ਲੁਧਿਆਣਾ: 23 ਜਨਵਰੀ 2019 - ਗੌਰਮਿੰਟ ਮਹਿਲਾ ਕਾਲਿਜ ਲੁਧਿਆਣਾ ਦੀ ਪੰਜਾਬੀ ਸਾਹਿੱਤ ਸਭਾ ਵੱਲੋਂ ਕੈਲਗਰੀ(ਕੈਨੇਡਾ) ਵੱਸਦੀ ਪੰਜਾਬੀ ਲੇਖਿਕਾ ਗੁਰਚਰਨ ਕੌਰ ਥਿੰਦ ਦਾ ਕਹਾਣੀ ਸੰਗ੍ਰਹਿ ਕੈਨੇਡੀਅਨ ਕੂੰਜਾਂ ਲੋਕ ਅਰਪਨ ਕਰਦਿਆਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਵਿਕਸਤ ਕੈਨੇਡੀਅਨ ਸਮਾਜ ਵਿੱਤ ਭਾਰਤੀ ਪਰਵਾਸੀ ਧੀਆਂ ਭੈਣਾਂ ਦੀ ਸਥਿਤੀ ਬਾਰੇ ਲਿਖੀਆਂ ਇਹ ਕਹਾਣੀਆਂ ਸਾਨੂੰ ਔਰਤ ਸ਼ਕਤੀਕਰਨ ਦਾ ਅੰਦਰੂਨ ਮੁਹਾਂਦਰਾ ਵਿਖਾਉਂਦੀਆਂ ਹਨ।
ਉਨ੍ਹਾਂ ਕਿਹਾ ਕਿ ਗੁਰਚਰਨ ਕੌਰ ਥਿੰਦ ਵਰਗੇ ਬਦੇਸ਼ਾਂ ਚ ਸਾਹਿੱਤ ਸਿਰਜਣਾ ਕਰਦੇ ਲੇਖਕ ਪੰਜਾਬੀ ਸਭਿਆਚਾਰ ਦੇ ਬਿਨ ਤਨਖਾਹੋਂ ਬਦੇਸ਼ੀਂ ਚ ਰਾਜਦੂਤ ਹਨ ਜੋ ਸਭਿਆਚਾਰਕ ਆਦਾਨ ਪ੍ਰਦਾਨ ਰਾਹੀਂ ਸਾਨੂੰ ਉਥੋਂ ਦੀ ਖ਼ਬਰ ਦਿੰਦੇ ਤੇ ਲੈਂਦੇ ਰਹਿੰਦੇ ਹਨ। ਪ੍ਰੋ: ਗਿੱਲ ਨੇ ਕਿਹਾ ਕਿ ਕਾਲਜਾਂ ਤੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਸੁਹਜ ਪੱਖੋਂ ਚੇਤਨ ਕਰਨ ਤੇ ਸੰਵੇਦਨਸ਼ੀਲ ਬਣਾਉਣ ਲਈ ਇਹ ਮੁੱਲਵਾਨ ਸਰਗਰਮੀਆਂ ਵਧਾਉਣ ਦੀ ਲੋੜ ਹੈ। ਵਿਗਿਆਨ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਸਾਹਿੱਤ ਤੇ ਸਾਹਿੱਤ ਪੜ੍ਹਦੇ ਵਿਦਿਆਰਥੀਆਂ ਨੂੰ ਵਿਗਿਆਨਕ ਚੇਤਨਾ ਦੇਣ ਨਾਲ ਹੀ ਸਰਬ ਪੱਖੀ ਸੰਤੁਲਤ ਸ਼ਖਸੀਅਤ ਦਾ ਉਸਾਰ ਸੰਭਵ ਹੈ।
ਕੈਨੇਡੀਅਨ ਕੂੰਜਾਂ ਕਹਾਣੀ ਸੰਗ੍ਰਹਿ ਬਾਰੇ ਪੰਜਾਬੀ ਪੋਸਟ ਗਰੈਜੂਏਟ ਵਿਭਾਗ ਦੀ ਮੁਖੀ ਪ੍ਰੋ: ਪਰਮਜੀਤ ਕੌਰ,ਪ੍ਰੋ: ਕ੍ਰਿਸ਼ਨ ਸਿੰਘ ਸਾਬਕਾ ਪ੍ਰਿੰਸੀਪਲ, ਪ੍ਰੋ: ਪਰਮਜੀਤ ਕੌਰ, ਪ੍ਰੋ: ਅੰਮ੍ਰਿਤਪਾਲ, ਪ੍ਰੌ: ਜਸਲੀਨ ਕੌਰ ਤੇ ਡਾ: ਇੰਦਰਜੀਤ ਸਿੰਘ ਥਿੰਦ ਨੇ ਖੋਜਪੱਤਰ ਤੇ ਵਿਚਾਰ ਚਰਚਾ ਕੀਤੀ।
ਨਾਵਲਕਾਰ ਰਾਮ ਸਰੂਪ ਰਿਖੀ ਜੀ ਨੇ ਵਿਸ਼ੇਸ਼ ਮਹਿਮਾਨ ਵਜੋਂ ਬੋਲਦਿਆਂ ਸਾਹਿੱਤ ਦੇ ਮਨੋਰਥ ਬਾਰੇ ਚਾਨਣਾ ਪਾਉਂਦਿਆਂ ਗੁਰਚਰਨ ਕੌਰ ਥਿੰਦ ਦੀ ਕਹਾਣੀ ਵਿਧੀ ਦੀ ਸ਼ਲਾਘਾ ਕੀਤੀ।
ਗੁਰਚਰਨ ਕੌਰ ਥਿੰਦ ਨੇ ਇਨ੍ਹਾਂ ਕਹਾਣੀਆਂ ਦੀ ਸਿਰਜਣ ਪ੍ਰਕ੍ਰਿਆ ਤੇ ਪਰਵਾਸ ਅਨੁਭਵ ਬਾਰੇ ਜਾਣਕਾਰੀ ਦਿੱਤੀ।
ਕਾਲਿਜ ਪ੍ਰਿੰਸੀਪਲ ਡਾ: ਸਵਿਤਾ ਸ਼ਰਮਾ ਨੇ ਗੁਰਚਰਨ ਕੌਰ ਥਿੰਦ ਨੂੰ ਮੁਬਾਰਕ ਦਿੰਦਿਆਂ ਕਿਹਾ ਕਿਲਿਗਿਆਨ ਦੀ ਪੜ੍ਹਾਈ ਤੇ ਅੰਗਰੇਜੀ ਸਾਹਿੱਤ ਅਧਿਆਪਨ ਦੇ ਸੁਮੇਲ ਕਾਰਨ ਹੀ ਉਨ੍ਹਾਂ ਦਾ ਵਿਸ਼ਲੇਸ਼ਣੀ ਤੀਜਾ ਨੇਤਰ ਖੁੱਲ੍ਹਾ ਹੈ। ਉਨ੍ਹਾਂ ਬਾਹਰੋਂ ਆਏ ਲੇਖਕਾਂ ਦਾ ਵੀ ਕਾਲਿਜ ਪੁੱਜਣ ਤੇ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਲੇਖਿਕਾ ਦੇ ਪਤੀ ਡਾ: ਸੁਖਵਿੰਦਰ ਸਿੰਘ ਥਿੰਦ ਤੇ ਪਰਿਵਾਰ ਤੋਂ ਇਲਾਵਾ ਨਾਵਲਕਾਰ ਕਰਮਜੀਤ ਸਿੰਘ ਔਜਲਾ,ਗੁਰਸ਼ਰਨ ਸਿੰਘ ਨਰੂਲਾ ਸਮੇਤ ਕਈ ਉੱਘੇ ਵਿਅਕਤੀ ਹਾਜ਼ਰ ਸਨ।