ਪੁਸਤਕ ਸੱਭਿਆਚਾਰ ਦੀ ਉਸਾਰੀ ਲਈ ਦੇਸ਼ ਬਦੇਸ਼ ਵਿੱਚ ਵੱਸਦੇ ਪੰਜਾਬੀਆਂ ਵੱਲੋਂ ਲੋਕ ਲਹਿਰ ਉਸਾਰਨ ਦੀ ਲੋੜ— ਡਾ. ਸ ਪ ਸਿੰਘ
ਗੁਰਭਜਨ ਗਿੱਲ ਦੀਆਂ ਪੰਜਾਹ ਸਾਲ ਦੌਰਾਨ ਲਿਖੀਆਂ ਗ਼ਜ਼ਲਾਂ ਦਾ ਸੰਗ੍ਰਹਿ “ਅੱਖਰ ਅੱਖਰ” ਦਾ ਦੂਜਾ ਐਡੀਸ਼ਨ ਲੋਕ ਅਰਪਣ
ਲੁਧਿਆਣਾਃ 1 ਮਈ 2024-ਪੁਸਤਕ ਸੱਭਿਆਚਾਰ ਦੀ ਉਸਾਰੀ ਲਈ ਦੇਸ਼ ਬਦੇਸ਼ ਵਿੱਚ ਵੱਸਦੇ ਪੰਜਾਬੀਆਂ ਵੱਲੋਂ ਲੋਕ ਲਹਿਰ ਉਸਾਰਨ ਦੀ ਲੋੜ ਹੈ। ਅੱਜ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਿਜ ਲੁਧਿਆਣਾ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਕਾਲਿਜ ਦੇ ਪੁਰਾਣੇ ਵਿਦਿਆਰਥੀ ਅਤੇ ਪੰਜਾਬੀ ਕਵੀ ਗੁਰਭਜਨ ਗਿੱਲ ਦੀਆਂ 1973 ਤੋਂ ਲੈ ਕੇ 2023 ਤੀਕ ਪੰਜਾਹ ਸਾਲਾਂ ਦੌਰਾਨ ਲਿਖੀਆਂ ਗ਼ਜ਼ਲਾਂ ਦੇ ਸੰਗ੍ਰਹਿ “ਅੱਖਰ ਅੱਖਰ” ਲੋਕ ਅਰਪਣ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਤੇ ਕਾਲਿਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਸ ਪ ਸਿੰਘ ਸਿੰਘ ਨੇ ਇਹ ਸ਼ਬਦ ਕਹੇ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਇਸੇ ਕਾਲਿਜ ਵਿੱਚ ਗੁਰਭਜਨ ਗਿੱਲ ਦਾ ਇਹ ਵੱਡ ਆਕਾਰੀ ਗ਼ਜ਼ਲ ਸੰਗ੍ਰਹਿ ਲੋਕ ਅਰਪਣ ਕੀਤਾ ਸੀ। ਤਸੱਲੀ ਦੀ ਗੱਲ ਇਹ ਹੈ ਕਿ ਪੰਜ ਸੌ ਕਿਤਾਬਾਂ ਦਾ ਪਹਿਲਾ ਸੰਸਕਰਣ ਪਾਠਕਾਂ ਨੇ ਖ਼ਰੀਦਿਆ ਤੇ ਪੜ੍ਹਿਆ ਹੈ। ਇਸ ਦਾ ਦੂਜਾ ਸੰਸਕਰਣ ਪਹਿਲਾਂ ਨਾਲੋਂ ਵੀ ਸੁੰਦਰ ਛਪਿਆ ਹੈ। ਉਨ੍ਹਾਂ ਕਿਹਾ ਕਿ ਸਮਾਜਿਕ ਸਰੋਕਾਰਾਂ ਨੂੰ ਪਹਿਲੇ ਦਿਨੋਂ ਪ੍ਰਣਾਇਆ ਮੇਰਾ ਵਿਦਿਆਰਥੀ ਗੁਰਭਜਨ ਗਿੱਲ ਲਗਾਤਾਰ ਸਿਰਜਣਸ਼ੀਲ ਅਤੇ ਸਰਗਰਮ ਕਲਮ-ਕਾਮਾ ਹੈ।
ਪੁਸਤਕ ਬਾਰੇ ਪ੍ਰੋ. ਰਵਿੰਦਰ ਭੱਠਲ ਸਾਬਕਾ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ, ਡਾ. ਗੁਰਇਕਬਾਲ ਸਿੰਘ ਜਨਰਲ ਸਕੱਤਰ ਪੰਜਾਬੀ ਲੋਕ ਵਿਰਾਸਤ ਅਕਾਡਮੀ, ਡਾ. ਤੇਜਿੰਦਰ ਕੌਰ ਸਹਾਇਕ ਪ੍ਰੋਫੈਸਰ ਪੰਜਾਬੀ ਵਿਭਾਗ ਤੇ ਤ੍ਰੈਲੋਚਨ ਲੋਚੀ ਨੇ ਵੀ ਮੁੱਲਵਾਨ ਟਿੱਪਣੀਆਂ ਕੀਤੀਆਂ।
ਇਸ ਮੌਕੇ ਗੁਰਭਜਨ ਗਿੱਲ ਨੇ ਆਪਣੀਆਂ ਚੋਣਵੀਂ ਗ਼ਜ਼ਲਾਂ ਸੁਣਾਈਆਂ ਤੇ ਕਿਹਾ ਕਿ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਿਜ ਨੇ ਹੀ ਮੈਨੂੰ ਸਾਹਿੱਤ ਸਿਰਜਣਾ ਦੇ ਮਾਰਗ ਤੇ ਤੋਰਿਆ ਅਤੇ ਲਗਾਤਾਰ ਰਾਹ ਦਿਸੇਰਾ ਬਣ ਕੇ ਸਾਥ ਦਿੱਤਾ ਹੈ। ਉਨ੍ਹਾ ਆਪਣੇ ਮਾਪਿਆਂ, ਵੱਡੀ ਭੈਣ ਮਨਜੀਤ ਕੌਰ ਵੜੈਚ , ਵੱਡੇ ਭਰਾਵਾਂ ਪ੍ਰਿੰ. ਜਸਵੰਤ ਸਿੰਘ ਗਿੱਲ ਤੇ ਪ੍ਰੋ. ਸੁਖਵੰਤ ਸਿੰਘ ਗਿੱਲ ਤੇ ਆਪਣੇ ਘਰ ਪਰਿਵਾਰ ਦਾ ਪੋਤਰੀ ਅਸੀਸ ਕੌਰ ਗਿੱਲ ਸਮੇਤ ਸਭ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਮੇਰੀ ਸਿਰਜਣਾ ਨੂੰ ਹਰ ਸਮੇਂ ਨਵੇਂ ਉਸ਼ਾਹ ਨਾਲ ਭਰਪੂਰ ਕੀਤਾ। ਇਸ ਪੁਸਤਕ ਵਿੱਚ ਪੰਜ ਸਾਲਾਂ ਦੀ ਬਾਲੜੀ ਅਸੀਸ ਕੌਰ ਗਿੱਲ ਦਾ ਬਣਾਇਆ ਇੱਕ ਰੇਖਾਂਕਣ ਵੀ ਸ਼ਾਮਿਲ ਹੈ।
ਵਿਸ਼ੇਸ਼ ਮਹਿਮਾਨ ਵਜੋਂ ਬੋਲਦਿਆਂ ਰੇਡੀਉ ਰੈੱਡ ਐੱਫ ਐੱਮ ਦੇ ਮੁੱਖ ਪੇਸ਼ਕਾਰ ਤੇ ਕੈਨੇਡਾ ਦੀ ਬਰਾਡਕਾਸਟਿੰਗ ਦੁਨੀਆਂ ਦੇ ਸ਼ਾਹ ਅਸਵਾਰ ਹਰਜਿੰਦਰ ਥਿੰਦ ਨੇ ਕਿਹਾ ਕਿ ਅਸੀਂ ਗੌਰਮਿੰਟ ਕਾਲਿਜ ਪੜ੍ਹਨ ਵੇਲੇ ਦੇ ਮਿੱਤਰ ਹਾ ਅਤੇ ਪੰਜਾਹ ਸਾਲਾਂ ਤੋਂ ਹੀ ਪੰਜਾਬ ਅਤੇ ਬਦੇਸ਼ਾਂ ਵਿੱਚ ਵੀ ਮਿਲਦੇ ਵਰਤਦੇ ਰਹੇ ਹਾਂ। ਸਰੀ ਵਿੱਚ ਪੰਜਾਬੀਆਂ ਨੂੰ ਪੁਸਤਕ ਸੱਭਿਆਚਾਰ ਨਾਲ ਜੋੜਨ ਤੇ ਉਥੇ ਸੁੱਖੀ ਬਾਠ ਤੋਂ ਪੰਜਾਬ ਭਵਨ ਬਣਵਾਉਣ ਵਿੱਚ ਗੁਰਭਜਨ ਗਿੱਲ ਦਾ ਯੋਗਦਾਨ ਇਤਿਹਾਸ ਚੇਤੇ ਰੱਖੇਗਾ।
ਹਿਊਸਟਨ(ਅਮਰੀਕਾ) ਤੋਂ ਆਏ ਕਾਰੋਬਾਰੀ ਤੇ ਅਦਬ ਨਵਾਜ਼ ਸ. ਰਘੁਬੀਰ ਸਿੰਘ ਘੁੰਨ ਨੇ ਕਿਹਾ ਕਿ ਮੈਂ ਇਸ ਕਾਲਿਜ ਵਿੱਚ ਵਿਸ਼ੇਸ਼ ਮਹਿਮਾਨ ਬਣ ਕੇ ਨਹੀ ਆਇਆ ਸਗੋਂ ਸ਼ੁਕਰਾਨਾ ਕਰਨ ਆਇਆ ਹਾਂ ਕਿ ਪੰਜਾਬ ਦੇ ਪੇਂਡੂ ਬੱਚਿਆਂ ਨੂੰ ਇਸ ਕਾਲਿਜ ਨੇ ਨਵੇਂ ਸੁਪਨੇ ਲੈਣ ਦੀ ਜਾਚ ਸਿਖਾਈ। ਮੇਰਾ ਮਿੱਤਰ ਗੁਰਭਜਨ ਗਿੱਲ ਵੀ ਇਸੇ ਕਾਲਿਜ ਵਿੱਚੋਂ ਗਰੈਜੂਏਸ਼ਨ ਕਰਕੇ ਸਾਡੇ ਨਾਲ ਗੌਰਮਿੰਟ ਕਾਲਿਜ ਲੁਧਿਆਣਾ ਵਿੱਚ ਪੜ੍ਹਨ ਆਇਆ ਸੀ। ਸਾਡੀ ਸਾਂ ਝ ਵੀ ਪੰਜਾਹ ਸਾਲ ਲੰਮੀ ਹੈ, ਪੁਰਾਣੀ ਨਹੀਂ।
ਉਨ੍ਹਾਂ ਕਿਹਾ ਕਿ ਮੈਂ ਇਸ ਪੁਸਤਕ ਦੀਆਂ ਦੋ ਸੌ ਕਾਪੀਆਂ ਅਮਰੀਕਾ ਮੰਗਵਾ ਰਿਹਾ ਹਾਂ ਤਾਂ ਜੋ ਆਪਣੇ ਸੰਪਰਕ ਵਾਲੇ ਸਾਹਿੱਤ ਦੇ ਕਦਰਦਾਨਾਂ ਨੂੰ ਚੰਗਾ ਸਾਹਿੱਤ ਪੜ੍ਹਨ ਨੂੰ ਮਿਲੇ। ਮੇਰੇ ਲਈ ਤਸੱਲੀ ਵਾਲੀ ਗੱਲ ਹੈ ਕਿ ਇਹ ਕਿਤਾਬ ਮੈਂ ਆਪਣੇ ਸਵਰਗੀ ਮਾਤਾ ਜੀ ਸਰਦਾਰਨੀ ਪ੍ਰੀਤਮ ਕੌਰ ਜੀ ਦੀ ਯਾਦ ਵਿੱਚ ਵੰਡ ਰਿਹਾ ਹਾਂ।
ਇਸ ਮੌਕੇ ਉਨ੍ਹਾਂ ਕਾਲਿਜ ਦੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਦੇ ਵਿਕਾਸ ਲਈ ਇੱਕ ਲੱਖ ਰੁਪਏ ਭੇਜਣ ਦਾ ਵੀ ਕਿਹਾ। ਇਸ ਮੌਕੇ ਕਾਲਿਜ ਵੱਲੋਂ ਰਘੁਬੀਰ ਸਿੰਘ ਘੁੰਨ ਤੇ ਸ. ਹਰਜਿੰਦਰ ਸਿੰਘ ਥਿੰਦ ਨੂੰ ਸਨਮਾਨਿਤ ਕੀਤਾ ਗਿਆ।
ਕਲਿਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੇ ਆਏ ਲੇਖਕਾਂ ਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸੰਸਥਾ ਲਈ ਹਰ ਮੌਕੇ ਸਰਗਰਮੀ ਨਾਲ ਹਾਜ਼ਰ ਗੁਰਭਜਨ ਗਿੱਲ ਦੀ ਸਮੁੱਚੀ ਗ਼ਜ਼ਲ ਰਚਨਾ ਦਾ ਏਥੇ ਲੋਕ ਅਰਪਣ ਹੋਣਾ ਸਾਡੇ ਸਭ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਲਈ ਆਰਥਿਕ ਸਹਾਇਤਾ ਦੇਣ ਲਈ ਵੀ ਧੰਨਵਾਦ ਕੀਤਾ।
ਸਮਾਗਮ ਵਿੱਚ ਡੀ ਏ ਵੀ ਵਿਦਿਅਕ ਸੰਸਥਾਵਾਂ ਦੇ ਲੰਮਾ ਸਮਾਂ ਕੌਮੀ ਡਾਇਰੈਕਟਰ ਰਹੇ ਡਾ. ਸਤੀਸ਼ ਸ਼ਰਮਾ, ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਪ੍ਰਸਿੱਧ ਸਿੱਖ ਚਿੰਤਕ ਡਾ. ਅਨੁਰਾਗ ਸਿੰਘ, ਜੁਝਾਰ ਟਾਈਮਜ਼ ਦੇ ਮੁੱਖ ਸੰਪਾਦਕ ਬਲਵਿੰਦਰ ਸਿੰਘ ਬੋਪਾਰਾਏ,ਪੰਜਾਬ ਖੇਤੀ ਯੂਨੀਵਰਸਿਟੀ ਦੇ ਡਾਇਰੈਕਟਰ ਵਿਦਿਆਰਥੀ ਭਲਾਈ ਡਾ. ਨਿਰਮਲ ਸਿੰਘ ਜੌੜਾ, ਪੰਜਾਬ ਦੇ ਡਿਪਟੀ ਡਾਇਰੈਕਟਰ (ਕਾਲਿਜਜ) ਡਾ. ਅਸ਼ਵਨੀ ਭੱਲਾ, ਡਾ. ਸੁਨੀਤਾ ਰਾਣੀ (ਖਰੜ)ਕੰਵਲਜੀਤ ਸਿੰਘ ਸ਼ੰਕਰ, ਪ੍ਰੋ. ਸ਼ਰਨਜੀਤ ਕੌਰ, ਡਾ. ਹਰਗੁਣਜੋਤ ਕੌਰ, ਡਾ. ਮਨਦੀਪ ਕੌਰ ਰੰਧਾਵਾ, ਡਾ. ਗੁਰਪ੍ਰੀਤ ਸਿੰਘ, ਡਾ. ਰਾਜਿੰਦਰ ਕੌਰ ਮਲਹੋਤਰਾ,ਰਾਜਿੰਦਰ ਸਿੰਘ ਸੰਧੂ ਤੇ ਕਈ ਹੋਰ ਸਾਹਿੱਤ ਪ੍ਰੇਮੀ ਹਾਜ਼ਰ ਸਨ।