ਜਥੇਦਾਰ ਅਕਾਲ ਤਖ਼ਤ ਸਮੇਤ ਉੱਘੀਆਂ ਸਿੱਖ ਹਸਤੀਆਂ ਨੇ ਗੁਰੂ ਸਾਹਿਬਾਨ ਦੇ ਸਮੁੱਚੇ ਸ਼ਸਤਰਾਂ ਸਬੰਧੀ ' ਤੁ ਹੀ ਨਿਸ਼ਾਨੀ ਜੀਤ ਕੀ' ਪੁਸਤਕ ਕੀਤੀ ਪੰਥ ਹਵਾਲੇ
ਡਾ. ਬਲਵਿੰਦਰ ਕੌਰ ਬਰਿਆਣਾ ਨੇ ਲਿਖੀ ਹੈ ਇਹ ਪੁਸਤਕ
ਅੰਮ੍ਰਿਤਸਰ,15 ਮਾਰਚ, 2023:
ਹੁਣ ਤੱਕ ਦੇ ਸਿੱਖ ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੋਵੇਗਾ ਕਿ ਸਿੱਖ ਗੁਰੂ ਸਾਹਿਬਾਨ ਦੇ ਸਮੁੱਚੇ ਸ਼ਸਤਰਾਂ ਸਬੰਧੀ ਡਾ. ਬਲਵਿੰਦਰ ਕੌਰ ਬਰਿਆਣਾ ਵੱਲੋਂ ਲਿਖੀ ਗਈ ਵਿਲੱਖਣ ਪੁਸਤਕ, ' ਤੁ ਹੀ ਨਿਸ਼ਾਨੀ ਜੀਤ ਕੀ' ਪੁਸਤਕ ਨੂੰ ਇੰਨੀਆਂ ਪੰਥਕ ਹਸਤੀਆਂ ਨੇ ਇਕੱਠਿਆਂ ਰਿਲੀਜ਼ ਕੀਤਾ ਹੋਵੇ.
ਪੁਸਤਕ ਦੀ ਘੁੰਡ ਚੁਕਾਈ ਕਰਨ ਵਾਲਿਆਂ ਵਿਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ, ਬੁੱਢਾ ਦਲ ਦੇ ਮੁਖੀ ਜਥੇਦਾਰ ਬਲਵੀਰ ਸਿੰਘ ਛਿਆਨਵੇਂ ਕਰੋੜੀ, ਤਰਨਾ ਦਲ ਦੇ ਮੁਖੀ ਜਥੇਦਾਰ ਨਿਹਾਲ ਸਿੰਘ ਹਰੀਆਂ ਵੇਲਾਂ, ਉੱਘੇ ਪੰਥਕ ਚਿੰਤਕ ਭਗਵਾਨ ਸਿੰਘ ਜੌਹਲ, ਸਿੱਖ ਪੰਥ ਦੇ ਮਹਾਨ ਕਵੀਸ਼ਰ ਜਥੇਦਾਰ ਤਰਸੇਮ ਸਿੰਘ ਮੋਰਾਂਵਾਲੀ ਸ਼ਾਮਲ ਸਨ।
ਇਹ ਪੁਸਤਕ ਇਨ੍ਹਾਂ ਹਸਤੀਆਂ ਵੱਲੋਂ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੀ ਦਰਬਾਰ ਸਾਹਿਬ ਵਿਖੇ ਜਥੇਦਾਰ ਅਕਾਲੀ ਫੁਲਾ ਸਿੰਘ ਦੀ 200 ਸਾਲਾਂ ਸ਼ਹੀਦੀ ਸ਼ਤਾਬਦੀ ਤੇ ਸਿੱਖ ਕੌਮ ਨੂੰ ਸਮਰਪਿਤ ਕੀਤੀ।
ਡਾ. ਬਰਿਆਣਾ ਨੇ ਇਸ ਤੋਂ ਪਹਿਲਾ ਸਿੱਖ ਕੌਮ ਦੇ ਮਹਾਨ ਕਵੀ ਪ੍ਰੋ. ਹਰਿੰਦਰ ਸਿੰਘ ਮਹਿਬੂਬ ਦੀ ' ਝਨਾਂ ਦੀ ਰਾਤ' ਅਤੇ ਅਮਰੀਕਾ ਦੇ ਮਹਾਨ ਕਵੀ ਵਾਲਟ ਵਿਟਮੈਨ ਦੀ ਕਿਤਾਬ 'ਲੀਵਜ ਆਫ਼ ਗਰਾਸ' ਤੇ ਤੁਲਨਾਤਮਿਕ ਅਧਿਐਨ 'ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੀ.ਐੱਚ.ਡੀ. ਦੀ ਡਿਗਰੀ ਹਾਸਿਲ ਕੀਤੀ ਹੋਈ ਹੈ।
ਡਾ. ਬਰਿਆਣਾ ਨੇ ਦੱਸਿਆ ਕਿ ਇਹ ਪੁਸਤਕ 10 ਸਾਲ ਦੀ ਨਿਰੰਤਰ ਮਿਹਨਤ ਅਤੇ ਖੋਜ ਦਾ ਸਿੱਟਾ ਹੈ। ਇਸ ਪੁਸਤਕ ਦਾ ਰੋਚਕ ਤੱਤ ਇਹ ਹੈ ਕਿ ਏਸ ਪੁਸਤਕ ਵਿੱਚ ਜਿੱਥੇ ਕਈ ਦੁਰਲੱਭ ਸ਼ਾਸਤਰਾਂ ਬਾਰੇ ਤਸਵੀਰਾਂ ਸਹਿਤ ਜਾਣਕਾਰੀ ਪੇਸ਼ ਕੀਤੀ ਗਈ ਹੈ, ਉੱਥੇ ਪਹਿਲੀ ਵਾਰ ਇਤਿਹਾਸਿਕ ਪੰਚ ਕਲਾ ਸ਼ਾਸਤਰ ਦੀ ਹੋਂਦ ਬਾਰੇ ਪੂਰਾ ਵੇਰਵਾ ਦਿੱਤਾ ਗਿਆ ਹੈ ਜੋ ਕਿ ਅੱਜ ਵੀ ਬੜੋਦਾ ਦੇ ਰਾਜਾ ਗਾਇਕਵਾੜ ਮਿਊਜ਼ੀਅਮ ਵਿੱਚ ਅਣਗੌਲਿਆ ਪਿਆ ਹੈ। ਪੁਸਤਕ ਦਾ ਮੁੱਖ ਆਕਰਸ਼ਨ ਸ਼ਸਤਰਾਂ ਦੇ ਪਰਸ਼ੀਅਨ/ਫ਼ਾਰਸੀ ਨਾਵਾਂ ਬਾਰੇ ਦੀਰਘ ਜਾਣਕਾਰੀ ਹੈ ਅਤੇ ਸਰਬਲੋਹ ਗ੍ਰੰਥ ਵਿੱਚ ਜ਼ਿਕਰ ਆਏ ਤਮਾਮ ਸ਼ਸਤਰਾਂ ਬਾਰੇ ਦਿੱਤੀ ਤਫ਼ਸੀਲ ਬਹੁਤ ਰੋਚਿਕ ਢੰਗ ਨਾਲ ਵਿਸਥਾਰ ਸਹਿਤ ਪੇਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਕੁਝ ਉਨ੍ਹਾਂ ਸ਼ਸਤਰਾਂ ਦੀ ਜਾਣਕਾਰੀ ਇਸ ਪੁਸਤਕ ਵਿੱਚ ਨਹੀਂ ਦਿੱਤੀ ਜਾ ਸਕੀ ਕਿਉਂਕਿ ਉਹ ਸ਼ਸਤਰ ਮਹਾਰਾਜਾ ਪਟਿਆਲਾ ਦੇ ਘਰ ਵਿੱਚ ਮੌਜੂਦ ਹਨ ਜਿਨ੍ਹਾਂ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਜਾਣਕਾਰੀ ਅਤੇ ਫ਼ੋਟੋਗਰਾਫੀ ਲਈ ਨਾਂਹ ਕਰ ਦਿੱਤੀ ਸੀ।
ਡਾ. ਬਲਵਿੰਦਰ ਕੌਰ ਬਰਿਆਣਾ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਸ਼ਸਤਰਾਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਸੁਸ਼ੋਭਿਤ ਕੀਤਾ ਜਾਵੇ ਤਾਂ ਜੋ ਸਮੁੱਚਾ ਪੰਥ ਇਹਨਾਂ ਸ਼ਸਤਰਾਂ ਦੇ ਦਰਸ਼ਨ ਕਰ ਸਕੇ। ਡਾ. ਬਰਿਆਣਾ ਨੇ ਇੱਕ ਪੁਸਤਕ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਵੀ ਭੇਂਟ ਕੀਤੀ।