ਖ਼ਬਰ ਹੈ ਕਿ ਭਾਜਪਾ ਦੇ ਸੀਨੀਅਰ ਨੇਤਾ ਮਦਨ ਮੋਹਨ ਮਿੱਤਲ ਨੇ ਤੇਜ਼ ਤਰਾਰ ਆਗੂ ਨਵਜੋਤ ਸਿੱਧੂ ਨੁੰ ਅਪੀਲ ਕੀਤੀ ਕਿ ਉਹ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਦੀ ਗਲਤੀ ਨਾ ਕਰਨ ਕਿਉਂਕਿ 'ਆਪ' ਤਾਂ ਨਿਕਟ ਭਵਿੱਖ 'ਚ ਲੀਰੋ ਲੀਰ ਹੋਣ ਵਾਲੀ ਹੈ। ਉਨ•ਾਂ ਕਿਹਾ ਕਿ ਸਿੱਧੂ ਨੂੰ ਪੰਜਾਬ ਤੋਂ ਦੂਰ ਰਹਿਣ ਲਈ ਕਿਸੇ ਨੇ ਮਜ਼ਬੂਰ ਨਹੀਂ ਕੀਤਾ।ਦਿਲੀ ਦੇ ਮੁੱਖਮੰਤਰੀ ਤੇਆਪ ਆਗੂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੋਦੀ ਹਰ ਹਾਲ ਸੱਤਾ 'ਚ ਬਣੇ ਰਹਿਣਾ ਚਾਹੁੰਦੇ ਹਨ ਅਤੇ ਉਹ ਉਨਾਂ ਨੂੰ ਮਾਰ ਵੀ ਸਕਦੇ ਹਨ। ਉਨ•ਾਂ ਕਿਹਾ ਕਿ ਆਪ ਦੇ ਨੇਤਾਵਾਂ ਖਿਲਾਫ਼ਸਾਜਿਸ਼ ਕੀਤੀ ਜਾ ਰਹੀ ਹੈ,10 ਆਮ ਵਿਧਾਇਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁਕਿਆ ਹੈ ਅਤੇ 21 ਵਿਧਾਇਕਾਂ 'ਤੇ ਝੂਠੇ ਇਲਜ਼ਾਮਾਂ ਤਹਿਤ ਉਨ•ਾਂ ਦੀ ਮੈਂਬਰਸ਼ਿਪ ਰੱਦ ਕਰਵਾਏ ਜਾਣ ਦੀਆਂ ਕੋਸ਼ਿਸਾਂ ਕੀਤੀਆਂਜਾ ਰਹੀਆਂ ਹਨ। ਪੰਜਾਬ ਦੇ ਮਾਲ ਮੰਤਰੀ ਮਜੀਠੀਆ ਕੇਜਰੀਵਾਲ ਨੂੰ ਜੇਲ ਭੇਜਣ ਲਈ ਕਾਹਲੇ ਹਨ, ਅਤੇ ਕੇਜਰੀਵਾਲ ਨੇ ਕਿਹਾ ਹੈ ਕਿ ਜਾਂ ਤਾਂ ਮਜੀਠੀਆ ਮੈਨੂੰ ਜੇਲ ਭੇਜੇ ਜਾਂ ਛੇ ਮਹੀਨਿਆਂ ਬਾਅਦ ਆਪਣੀ ਸਰਕਾਰ ਆਉਣ ਤੇ ਉਹਨੂੰ ਜੇਲਭੇਜ ਦਊਂਗਾ। ਯੁਗ ਹੀ ਐਸਾ ਆ ਗਿਆ ਭਾਈ! ਬੰਦਾ ਹੀ ਬੰਦੇ ਨੂੰ ਖਾਈ ਜਾਂਦਾ। ਬੰਦਾ ਹੀ ਬੰਦੇ ਨੂੰ ਉਲਝਾਈ ਜਾਂਦਾ। ਕੋਈ ਨੇਤਾ ਗੱਲੀਂ ਬਾਤੀ ਕੜਾਹ ਬਣਾਈ ਜਾਂਦਾ, ਤੇ ਕੋਈ ਨੇਤਾ ਦੁਨੀਆਂ ਦੇ ਅੱਖੀਂ ਘੱਟਾ ਪਾਈ ਜਾਂਦਾ। ਆਹ ਵੇਖੋ ਨਾ ਮੋਦੀ ਨੇ ਦੋ ਸਾਲਾਂ 'ਚ ਇੰਡੀਆ ਨੂੰ “ਸੋਨੇ ਦੀ ਚਿੜੀਆ” ਬਣਾ ਦਿਤਾ ਅਤੇ ਕੇਜਰੀਵਾਲ ਨੇ ਦਿੱਲੀ 'ਚ ਆਹ ਇਹੋ ਸਾਲ 'ਚ ਭੁਚਾਲ ਜਿਹਾ ਲਿਆ ਦਿਤਾ। ਅਤੇ ਇਧਰਬਾਦਲਾਂ ਨੇ ਨੌ ਸਾਲਾਂ 'ਚ ਪੰਜਾਬ ਨੂੰ “ਸਵਰਗਾਂ ਦਾ ਝੂਟਾ” ਦੁਆ ਦਿਤਾ। ਕੋਈ ਯੂ. ਪੀ. ਵਾਲਾ ਛੋਰਾ ਬੈਠਾ “ਦਮ ਮਾਰੋ ਦਮ ਛੁਟ ਜਾਊ ਗਮ” ਦਾ ਰਾਗ ਅਲਾਪੀ ਜਾਂਦਾ ਅਤੇ ਕੋਈ ਬਿਹਾਰ ਬੈਠਾ “ਚਾਰਾ ਭੂਸਾ ”ਖਾਈ ਜਾਂਦਾ ਅਤੇ ਫਿਰ ਵੀ ਜਨਤਾ ਦੀ ਬਖਸ਼ੀ ਕੁਰਸੀ ਤੇ ਬੈਠਾ ਜਨਤਾ ਜਨਾਰਧਨ ਦੇ ਗੁਣ ਗਾਈ ਜਾਂਦਾ। ਦੁਨੀਆਂ ਭਾਈ ਰੰਗ ਰੰਗੀਲੀ ਆ, ਕਿਧਰਿਉਂ ਚਿੱਟੀ ਆ ਅਤੇ ਕਿਧਰਿਉਂਪੀਲੀ ਆ। ਇਹੋ ਜਿਹੀ ਦੁਨੀਆਂ ਨੂੰ ਸਾਂਭਣਾ, ਉਹ ਵੀ ਸਵਾ ਅਰਬ ਨੂੰ ਖਾਲਾ ਜੀ ਦਾ ਬਾੜਾ ਆ? ਬੜੇ ਪਾਪੜ ਬੇਲਣੇ ਪੈਂਦੇ ਆ ਸੂਲਾਂ ਦੀ ਸੇਜ ਤੇ ਬੈਠੇ ਹਾਕਮਾਂ ਨੂੰ ਕਿਧਰੇ ਫਿਰਕਿਆਂ ਦੇ ਫਸਾਦ ਕਰਾਉਣੇ ਪੈਂਦੇ ਆ, ਕਿਧਰੇ ਭੁਖਮਰੀ ਫੈਲਾਉਣੀ ਪੈਂਦੀ ਆ। ਕਿਧਰੇ ਚਿਟੀ ਟੋਪੀ ਪਾਉਣੀ ਪੈਂਦੀ ਆ, ਕਿਧਰੇ ਭਗਵਾਂ ਭੇਸ ਧਾਰਨ ਕਰਕੇ ਖੜਤਾਲ ਵਜਾਉਣੀ ਪੈਂਦੀ ਆ। ਬਾਕੀ ਰਹੀ ਨੇਤਾਵਾਂ ਨੂੰ ਜੇਲਅੰਦਰ, ਜੇਲੋਂ ਬਾਹਰ ਕਰਨ, ਕਰਾਉਣ ਦੀ ਗੱਲ, ਇਹ ਤਾਂ ਭਾਈ ਜਗਤ ਤਮਾਸ਼ਾ ਆ। ਕਦੇ ਇੱਕ ਅੰਦਰ, ਦੂਜਾ ਬਾਹਰ। ਕਦੇ ਦੂਜਾ ਅੰਦਰ ਪਹਿਲਾ ਬਾਹਰ! ਇਹ ਤਾਂ ਭਾਈ ਰੰਗ ਆ ਜਨਾਬ ਦੇ, ਜੋ ਰਾਤਾਂ ਨੂੰ ਖਿੜਦੇ ਆ ਤੇ ਦਿਨਾਂ ਨੂੰ ਬੁਸ-ਬੁਸ, ਰੁਸ-ਰੁਸ, ਜਾਂਦੇ ਆ।
ਜਾਂ ਫਿਰ ਮਫਲਰ ਬੰਨ ਖਊਂ- ਖਊਂ ਕਰਕੇ ਜਾਂ ਗੁਰੂ ਹੋ ਜਾ ਸ਼ੁਰੂ ਉਚਾਰਕੇ ਜਾਂ ਛਾਤੀ ਚੌੜੀ ਕਰਕੇ “ਦੇਸ਼ ਬਦਲ ਰਹਾ ਹੈ, ਹਮ ਦੁਨੀਆਂ ਬਦਲ ਦੇਂਗੇ” ਦਾ ਨਾਹਰਾ ਉਚਾਰਕੇ ਇਹ ਚੋਣ ਨਾਹਰੇ ਲਾਂਦੇ ਆ ਜਿਤਦੇ ਜਾਂ ਹਰਦੇ ਆ, ਪੰਜ ਸਾਲਾਂ ਲਈ ਲੁਪਤ ਹੋ ਜਾਂਦੇ ਆ। ਉਬਾਸੀ ਲੈਂਦੇ ਲੰਮੀਆਂ ਤਾਣ ਸੌਂ ਜਾਂਦੇ ਆ। ਲੋਕਾਂ ਦੀਆਂ ਪੱਕੀਆਂ ਖਾਂਦੇ ਆ, ਆਪਣੇ ਤੋਂ ਉਪਰਲਿਆਂ ਦੇ ਗੁਣ ਗਾਂਦੇ ਆ। ਤੇਇਧਰ ਪੰਜ ਸਾਲ ਉਸਲਵੱਟੇ ਲੈਂਦੇ, ਭੁੱਖ ਨਾਲ ਲੜਦੇ, ਲੋਕ ਲਹੂ ਦੇ ਅਥਰੂ ਪੀਂਦੇ, ਇਨਾਂ ਗਿਰਗਿਟਾਂ ਨੂੰ ਲੱਭਦੇ ਬਸ ਇਹੀ ਉਚਾਰੀ ਜਾਂਦੇ ਆ, “ ਜਿਨਹੇ ਨਾਜ ਹੈ ਹਿੰਦ ਪਰ ਵੋ ਕਹਾਂ ਹੈਂ?”
ਮਾਫ਼ ਕਰੋ ਜੀ, ਮਾਫ਼ ਕਰੋ
ਖ਼ਬਰ ਹੈ ਕਿ ਆਮ ਆਦਮੀ ਦੇ ਐਮ. ਪੀ. ਭਗਵੰਤ ਮਾਨ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਵਲੋਂ ਬਣਾਈ ਨੌਂ ਜਾਂਚ ਕਮੇਟੀ ਸਾਹਮਣੇ ਪੇਸ਼ ਹੋਏ। ਅਤੇ ਉਨਾਂ ਨੇ ਸੰਸਦ ਦੀ ਵੀਡੀਓ ਸਬੰਧੀ ਪੈਦਾ ਹੋਏ ਰੇੜਕੇ ਬਾਰੇ ਆਪਣਾ ਪੱਖ ਪੇਸ਼ ਕਰਦਿਆਂ ਪੰਜ ਸਫਿਆਂ ਦਾ ਇਕ ਲਿਖਤੀ ਜਵਾਬ ਕਮੇਟੀ ਨੂੰ ਪੇਸ਼ ਕੀਤਾ। ਕੋਈ ਆਖਰੀ ਫੈਸਲਾ ਲਏ ਜਾਣ ਤੱਕ ਭਗਵੰਤ ਮਾਨ ਉਪਰ ਲੋਕ ਸਭਾ ਦੀਕਾਰਵਾਈ ਵਿਚ ਭਾਗ ਲੈਣ 'ਤੇ ਰੋਕ ਲਾ ਦਿਤੀ ਹੈ।ਭਾਵੇਂ ਕਿ ਭਗਵੰਤ ਮਾਨ ਨੇ ਇਹ ਵੀਡੀਓ ਵਾਇਰਲ ਕਰਨ ਤੇ ਮੁਆਫੀ ਮੰਗ ਲਈ ਸੀ।
ਮਾਨ ਜਿਹੜਾ ਹਰ ਐਰੇ ਗੈਰੇ ਨੱਥੂ ਖੈਰ ਨੂੰ ਹਰ ਵੇਲੇ ਟਿੱਚ ਕਰੀ ਜਾਂਦਾ ਸੀ, ਉਸਦੀ ਤਾਂ ਭਾਈ ਬੋਲਤੀ ਹੀ ਬੰਦ ਕਰ ਤੀ ਦੇਸ਼ ਦੀ ਸੁਰੱਖਿਆ ਦੇ ਮਾਮਲੇ ਨੇ। ਲੋਕ ਸਭਾ 'ਚ ਜਾਣੋ ਰੋਕ ਕੇ ਵੱਡੀ ਬੇਇਨਸਾਫੀ ਹੋਈ ਆ ਮਾਨ ਨਾਲ। ਸੋਚਦਾ ਹੋਊ ਮਾਨ, ਕਾਹਨੂੰ ਪੱਥਰਾਂ ਨਾਲ ਭੇੜ ਲਾ ਲਿਆ। ਛੇੜਕੇ ਭਰਿੰਡ ਰੰਗੀਆਂ ਕਿਥੇ ਜਾਏਂਗਾ ਬੂਬਨਿਆਂ ਸਾਧਾ, ਵਾਲੀ ਗੱਲ ਕਰ ਤੀ ਬੀਬੀ ਸੁਮਿੱਤਰਾ ਨੇਉਹਦੇ ਨਾਲ! ਲੱਖ ਆਖਿਆ ਉਹਨੇ ਬੀਬੀ ਨੂੰ “ ਮਾਫ ਕਰੋ ਜੀ, ਮਾਫ ਕਰੋ ਜੀ ਬੀਬੀ ਜੀ,” ਪਰ ਬੀਬੀ ਆ ਕਿ ਮਾਨ ਵੱਲ ਝਾਕੀ ਹੀ ਨਾ ਸਗੋਂ ਆਂਹਦੀ “ਭਾਈ ਜੋ ਕਰੂ ਉਹੀ ਭਰੂ। ” ਤੂੰ ਤਾਂ ਭਾਈ ਸਭਨਾਂ ” ਨੂੰ ਟਿੱਚ ਕਰੀ ਜਾਂਨਾ। ਨਾ ਕਿਸੇ ਦਾ ਅੱਗਾ ਦੇਖਦਾਂ ਨਾ ਪਿੱਛਾ। ਕਦੇ ਮੋਦੀ ਮਗਰ, ਕਦੇ ਬਾਦਲਾਂ ਮਗਰ,ਕਦੇ ਮਜੀਠੀਏ ਦੁਆਲੇ, ਕਦੇ ਅਫਸਰਾਂ ਮਗਰ। ਕਦੇ ਮਾਸਟਰਾਂ ਨੂੰ, ਕਦੇ ਡਾਕਟਰਾਂ ਨੂੰ ਮਗਰ ਬੱਸ ਭੰਡੀ ਤੁਰਿਆ ਜਾਨਾਂ, ਭੰਡੀ ਤੁਰਿਆ ਜਾਨਾਂ!”
ਉਂਜ ਭਾਈ ਚਾਹੀਦਾ ਤਾਂ ਇਹ ਸੀ ਕਿ ਬੀਬੀ ਸੁਮਿੱਤਰਾ ਆਂਹਦੀ, ਮਾਨ ਨੂੰ ਕਾਕਾ ਮਜ਼ਾਕ ਤਾਂ ਤੂੰ ਵਾਹਵਾ ਕਰਦਾ ਆਂ, ਹਰ ਵੇਲੇ ਪਿੱਟ-ਸਿਆਪੇ ਵਾਲੇ ਸੰਸਦ ਦੇ ਮਾਹੌਲ 'ਚ ਥਾਂ ਸੋਟਾ ਟਕਾ ਕੇ ਮੈਂਬਰਾਂ ਦੇ ਢਿੱਡੀ ਪੀੜ ਪਾ ਦੇਨਾ ਆ, ਜੇ ਹਸਦਿਆਂ ਹਸਦਿਆਂ ਮੈਂਬਰੀ ਤੋਂ ਅਸਤੀਫਾ ਦੇਕੇ ਇਨਾਂ ਸਿਰ ਸੜਿਆਂ 'ਚੋਂ ਬਾਹਰ ਨਿਕਲ ਜਾਂਦਾ ਤਾਂ ਭਾਈ ਪੱਕੀ ਗੱਲ ਆ ਮੈਂ ਤੈਨੂੰ ਮੁਆਫ ਕਰਦਿਆਂ ਸਕਿੰਟਨਹੀਓਂ ਸੀ ਲਗਾਉਣਾ, ਕਿਉਂਕਿ ਉਥੇ ਹੱਸਦੇ ਖਿੜਦੇ ਬੰਦਿਆਂ ਦੀ ਨਹੀਂ, ਬੀਬਿਆ ਸਿਰਫ ਵੋਟਾਂ ਦੀ ਲੋੜ ਆ, ਜਿਹੜੇ ਜਾਂ ਤਾਂ ਸੀਟਾਂ ਤੇ ਬੈਠੇ ਸੁੱਤੇ ਰਹਿਣ ਜਾਂ ਲੋੜ ਵੇਲੇ ਆਪਣਿਆਂ ਦੇ ਹੱਕ 'ਚ ਬਟਨ ਦਬਾ ਦੇਣ।
ਇਥੇ ਬੈਠ ਕਿਸੇ ਨਹੀਂ ਰਹਿਣਾ
ਖ਼ਬਰ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਵੇਂ ਆਹੁਦੇਦਾਰਾਂ ਨੂੰ ਪਾਰਟੀ ਪ੍ਰਧਾਨ ਵਿਜੈ ਸਾਪਲਾ ਨੇ ਸਪਸ਼ਟ ਤੌਰ ਤੇ ਆਦੇਸ਼ ਦਿਤੇ ਹਨ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਕਾਲੀ ਦਲ ਨਾਲ ਮਿਲਕੇ ਚੱਲਣ ਅਤੇ ਹਫਤੇ 'ਚ ਛੇ ਦਿਨ ਫੀਲਡ 'ਚ ਰਹਿਕੇ ਲੋਕਾਂ ਨਾਲ ਸੰਪਰਕ ਤੇਜ਼ ਕਰਨ ਨਾਲ ਹੀ ਪਾਰਟੀ ਨੂੰ ਮਜ਼ਬੂਤ ਕਰਨ।
ਦੇਰ ਆਇਦ ਦੁਰੱਸਤ ਆਇਦ। ਸਾਢੇ ਚਾਰ ਸਾਲ ਕਰ ਲਈਆਂ ਮੌਜਾਂ। ਇੰਨੇ ਸਾਲ ਹੀ ਕਰ ਲਈਆਂ ਲੜਾਈਆਂ ਝਗੜੇ ਆਪਣਿਆ ਨਾਲ। ਸੁਭਾÀੇ ਆ ਭਾਈ ਪੰਜਾਬੀਆਂ ਦਾ ਇੱਟ ਖੜਿੱਕਾ ਤਾਂ ਹੋਣਾ ਹੀ ਚਾਹੀਦਾ। ਬੇਗਾਨੇ ਨਾ ਮਿਲਣ ਤਾਂ ਆਪਣਿਆ ਨਾਲ ਹੀ ਸਹੀ! ਬੰਦਾ ਜੇਕਰ ਸੇਰ ਨੂੰ ਸਵਾ ਸੇਰ ਹੋਕੇ ਨਾ ਟਕਰਿਆ ਤਾ ਭਾਈ ਬੰਦਾ ਕਾਹਦਾ ! ਉਂਜ ਭਾਈ ਇਨਾਂ ਦਿਨਾਂ 'ਚ ਇਹਨਾਂ ਲੋਕ-ਮਿੱਤਰ ਨੇਤਾਵਾਂ ਨੂੰ ਪਿੰਡੇਂ, ਸ਼ਹਿਰੇਂ, ਗਲੀ-ਮਹੁੱਲੇ, ਕੂੜੇ ਦੇ ਢੇਰ, ਗੰਦਾ ਪਾਣੀ, ਟੁੱਟੀਆਂ -ਫੁੱਟੀਆਂ ਸਰਕਾਰੀ ਇਮਾਰਤਾਂ, ਆਮ ਦੇਖਣ ਨੂੰ ਮਿਲਣਗੀਆਂ, ਹੱਥਾਂ 'ਚ ਮੰਗ ਪੱਤਰ ਲਈ ਪੈਨਸ਼ਨਾਂ, ਨੀਲੇ ਕਾਰਡ ਵਾਲੇ ਬਜ਼ੁਰਗ ਬੰਦੇ ਔਰਤਾਂ ਵੀ ਮਿਲਣਗੇ ।ਭਾਈ ਰਾਹੇ ਜਾਂਦੇ ਇਨਾਂ ਸਮੇਂ ਦੀ ਮਾਰ ਝਲ ਰਹੇ ਲੋਕਾਂ ਦੀ ਸਾਰ ਵੀ ਲੈ ਲਿਉ, ਜਿਹੜੇ ਵਿਚਾਰੇ ਤੁਹਾਡੇ ਵਰਗਿਆਂ ਦੇ ਦਰਸ਼ਨ ਕਰਨ ਨੂੰਸਾਲਾਂ ਬੱਧੀ ਤਰਸਦੇ ਆ।
ਚਾਰ ਦਿਨ ਚਾਨਣੀ ਤੇ ਫਿਰ ਅੰਧੇਰੀ ਰਾਤ ਵਾਲੀ ਗੱਲ ਤਾਂ ਨੇਤਾ ਜੀ ਸੁਣੀ ਹੀ ਹੋਣੀ ਆ ਤੁਸਾਂ, ਇਸ ਕਰਕੇ ਕਰ ਲਉ ਸੇਵਾ ਲੋਕਾਈ ਦੀ ਭਾਵੇਂ ਝੂਠੀ ਮੂਠੀ ਹੀ ਸਹੀ, ਮੰਨ ਲਉ ਹੁਕਮ ਆਪਣੇ ਪ੍ਰਧਾਨ ਜੀ ਦਾ ਭਾਵੇਂ ਐਂਵੇ ਕੈਂਵੇ ਹੀ ਸਹੀ, ਤੇ ਸੁਣ ਲਉ ਦਿਲ ਵਾਲਿਆਂ ਦੀ ਗੱਲ ਜੋ ਆਂਹਦੇ ਆ, “ਇਥੇ ਬੈਠ ਕਿਸੇ ਨਹੀਂ ਰਹਿਣਾ, ਮੇਲਾ ਦੋ ਦਿਨ ਦਾ”।
ਸਾਹ ਲੈ ਭਾਈ -ਬੰਦਾ
ਖ਼ਬਰ ਹੈ ਕਿ ਪੜੇ-ਲਿਖੇ ਨੌਜਵਾਨ ਰੁਜ਼ਗਾਰ ਦੀ ਤਲਾਸ਼ ਵਿਚ ਭਟਕਦੇ ਫਿਰਦੇ ਹਨ। ਪਰ ਸੂਬਾ ਸਰਕਾਰ 9 ਸਾਲਾਂ ਦੇ ਸਮੇਂ 'ਚ ਬੇਰੁਜ਼ਗਾਰਾ ਨੂੰ ਰੁਜ਼ਗਾਰ ਨਹੀਂ ਦੇ ਸਕੀ ਤੇ ਪੰਜਾਬ ਹਰ ਪਾਸੋਂ ਪੱਛੜ ਚੁਕਿਆ ਹੈ। ਇਸ ਨੂੰ ਮੁੜ ਵਿਕਾਸ ਲਈ ਇਮਾਨਦਾਰ ਤੇ ਨਿਧੜਕ ਕੈਪਟਨ ਅਮਰਿੰਦਰ ਸਿੰਘ ਜਿਹੀ ਸਖਸ਼ੀਅਤ ਨੂੰ ਮੁੱਖਮੰਤਰੀ ਬਨਾਉਣ ਦੀ ਜ਼ਰੂਰਤ ਹੈ। ਇਹ ਵਿਚਾਰ ਪੰਜਾਬ ਪ੍ਰਦੇਸ਼ਕਾਂਗਰਸ ਦੇ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਪ੍ਰਗਟ ਕੀਤੇ। ਉਨਾਂ ਆਖਿਆ ਕਿ ਪੰਜਾਬ ਰੋਡਵੇਜ਼ ਤੇ ਬਿਜਲੀ ਬੋਰਡ ਨੂੰ ਤਬਾਹੀ 'ਤੇ ਪਹੁੰਚਾਉਣ ਲਈ ਮੌਜੂਦਾ ਸਰਕਾਰ ਜੁੰਮੇਵਾਰ ਹੈ। ਉਨਾਂ ਕਿਹਾ ਕਿ ਸਭ ਤੋਂ ਸੋਹਣੀ ਤੇ ਖੁਸ਼ਹਾਲ ਧਰਤੀ 'ਤੇ ਰੇਤਾ, ਬੱਜਰੀ, ਕੇਬਲ, ਭੂਮੀ ਤੇ ਨਸ਼ੇ ਆਦਿ ਮਾਫੀਆ ਦਾ ਰਾਜ ਹੈ।
ਕੀਹਨੂੰ ਕੀਹਨੂੰ ਮੁੱਖਮੰਤਰੀ ਬਨਾਉਣ ਪੰਜਾਬੀ ? ਲਾਈਨ ਹੀ ਬੜੀ ਲੰਮੀ ਆ। ਪਹਿਲਾਂ ਤਾਂ ਹੁਣ ਵਾਲੇ ਹੀ ਆਂਹਦੇ ਆ 25 ਸਾਲ ਕੁਰਸੀ ਨਹੀਂ ਛੱਡਣੀ। ਮੁੱਖਮੰਤਰੀ ਦੀ ਕੁਰਸੀ ਖੋਹ ਖਿੱਚਣ ਵਾਲਿਆਂ 'ਚ ਕੈਪਟਨ ਅਮਰਿੰਦਰ ਸਿਹੁੰ, ਭਗਵੰਤ ਮਾਨ, ਸੁੱਚਾ ਸਿਹੁੰ, ਆਹ ਆਪਣਾ ਠਹਾਕੇ ਬਾਜ ਨਵਜੋਤ ਸਿੱਧੂ, ਜਗਮੀਤ ਬਰਾੜ, ਬੈਂਸ ਭਰਾ, ਫੂਲਕਾ ਅਤੇ ਦਰਜਨ ਕੁ ਭਰ ਹੋਰ ਨੇਤਾ ਦਿਨ ਰਾਤਇੱਕ ਕਰ ਰਹੇ ਆ। ਉਪਰੋਂ ਦਿਲੀਉ ਆਉਂਦਾ ਕੇਜਰੀਵਾਲ ਵੀ ਈਹਦੇ 'ਤੇ ਹੀ ਨਜ਼ਰ ਟਿਕਾਈ ਬੈਠਾ ਦਿਸਦਾ, ਹੁਸ਼ਿਆਰੀ ਨਾਲ ਠੂੰਗਾ ਜਿਹਾ ਮਾਰਨ ਲਈ ! ਸਾਹ ਲੈ ਭਾਈ-ਬੰਦਾ, ਕਾਹਲਾ ਨਾ ਪੈ, ਛੇ ਮਹੀਨੇ ਹੋਰ ਉਡੀਕ ਬਿੱਲੀ-ਥੈਲਿਉ ਬਾਹਰ ਆ ਹੀ ਜਾਣੀ ਆ। ਲੋਕਾਂ ਨੇ ਕਿਸੇ ਦੀ ਪੀਂ. ਪੀਂ. ਵਜਾ ਦੇਣੀ ਆ, ਕਿਸੇ ਦੇ ਤਸਲੇ ਮੂਧੇ ਮਾਰ ਦੇਣੇ ਆ, ਕਿਸੇ ਦੀ ਬੋਲਤੀ ਬੰਦ ਕਰ ਦੇਣੀ ਆ।ਭਾਈ-ਬੰਦਾ ਜਨਤਾ ਤਾਂ ਕੁਰਸੀ ਉਹਨੂੰ ਹੀ ਦਊ, ਜਿਹੜਾ ਉਨਾਂ ਦੇ ਦੁਖ ਦਲਿੱਦਰ ਦੂਰ ਕਰਨ ਦੀ ਦਊ ਸ਼ਾਹਦੀ ਅਤੇ ਕਰੂ ਪੰਜਾਬ 'ਚੋਂ ਕਚਰਾ ਸਾਫ। ਹੈ ਕਿ ਨਾ ?
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਦੇਸ਼ ਦੀਆਂ ਅਦਾਲਤਾਂ ਵਿਚ ਪਿਛਲੇ ਪੰਜ ਸਾਲਾ ਤੋਂ 80 ਲੱਖ ਤੋਂ ਜਿਆਦਾ ਕੇਸ ਲੰਬਿਤ ਪਏ ਹਨ, ਜਿਨਾਂ ਵਿਚ 43 ਫੀਸਦੀ ਸਿਰਫ ਦੇਸ਼ ਦੀਆਂ ਹਾਈ ਕੋਰਟਾਂ ਵਿਚ ਹਨ। ਦੇਸ਼ ਵਿਚ ਸਾਲ 2015 ਵਿਚ 75 ਫਿਰਕੂ ਦੰਗੇ ਹੋਏ, ਜਿਨਾਂ ਵਿਚ ਸਭ ਤੋਂ ਵੱਧ ਉਤਰਪ੍ਰਦੇਸ਼ ਵਿਚ ਸਨ। ਸਾਲ 2016 ਦੇ ਪੰਜ ਮਹੀਨਿਆਂ ਵਿਚ ਹੁਣ ਤੱਕ 2.78 ਫਿਰਕੂ ਦੰਗੇ ਹੋ ਚੁੱਕੇ ਹਨ। ਦੇਸ਼ ਵਿਚ ਹਰ ਸਾਲ 25000 ਔਰਤਾਂ ਬਲਾਤਕਾਰ ਦਾ ਸ਼ਿਕਾਰ ਹੁੰਦੀਆਂ ਹਨ ਜਿਨਾਂ ਵਿਚੋਂ 60% ਬੱਚੀਆਂ ਹਨ।
ਇੱਕ ਵਿਚਾਰ
ਸਮਾਜਕ ਤਰੱਕੀ ਤੋਂ ਬਿਨਾਂ ਆਰਥਿਕ ਵਿਕਾਸ 'ਚ ਜਿਆਦਾ ਲੋਕ ਗਰੀਬ ਰਹਿ ਜਾਂਦੇ ਹਨ, ਜਦਕਿ ਥੋੜੇ ਜਿਹੇ ਲੋਕ ਹੀ ਵਧਦੀ ਖੁਸ਼ਹਾਲੀ ਦਾ ਫਾਇਦਾ ਉਠਾਉਂਦੇ ਹਨ ਜਾਨ ਐਫ ਕੈਨੇਡੀ.
ਦੋ ਸਤਰਾਂ
ਪਿਆਰੇ ਨਾਭਿਕ, ਬੜੋ ਕਿਨਾਰਾ ਪਾਸ ਹੈ; ਕਰਮ ਕਰੋ ਜਬ ਤਕ ਇਸ ਤਨ ਮੇਂ ਸਾਂਸ ਹੈ, ਯਹ ਜੀਵਨ ਸਾਹਸ ਕਾ ਦੂਜਾ ਨਾਮ ਹੈ। ਪਿਆਰੇ ਨਾਭਿਕ, ਬੜੋ ਕਿਨਾਰਾ ਪਾਸ ਹੈ।
ਗੁਰਮੀਤ ਸਿੰਘ ਪਲਾਹੀ
9815802070