਜਿਉੰ ਰਹੇ ਸ਼ਖ਼ਸ ਦੀ ਮਾਨਸਿਕ ਟੁੱਟ-ਭੱਜ ਦੀ ਬਾਤ ਪਾਈ ਗਈ ਹੈ। ਕਹਾਣੀ ਵਿਚ ਹੋਂਦ ਅਤੇ ਸ਼ਨਾਖ਼ਤ ਦਾ ਮਸਲਾ ਵੀ ਝਲਕਦਾ ਹੈ। ਵਿਰਾਸਤੀ ਕਿੱਤੇ ਨਾਲੋਂ ਟੁੱਟਣ ਦਾ ਦੁੱਖ ਪੁਰਖਿਆਂ ਲਈ ਅਸਹਿ ਹੈ। ਅਜੋਕੀ ਪੜ੍ਹੀ ਲਿਖੀ ਪੀੜ੍ਹੀ ਦੁਆਰਾ ਅਚੇਤ ਰੂਪ ਵਿਚ ਮਾਪਿਆਂ ਦੀਆਂ ਸੱਧਰਾਂ ਮਧੋਲਣ ਦਾ ਜ਼ਿਕਰ ਕਹਾਣੀ ਬਾਖ਼ੂਬੀ ਕਰਦੀ ਹੈ। ਇਸ ਤੋਂ ਬਾਅਦ ਇਹਨਾਂ ਕਹਾਣੀਆਂ ਉੱਤੇ ਗੰਭੀਰ ਵਿਚਾਰ-ਚਰਚਾ ਕਰਦਿਆਂ ਰੀਸਰਚ ਸਕਾਲਰ ਬਲਜਿੰਦਰ ਕੌਰ ਨੇ ਤਿੰਨਾਂ ਕਹਾਣੀਆਂ ਨੂੰ ਸਮਾਜ ਦੇ ਵੱਖ-ਵੱਖ ਵਰਤਾਰਿਆਂ ਦੇ ਚਾਨਣਾ ਪਾਉਂਦੀਆਂ ਗੰਭੀਰ ਮੰਥਨ ਵਾਲੀਆਂ ਕਿਹਾ|
ਇਸੇ ਵਿਚਾਰ-ਚਰਚਾ ਨੂੰ ਅੱਗੇ ਤੋਰਦਿਆਂ ਉੱਘੇ ਸ਼ਾਇਰ ਸ. ਨਸੀਮ ਅਤੇ ਸੁਮੇਲ ਮਾਛੀਵਾੜਾ ਨੇ ਕਿਹਾ ਕਿ ਇਹ ਕਹਾਣੀਆਂ ਸੰਚਾਰ ਅਤੇ ਸ਼ਿਲਪ ਦੇ ਪੱਖੋਂ ਪ੍ਰਭਾਵਸ਼ਾਲੀ ਰਹੀਆਂ| ਇਸ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਉਘੇ ਲੋਕਧਾਰਾ ਸ਼ਾਸ਼ਤਰੀ ਅਤੇ ਵੱਡੇ ਸਾਹਿਤਕਾਰ ਡਾ. ਜੋਗਿੰਦਰ ਸਿੰਘ ਕੈਰੋਂ ਨੇ ਕਹਾਣੀ ਦੇ ਕਾਵਿ-ਸ਼ਾਸ਼ਤਰ ਨੂੰ ਜੀਵਨ ਨਾਲ ਜੋੜਕੇ ਕਹਾਣੀ ਦੇ ਵੱਖ-ਵੱਖ ਤੱਤਾਂ ਬਾਰੇ ਵਿਸਥਾਰ ਸਹਿਤ ਗੱਲ ਕੀਤੀ| ਉਹਨਾਂ ਕਿਹਾ ਕਿ ਭਾਸ਼ਾ ਵਿਭਾਗ ਵੱਲੋਂ ਇਹ ਵੀ ਕੋਸ਼ਿਸ਼ ਕੀਤੀ ਜਾਣੀ ਬਣਦੀ ਹੈ ਕਿ ਨਵੇਂ ਕਹਾਣੀਕਾਰ ਜਿਨ੍ਹਾਂ ਦੀ ਅਜੇ ਕੋਈ ਰਚਨਾ ਪ੍ਰਕਾਸ਼ਿਤ ਨਹੀਂ ਹੋਈ, ਉਹਨਾਂ ਨੂੰ ਵੀ ਇਹਨਾਂ ਸਮਾਗਮਾਂ ਦਾ ਹਿੱਸਾ ਬਣਾਇਆ ਜਾਵੇ ਤਾਂ ਜੋ ਸਮਕਾਲ ਦੀ ਕਹਾਣੀ ਬਾਰੇ ਕੋਈ ਸਮਝ ਸਥਾਪਿਤ ਕੀਤੀ ਜਾ ਸਕੇ|
ਮੰਚ ਸੰਚਾਲਣ ਕਰਦਿਆਂ ਡਾ. ਰੁਪਿੰਦਰ ਕੌਰ ਨੇ ਢੁੱਕਵੇਂ ਅੰਦਾਜ਼ ਅਤੇ ਤਸ਼ਬੀਹਾਂ ਨਾਲ ਜਿੱਥੇ ਆਏ ਹੋਏ ਕਹਾਣੀਕਾਰਾਂ ਅਤੇ ਮਹਿਮਾਨਾਂ ਦੀ ਜਾਣ-ਪਹਿਚਾਣ ਕਰਵਾਈ ਉੱਥੇ ਸਮੇਂ-ਸਮੇਂ 'ਤੇ ਟਿੱਪਣੀਕਾਰ ਵਜੋਂ ਵੀ ਭੂਮਿਕਾ ਨਿਭਾਉਂਦਿਆਂ ਸਮਾਗਮ ਵਿੱਚ ਇਕਾਗਰਤਾ ਕਾਇਮ ਰੱਖੀ|
ਇਸ ਮੌਕੇ 'ਤੇ ਸਾਹਿਤ ਵਿਚਾਰ ਮੰਚ ਦੇ ਪ੍ਰਧਾਨ ਤਰਲੋਚਨ ਅਤੇ ਸਮੂਹ ਅਹੁਦੇਦਾਰ, ਸ. ਗੁਰਬਚਨ ਸਿੰਘ ਲਾਲੀ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ, ਤਰਨ ਤਾਰਨ , ਸ. ਦਲਜੀਤ ਸਿੰਘ ( ਖੋਜ ਅਫ਼ਸਰ ) ਨਵਦੀਪ ਸਿੰਘ (ਜੂਨੀਅਰ ਸਹਾਇਕ )ਬਲਜਿੰਦਰ ਮਾਂਗਟ, ਨਿਰੰਜਨ ਸੂਖਮ,ਪ੍ਰਧਾਨ ਕੁਲਬੀਰ ਸਿੰਘ ਢਿੱਲੋਂ, ਮੋਹਨ ਬੇਗੋਵਾਲ, ਡਾ. ਮਨਦੀਪ ਕੌਰ, ਵਜ਼ੀਰ ਸਿੰਘ ਰੰਧਾਵਾ ਤੋਂ ਇਲਾਵਾ ਵੱਖ-ਵੱਖ ਸਾਹਿਤ ਸਭਾਵਾਂ ਪੰਜਾਬੀ ਸਾਹਿਤ ਸੰਗਮ, ਪੰਜਾਬੀ ਸਾਹਿਤ ਸਭਾ ਮਾਛੀਵਾੜਾ (ਲੁਧਿਆਣਾ) ਪੰਜਾਬੀ ਸਾਹਿਤ ਸੰਗਮ (ਅੰਮ੍ਰਿਤਸਰ) ਦੇ ਅਹੁਦੇਦਾਰ ਸ਼ਾਮਲ ਸਨ| ਜ਼ਿਲ੍ਹਾ ਤਰਨ ਤਾਰਨ ਦੇ ਸਾਹਿਤ ਅਤੇ ਕਲਾ ਪ੍ਰੇਮੀਆਂ ਵਿੱਚ ਭਾਸ਼ਾ ਵਿਭਾਗ ਦੇ ਇਹਨਾਂ ਉਪਰਾਲਿਆਂ ਕਰਕੇ ਕਾਫ਼ੀ ਜਿਆਦਾ ਉਤਸ਼ਾਹ, ਖ਼ੁਸ਼ੀ ਅਤੇ ਉਮੀਦਾਂ ਹਨ|