ਤੁਰਪ ਚਾਲ ਔਰਤਾਂ
------------------------------
ਔਰਤਾਂ ਦੇ ਹੱਕਾਂ ਦੀ ਗੱਲ
ਕਰਨ ਵਾਲੀਆਂ ਔਰਤਾਂ
ਉਹਨਾ ਔਰਤਾਂ ਦੇ ਹੱਕਾਂ ਦੀ
ਗੱਲ ਹੀ ਕਰਦੀਆਂ ਨੇ
ਜੋ ਉਹਨਾ ਵਰਗੀਆਂ ਹੀ ਹੁੰਦੀਆਂ ਨੇ।
ਬਣਦੀਆਂ ਤਣਦੀਆਂ ਰਿਸ਼ਟ ਪੁਸ਼ਟ
ਪਿਓਰ ਰੇਸ਼ਮੀ ਸਾੜੀਆਂ
ਲਾਉਣ ਵਾਲੀਆਂ
ਲੋਅ ਕੱਟ ਬਲਾਊਜ਼ ਪਾਉਣ ਵਾਲੀਆਂ
ਲੋਰੀਅਲ ਦੀ ਲਿਪਿਸਟਿਕ
ਤੇ ਕੋਬਰਾ ਪਰਫਿਊਮ
ਲਗਾਓੰੁਣ ਵਾਲੀਆਂ
ਪਾਰਲਰਾਂ ‘ਚ ਮਹਿੰਗੇ
ਸਪਾ ਕਰਾਓਂਣ ਵਾਲੀਆਂ
ਬੌਬ ਕੱਟ ਕਰਵਾ
ਲੇਵਾਈਸ ਦੀ ਜੀਨ ਸ਼ਰਟ ਪਾ
ਟੌਮੀ ਦੀ ਘੜੀ
ਤੇ ਹਾਲਮਾਰਕ ਸੋਨੇ ਦੀਆਂ
ਟੂਮਾਂ ਪਾਉਣ ਵਾਲੀਆਂ
ਖੇਤਰੀ ਮਸਲਿਆਂ ਤੇ ਗੱਲ ਕਰਦਿਆਂ
ਵਿਦੇਸ਼ੀ ਭਾਸ਼ਾ ਦਾ
ਯੂ ਨੋ ..
ਆਈ ਨੋ
ਦਾ ਤਕੀਆ ਕਲਾਮ ਦੁਹਰਾਓੰਣ ਵਾਲੀਆਂ
ਉਹ ਆਲੀਸ਼ਾਨ ਹੋਟਲਾਂ ‘ਚ
ਹੁੰਦੇ ਸੈਮੀਨਾਰਾਂ ‘ਚ
ਅੰਤਰਰਾਸ਼ਟਰੀ ਨਾਰੀ ਕਾਨਫਰੰਸਾਂ ‘ਚ
ਇੱਥੋਂ ਤੱਕ ਕਿ
ਕਿੱਟੀ ਪਾਰਟੀਆਂ ‘ਚ ਵੀ
ਔਰਤਾਂ ਦੇ ਹੱਕਾਂ ਦੀ ਗੱਲ ਕਰਦੀਆਂ ਨੇ।
ਉਹਨਾ ਔਰਤਾਂ ਦੇ ਹੱਕਾਂ ਤੇ
ਮਸਲਿਆਂ ਦੀ ਗੱਲ
ਜੋ ਉਨ੍ਹਾਂ ਵਰਗੀਆਂ ਹੁੰਦੀਆਂ ਨੇ।
ਜੱਦੀ ਪੁਸ਼ਤੀ ,
ਕਥਿਤ ਖਾਨਦਾਨੀ
ਘਰਾਣਿਆਂ ਦੀਆਂ ਔਰਤਾਂ।
ਮੈਟ੍ਰੀਮੋਨੀਅਲ ਦੇ ਇਸ਼ਤਿਹਾਰ ਦਾ ਸ਼ਿੰਗਾਰ ਬਣਨ ਦੇ ਕਾਬਲ
ਕੁਲੀਨ ਸੁਸ਼ੀਲ ਔਰਤਾਂ
ਉਹ ਪਿੰਡਾਂ ‘ਚ ਕੱਖ ਕੰਡਾ ,
ਗੋਹਾ ਕੂੜਾ ਕਰਦੀਆਂ
ਕੱਖ ਕਾਨ , ਗੋਹਾ ਕੂੜਾ ਬਣਦੀਆਂ
ਔਰਤਾਂ ਦੀ ਗੱਲ ਨਹੀਂ ਕਰਦੀਆਂ
ਉਹ ਭੇਡਾਂ ,ਬੱਕਰੀਆਂ
ਤੇ ਮੱਝਾੰ –ਗਾਵਾਂ ਚਾਰਦੀਆਂ
ਗੁੱਜਰੀਆਂ ਦੇ ਮਸਲਿਆਂ ਦੀ
ਗੱਲ ਨਹੀ ਕਰਦੀਆਂ
ਉਹ ਸੜਕਾਂ ਤੇ
ਲੁੱਕ ਬੱਜਰੀ ਬਣ ਚੁੱਕੀਆਂ
ਔਰਤਾਂ ਦੀ ਗੱਲ ਨਹੀਂ ਕਰਦੀਆਂ।
ਉਨ੍ਹਾਂ ਨੂੰ ਲੱਗਦਾ
ਜੋ ਔਰਤਾਂ
ਮਰਦਾਂ ਵਾਲੇ ਕੰਮ ਕਰਨ
ਉਹ ਕਾਹਦੀਆਂ ਔਰਤਾਂ ?
ਨਾ ਬਦਨ ਨਾ ਸਤਨ
ਨਾ ਡੀਲ ਡੌਲ ਤੋਂ ਔਰਤਾਂ।
ਉਹ ਸਮਝਦੀਆਂ ਨੇ
ਮੈਲੀਆਂ ਕੁਚੈਲੀਆਂ
ਬਦਬੂ ਮਾਰਦੀਆਂ ਔਰਤਾਂ
ਪਹਿਲਾਂ ਔਰਤਾਂ ਤਾਂ ਬਣਨ।
ਉਹ ਖਾਂਦੇ ਪੀਂਦੇ
ਇਜੱਤਦਾਰ ਘਰਾਂ ਦੀਆਂ ਔਰਤਾਂ ਨੇ
ਇਸ ਲਈ ਉਹ ਜਿਸਮਾਂ ਦੇ
ਬਾਲਣ ਨਾਲ ਚੁੱਲੇ ਬਾਲਦੀਆਂ
ਚਕਲਿਆਂ ਦੀਆਂ ਮੰਡੀਆਂ ‘ਚ
ਰੁਲਦੀਆਂ ਰੰਡੀਆਂ
ਧੰਦਾ ਕਰਦੀਆਂ ਕੰਜਰੀਆਂ ਤੇ
ਉਹਨਾ ਦੇ ਮਸਲਿਆਂ ਦੀ ਗੱਲ
ਕਿਵੇਂ ਕਰ ਸਕਦੀਆਂ ਨੇ।
ਕਰਦੀਆਂ ਨੇ
ਉਹ ਮੰਦਰਾਂ ‘ਚ ਸੈਂਕੜੇ ਸਾਲਾਂ ਤੋਂ
ਇਕਵਾਸ ਭੋਗ ਰਹੀਆਂ
ਉਦਾਸ ਦੇਵ ਦਾਸੀਆਂ ਦੀ
ਗੱਲ ਵੀ ਨਹੀਂ ਕਰਦੀਆਂ
ਉਹ ਜਿਆਦਾਤਰ
ਪਤਨੀਆਂ ਦੇ ਹੱਕਾਂ ‘ਚ
ਨਿੱਤਰਦੀਆਂ ਨੇ ?
ਉਹ ਬੇਵਾ ਰੁੱਤਾਂ ਦੀਆਂ
ਸਦਾਬਹਾਰ
ਪੀਲੀਆਂ ਪਤਝੜਾਂ ਵਰਗੀ
ਜਿੰਦਗੀ ਹੰਢਾਉਂਦੀਆਂ
ਔਰਤਾਂ ਦੀ ਗੱਲ
ਘੱਟ ਵੱਧ ਹੀ ਕਰਦੀਆਂ ਨੇ।
ਇਹ ਚੋਣਵੀਆਂ ਔਰਤਾਂ
ਔਰਤਾਂ ਦੇ ਝੰਡੇ ਅਤੇ
ਔਰਤਾਂ ਦੇ ਏਜੰਡੇ ਰਾਹੀਂ
ਸਫਲਤਾ ਦੀ ਪੌੜੀ ਦੇ
ਆਖਰੀ ਡੰਡੇ ਤੱਕ
ਪਹੁੰਚ ਜਾਂਦੀਆਂ ਨੇ।
ਪਰ ਔਰਤਾਂ
ਉੱਥੇ ਦੀਆਂ ਉੱਥੇ ਹੀ
ਰਹਿ ਜਾਂਦੀਆਂ ਨੇ।
ਅਸਲ ਵਿੱਚ ਇਹ ਔਰਤਾਂ
ਤੁਰਪ ਚਾਲੇ ਮਰਦਾਂ ਦਾ
ਹੀ ਰੂਪ ਹੁੰਦੀਆਂ ਹਨ
ਜੋ ਮਸਲਿਆਂ ਦਾ ਹੱਲ ਕਰਨ ਨਾਲੋਂ
ਗੱਲ ਕਰਕੇ ਬਾਜ਼ੀ ਜਿੱਤਣਾ
ਤੇ ਹਾਲਾਤ ਤੇ ਵਿਵਸਥਾ
ਬਦਲਣ ਦੀ ਬਜਾਏ
ਇਸਨੂੰ ਘੋੜੀ ਬਣਾਓਣਾ
ਜਾਣਦੀਆਂ ਨੇ।
ਹਰਵਿੰਦਰ ਸਿੰਘ
ਚੰਡੀਗੜ੍ਹ