ਅਸ਼ੋਕ ਵਰਮਾ
ਬਠਿੰਡਾ, 10 ਜੂਨ 2020 - ਬਾਬਾ ਫ਼ਰੀਦ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਅਸਿਸਟੈਂਟ ਪ੍ਰੋਫ਼ੈਸਰ ਸੁਖਰਾਜ ਸਿੰਘ ਦੀ ਅਗਵਾਈ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਦੇ ਜੀਵਨ ਅਤੇ ਪੰਜਾਬੀ ਸਾਹਿਤ ਵਿੱਚ ਯੋਗਦਾਨ ਵਿਸ਼ੇ ਉੱਪਰ ਪੰਜਾਬੀ ਵਿਭਾਗ ਵੱਲੋਂ ਇੱਕ ਆਨਲਾਈਨ ਗਤੀਵਿਧੀ ਕਰਵਾਈ ਗਈ । ਜਿਸ ਵਿਚ ਐਮ.ਏ. ਪੰਜਾਬੀ ਭਾਗ ਪਹਿਲਾ, ਦੂਜਾ ਅਤੇ ਬੀ.ਏ. ਦੇ ਵਿਦਿਆਰਥੀਆਂ ਨੇ ਭਾਗ ਲਿਆ। ਐਮ.ਏ. ਪੰਜਾਬੀ ਭਾਗ ਦੂਜਾ ਦੇ ਵਿਦਿਆਰਥੀ ਜਸਕਰਨ ਸਿੰਘ ਨੇ ਪ੍ਰੋਗਰਾਮ ਦੀ ਅਗਵਾਈ ਕਰਦਿਆਂ ਪ੍ਰਿੰਸੀਪਲ ਤੇਜਾ ਸਿੰਘ ਦੇ ਜੀਵਨ ’ਤੇ ਪੰਛੀ ਝਾਤ ਪਾਈ । ਪ੍ਰੋਗਰਾਮ ਨੂੰ ਅੱਗੇ ਵਧਾਉਂਦਿਆਂ ਹੋਇਆਂ ਗੁਰਪ੍ਰੀਤ ਕੌਰ ਨੇ ਪ੍ਰਿੰ. ਤੇਜਾ ਸਿੰਘ ਦੇ ਨਿਬੰਧ ‘ਘਰ ਦਾ ਪਿਆਰ’ ਵਿਸ਼ੇ ਨੂੰ ਅਜੋਕੇ ਸਮੇਂ ਨਾਲ ਜੋੜ ਕੇ ਆਪਣੇ ਵਿਚਾਰ ਸਾਰਿਆਂ ਨਾਲ ਸਾਂਝੇ ਕੀਤੇ ।
ਐਮ.ਏ. ਪੰਜਾਬੀ ਭਾਗ ਪਹਿਲਾ ਦੇ ਵਿਦਿਆਰਥੀ ਹਰਪ੍ਰੀਤ ਸਿੰਘ ਨੇ ਆਪਣੇ ਵਿਚਾਰ ਪ੍ਰਿੰਸੀਪਲ ਤੇਜਾ ਸਿੰਘ ਦੀਆਂ ਰਚਨਾਵਾਂ ਦੇ ਤੱਥਾਂ ਦੇ ਆਧਾਰ ’ਤੇ ਪੇਸ਼ ਕੀਤੇ । ਇਸ ਤੋਂ ਬਾਅਦ ਮਿਹਰਬਾਨ ਸਿੰਘ ਨੇ ਅੱਜ ਦੇ ਹਾਲਾਤਾਂ ਨਾਲ ਪ੍ਰਿੰਸੀਪਲ ਤੇਜਾ ਸਿੰਘ ਦੀ ਰਚਨਾ ‘ਗ਼ੁਸਲਖ਼ਾਨਾ’ ਦੀ ਤੁਲਨਾ ਕੀਤੀ ਅਤੇ ਅਜੋਕੇ ਮਨੁੱਖੀ ਵਰਤਾਰੇ ਵਿਚ ਆਏ ਪਰਿਵਰਤਨ ’ਤੇ ਆਪਣੇ ਵਿਚਾਰ ਸਾਂਝੇ ਕੀਤੇ । ਇਸ ਪ੍ਰੋਗਰਾਮ ਵਿਚ ਵੀਰਪਾਲ ਕੌਰ ਅਤੇ ਵਿਪਨਦੀਪ ਕੌਰ ਵਿਦਿਆਰਥਣਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ । ਪ੍ਰੋਗਰਾਮ ਦੇ ਅਖ਼ੀਰ ਵਿਚ ਕਾਲਜ ਦੇ ਡੀਨ, ਫੈਕਲਟੀ ਆਫ਼ ਆਰਟਸ ਡਾ. ਦਪਿੰਦਰ ਸਿੰਘ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਸਾਹਿਤ ਨਾਲ ਜੁੜਨ ਨਾਲ ਹੀ ਵਿਦਿਆਰਥੀਆਂ ਦੀ ਸ਼ਖ਼ਸੀਅਤ ਵਿਚ ਨਿਖਾਰ ਆਉਂਦਾ ਹੈ, ਅਤੇ ਇਹ ਇਨਸਾਨ ਦੇ ਆਪਣੇ ਹੱਥ ਵਿੱਚ ਹੈ ਕਿ ਉਹ ਕਿਵੇਂ ਆਪਣੀ ਜ਼ਿੰਦਗੀ ਵਿਚ ਵੱਖ-ਵੱਖ ਪ੍ਰਸਥਿਤੀਆਂ ਦੌਰਾਨ ਵੀ ਆਪਣਾ ਸਮਤੋਲ ਬਣਾ ਕੇ ਰੱਖ ਸਕਦਾ ਹੈ ।
ਅੰਤ ਵਿਚ ਡਾ.ਦੀਪਇੰਦਰ ਸਿੰਘ ਨੇ ਸਮੁੱਚੇ ਪੰਜਾਬੀ ਵਿਭਾਗ ਨੂੰ ਇਸ ਗਤੀਵਿਧੀ ਦੀ ਸਫ਼ਲਤਾ ਲਈ ਮੁਬਾਰਕਬਾਦ ਦਿੱਤੀ । ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਜਗਮਿੰਦਰ ਕੌਰ ਨੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਡਾ. ਅਮਨਦੀਪ ਕੌਰ (ਮੁਖੀ, ਜੌਗਰਫ਼ੀ ਵਿਭਾਗ), ਸ਼੍ਰੀਮਤੀ ਕੁਲਬੀਰ ਕੌਰ (ਪ੍ਰੋਗਰਾਮ ਕੋਆਰਡੀਨੇਟਰ), ਡਾ. ਦੀਪਇੰਦਰ ਸਿੰਘ ਬਰਾੜ (ਡੀਨ, ਫੈਕਲਟੀ ਆਫ਼ ਆਰਟਸ) ਦਾ ਧੰਨਵਾਦ ਕੀਤਾ। ਉਨਾਂ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਅਜਿਹੀਆਂ ਹੋਰ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ।ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਬਾਬਾ ਫ਼ਰੀਦ ਕਾਲਜ ਦੇ ਪਿ੍ਰੰਸੀਪਲ ਡਾ. ਪ੍ਰਦੀਪ ਕੌੜਾ ਨੇ ਪੰਜਾਬੀ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।