31ਵੀਂ ਵਿਸ਼ਵ ਪੰਜਾਬੀ ਕਾਨਫਰੰਸ ’ਚ ਡਾ. ਤਰਸਪਾਲ ਦੀ ਪੁਸਤਕ ਲੋਕ ਅਰਪਣ
ਕਮਲਜੀਤ ਸਿੰਘ ਸੰਧੂ
ਬਰਨਾਲਾ, 1 ਅਪ੍ਰੈਲ 2022- ਪਿਛਲੇ ਦਿਨੀਂ ਲਾਹੌਰ (ਪਾਕਿਸਤਾਨ) ਵਿਖੇ ਹੋਏ 31ਵੀਂ ਵਰਲਡ ਪੰਜਾਬੀ ਕਾਂਗਰਸ ਵਿਚ ਉੱਘੀ ਲੇਖਿਕਾ ਡਾ. ਤਰਸਪਾਲ ਕੌਰ ਦੀ ਕਾਵਿ ਪੁਸਤਕ ਸ਼ਾਹਰਗ ਨੂੰ ਸ਼ਾਹਮੁਖੀ ਲਿਪੀ ਵਿਚ ਉਚੇਚੇ ਤੌਰ ’ਤੇ ਲੋਕ ਅਰਪਣ ਕੀਤਾ ਗਿਆ। ਚੜਦੇ ਪੰਜਾਬ ਵੱਲੋਂ ਡਾ. ਦੀਪਕ ਮਨਮੋਹਨ ਸਿੰਘ ਦੀ ਅਗਵਾਈ ਵਿਚ ਅਤੇ ਲਹਿੰਦੇ ਪੰਜਾਬ ਵੱਲੋਂ ਜਨਾਬ ਫ਼ਖ਼ਰ ਜਮਾਨ ਹੋਰਾਂ ਵੱਲੋਂ ਇਸ ਪੁਸਤਕ ਦੀ ਮੁਖ ਵਿਖਾਲੀ ਕੀਤੀ ਗਈ। ਇਹ ਸਮੁੱਚੇ ਮਾਲਵੇ ਲਈ ਮਾਣ ਵਾਲੀ ਗੱਲ ਹੈ ਕਿ ਡਾ. ਤਰਸਪਾਲ ਕੌਰ ਦੀ ਕਾਵਿ ਪੁਸਤਕ ‘ਸ਼ਾਹਰਗ’ ਦਾ ਸ਼ਾਹਮੁਖੀ ਲਿਪੀ ਵਿਚ ਲਿਪੀਆਂਤਰ ਹੋਇਆ ਹੈ ਅਤੇ ਇਹ ਉਲੱਥਾ ਲਾਹੌਰ ਦੇ ਮੁਨੀਰ ਹੁਸ਼ਿਆਰਪੁਰੀਆ ਵੱਲੋਂ ਕੀਤਾ ਗਿਆ ਹੈ। ਐੱਸ. ਡੀ. ਕਾਲਜ ਵਿੱਦਿਅਕ ਸੰਸਥਾਵਾਂ ਬਰਨਾਲਾ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼, ਜਨਰਲ ਸਕੱਤਰ ਜਤਿੰਦਰ ਨਾਥ ਸ਼ਰਮਾ, ਵਾਇਸ ਪ੍ਰਧਾਨ ਨਰੇਸ਼ ਸਿੰਗਲਾ ਤੇ ਕਾਲਜ ਪਿ੍ਰੰਸੀਪਲ ਡਾ. ਰਮਾ ਸ਼ਰਮਾ ਨੇ ਐਸ.ਡੀ. ਕਾਲਜ ਦੇ ਪ੍ਰੋਫ਼ੈਸਰ ਡਾ. ਤਰਸਪਾਲ ਦੀ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ। ਇਸ ਮੌਕੇ ਚੜਦੇ ਤੇ ਲਹਿੰਦੇ ਪੰਜਾਬ ਦੇ ਸ਼ਾਇਰ, ਅਦੀਬਾਂ ਤੋਂ ਇਲਾਵਾ ਯੂ.ਕੇ., ਯੂ.ਐਸ.ਏ, ਤੇ ਯੂਰਪ ਦੇ ਵਿਦਵਾਨ ਵੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਸਨ।