ਨਿੰਦਰ ਘੁਗਿਆਣਵੀ ਦੀ ਮਾਤਾ ਨੇ ਕੀਤੀ ਕਿਤਾਬ ਰਿਲੀਜ਼
ਫਰੀਦਕੋਟ, 2 ਮਾਰਚ 2024 - ਆਪਣੀਆਂ ਲਿਖਤਾਂ ਰਾਹੀਂ ਅੰਤਰ-ਰਾਸ਼ਟਰੀ ਪੱਧਰ ਉਤੇ ਨਾਮਣਾ ਖੱਟਣ ਵਾਲੇ ਪਿੰਡ ਘੁਗਿਆਣਾ ਦੇ ਵਸਨੀਕ ਲੇਖਕ ਨਿੰਦਰ ਘੁਗਿਆਣਵੀ ਦੀ 68-ਵੀਂ ਨਵ ਪ੍ਰਕਾਸ਼ਿਤ ਪੁਸਤਕ ਉਨਾਂ ਦੀ ਮਾਤਾ ਸ਼੍ਰੀ ਮਤੀ ਰੂਪ ਰਾਣੀ ਨੇ ਆਪਣੇ ਘਰ ਦੇ ਵਿਹੜੇ ਵਿਚ ਤੇ ਪਿੰਡ ਦੇ ਲੋਕਾਂ ਦੀ ਹਾਜਰੀ ਵਿੱਚ ਰਿਲੀਜ ਕਰਨ ਦੀ ਰਸਮ ਨਿਭਾਈ। ਇਸ ਸਮਾਰੋਹ ਦੇ ਮੁਖ ਮਹਿਮਾਨ ਲੋਕ ਸਭਾ ਹਲਕਾ ਫਰੀਦਕੋਟ ਦੇ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਸਨ, ਇਸ ਮੌਕੇ ਸਦੀਕ ਨੇ ਲੇਖਕ ਘੁਗਿਆਣਵੀ ਨਾਲ ਜੁੜੀਆਂ ਕਲਾਮਈ ਯਾਦਾਂ ਸਾਂਝੀਆਂ ਕੀਤੀਆਂ ਤੇ ਆਪਣਾ ਚਰਚਿਤ ਗੀਤ 'ਮੇਰੇ ਵੱਸ ਨਾ ਰਾਂਝਣਾ ਵੇ ਜੋਰ ਨਾਲ ਬੰਨ ਕੇ ਲਿਜਾਂਦੇ ਖੇੜੇ' ਗਾ ਕੇ ਸਰੋਤਿਆਂ ਦਾ ਮੰਨੋਰੰਜਨ ਕੀਤਾ।
ਸਮਾਰੋਹ ਦੇ ਆਰੰਭ ਵਿਚ ਲੇਖਕ ਦੇ ਜਮਾਤੀ ਅਮਰਜੀਤ ਸਿੰਘ ਟਰਾਂਸਪੋਟਰ ਨੇ ਸਰੋਤਿਆਂ ਨੂੰ ਜੀਓ ਆਇਆਂ ਆਖਿਆ ਤੇ ਨਿੰਦਰ ਘੁਗਿਆਣਵੀ ਦੀ ਸੰਘਰਸ਼ਸ਼ੀਲ ਜਿੰਦਗੀ ਬਾਰੇ ਚਾਨਣਾ ਪਾਇਆ। ਲੇਖਕ ਦੇ ਅਧਿਆਪਕ ਹਾਕਮ ਸਿੰਘ ਢਿਲੋਂ ਨੇ ਲੇਖਕ ਨਿੰਦਰ ਦੀ ਬਚਪਨ ਵਿਚ ਸੰਗੀਤਕ ਰੁਚੀ ਤੇ ਲਗਨ ਬਾਰੇ ਗੱਲਾਂ ਕੀਤੀਆਂ। ਇਸ ਮੌਕੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਨਿੰਦਰ ਘੁਗਿਆਣਵੀ ਨੇ ਕਿਹਾ ਕਿ ਪਿੰਡ ਦੇ ਲੋਕ ਉਨਾਂ ਦੇ ਮੁਢਲੇ ਪ੍ਰੇਰਨਾ ਸਰੋਤ ਹਨ। ਮੁਖ ਮਹਿਮਾਨ ਸ਼੍ਰੀ ਸਦੀਕ ਨੇ ਲੇਖਕ ਦੀ ਮਾਤਾ ਦਾ ਇਸ ਮੌਕੇ ਸਨਮਾਨ ਕੀਤਾ ਤੇ ਅਧਿਆਪਕ ਹਾਕਮ ਸਿੰਘ ਢਿਲੋਂ ਤੇ ਸਦੀਕ ਜੀ ਦਾ ਵੀ ਸਨਮਾਨ ਕੀਤਾ ਗਿਆ।
ਇਸ ਮੌਕੇ ਸਰਪੰਚ ਬਲਵੰਤ ਸਿੰਘ, ਸਾਬਕਾ ਸਰਪੰਚ ਬਲਦੇਵ ਸਿੰਘ ਤੇ ਸੁਖਦੇਵ ਸਿੰਘ ਬਿੱਲਾ, ਬਾਬਾ ਟਿੱਕਾ ਸਿੰਘ, ਗੁਰਤੇਜ ਬਰਾੜ, ਨੰਬਰਦਾਰ ਗੁਰਪਿਆਰ ਸਿੰਘ, ਗੁਰਦਵਾਰਾ ਕਮੇਟੀ ਦੇ ਇਕਬਾਲ ਸਿੰਘ ਤੇ ਦਿਆਲ ਚੰਦ ਸਮੇਤ ਨਜਦੀਕ ਦੇ ਰਿਸ਼ਤੇਦਾਰ ਤੇ ਹੋਰ ਵੀ ਸ਼ਖਸ਼ੀਅਤਾਂ ਹਾਜਰ ਸਨ।