ਪੰਜਾਬੀ ਯੂਨੀਵਰਸਿਟੀ ਵਿਖੇ ਜਪਾਨ ਰਹਿੰਦੇ ਪੰਜਾਬੀ ਕਵੀ ਪਰਮਿੰਦਰ ਸੋਢੀ ਦਾ ਰੂ-ਬ-ਰੂ ਕਰਵਾਇਆ
- ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਦੌਰ ਵਿੱਚ ਮਨੁੱਖ ਦਾ ਸਿਰਜਣਾ ਨਾਲ਼ ਜੁੜਨਾ ਬਹੁਤ ਜ਼ਰੂਰੀ: ਪਰਮਿੰਦਰ ਸੋਢੀ
ਪਟਿਆਲਾ, 20 ਅਗਸਤ 2024 - ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਵਿਖੇ ਜਪਾਨ ਰਹਿੰਦੇ ਪੰਜਾਬੀ ਕਵੀ ਅਤੇ ਸਾਹਿਤਕਾਰ ਪਰਮਿੰਦਰ ਸੋਢੀ ਦਾ ਰੂ-ਬ-ਰੂ ਕਰਵਾਇਆ ਗਿਆ। ਪਰਮਿੰਦਰ ਸੋਢੀ ਵੱਲੋਂ ਵਿਦਿਆਰਥੀਆਂ ਨਾਲ਼ ਰਚਾਏ ਗਏ ਸੰਵਾਦ ਦੌਰਾਨ ਆਪਣੀ ਲੇਖਣ ਕਲਾ ਅਤੇ ਜਪਾਨ ਵਿੱਚ ਰਹਿਣ ਦੇ ਅਨੁਭਵ ਦੇ ਹਵਾਲੇ ਨਾਲ਼ ਗੱਲਬਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਖ-ਵੱਖ ਵਿਸ਼ਿਆਂ ਬਾਰੇ ਅਹਿਮ ਟਿੱਪਣੀਆਂ ਕੀਤੀਆਂ। ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਦੇ ਪ੍ਰਸੰਗ ਵਿੱਚ ਬੋਲਦਿਆਂ ਉਨ੍ਹਾਂ ਟਿੱਪਣੀ ਕੀਤੀ ਕਿ ਇਸ ਦੌਰ ਵਿੱਚ ਕਵਿਤਾ ਮਨੁੱਖ ਲਈ ਮਦਦਗਾਰ ਹੋਵੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਇਸ ਦੌਰ ਵਿੱਚ ਮਨੁੱਖ ਦਾ ਸਿਰਜਣਾ ਨਾਲ਼ ਜੁੜਨਾ ਬਹੁਤ ਜ਼ਰੂਰੀ ਹੈ।
ਇਸ ਮੌਕੇ ਹਾਜ਼ਰ ਵਿਦਿਆਰਥੀਆਂ ਨੇ ਉਨ੍ਹਾਂ ਕੋਲ਼ੋਂ ਜਪਾਨੀ ਸਮਾਜ ਬਾਰੇ ਜਾਣਨ ਲਈ ਉਤਸੁਕਤਾ ਵਿਖਾਈ ਜਿਸ ਦੇ ਨਤੀਤੇ ਵਜੋਂ ਪਰਮਿੰਦਰ ਸੋਢੀ ਨੇ ਜਪਾਨੀ ਸਮਾਜ ਬਾਰੇ ਬਹੁਤ ਸਾਰੀਆਂ ਰੌਚਿਕ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਜਪਾਨੀਆਂ ਦੇ ਰਹਿਣ-ਸਹਿਣ ਅਤੇ ਵਿਚਰਣ ਦੇ ਢੰਗ ਦੀ ਪ੍ਰਸ਼ੰਸ਼ਾ ਕਰਦਿਆਂ ਦੱਸਿਆ ਕਿ ਹੋਰਨਾਂ ਸਮਾਜਾਂ ਨੂੰ ਵੀ ਇਸ ਤੋਂ ਸੇਧ ਮਿਲ ਸਕਦੀ ਹੈ। ਉਨ੍ਹਾਂ ਦੱਸਿਆ ਕਿ ਜਪਾਨੀ ਲੋਕ ਟਾਪੂਆਂ ਉੱਤੇ ਰਹਿਣ ਵਾਲ਼ੇ ਲੋਕ ਹਨ ਜੋ ਕਦੇ ਵੀ ਕਿਸੇ ਹੋਰ ਦੇਸ ਵਿੱਚ ਪੱਕੇ ਤੌਰ ਉੱਤੇ ਪਰਵਾਸ ਨਹੀਂ ਕਰਦੇ। ਉਹ ਧਰਮ, ਜਾਤ ਜਾਂ ਕਿਸੇ ਵੀ ਹੋਰ ਅਧਾਰ ਉੱਤੇ ਵਿਤਕਰਾ ਨਹੀਂ ਕਰਦੇ।
ਉਨ੍ਹਾਂ ਆਪਣੇ ਅਨੁਵਾਦ ਸੰਬੰਧੀ ਕੀਤੇ ਕੰਮ ਦੇ ਪ੍ਰਸੰਗ ਵਿੱਚ ਇਸ ਸੰਬੰਧੀ ਲੋੜ, ਪ੍ਰੇਰਣਾ, ਵਿਧੀ, ਢੰਗ, ਮਹੱਤਤਾ ਆਦਿ ਦੇ ਹਵਾਲੇ ਨਾਲ਼ ਗੱਲਾਂ ਕੀਤੀਆਂ।
ਵਿਭਾਗ ਮੁਖੀ ਡਾ. ਪਰਮੀਤ ਕੌਰ ਨੇ ਸਵਾਗਤੀ ਸ਼ਬਦ ਬੋਲੇ। ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਪ੍ਰੋ. ਹਰਜੋਧ ਸਿੰਘ ਵੱਲੋਂ ਪਰਮਿੰਦਰ ਸੋਢੀ ਦੀ ਸ਼ਖ਼ਸੀਅਤ ਦੀਆਂ ਵੱਖ-ਵੱਖ ਪਰਤਾਂ ਬਾਰੇ ਜਾਣ ਪਛਾਣ ਕਰਵਾਈ ਗਈ। ਅੰਤ ਵਿੱਚ ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ. ਭੀਮਿਇੰਦਰ ਸਿੰਘ ਵੱਲੋਂ ਧੰਨਵਾਦੀ ਸ਼ਬਦ ਬੋਲੇ ਗਏ। ਇਸ ਮੌਕੇ ਵਿਭਾਗ ਦੇ ਸਾਬਕਾ ਅਧਿਆਪਕ ਰਾਜਿੰਦਰ ਲਹਿਰੀ ਵੀ ਮੌਜੂਦ ਰਹੇ।