ਕੈਨੇਡਾ ਦੇ ਲੇਖਕਾਂ ਵੱਲੋਂ ਗੁਰਭਜਨ ਗਿੱਲ ਨੂੰ ਨੰਦ ਲਾਲ ਨੂਰਪੁਰੀ ਐਵਾਰਡ ਲਈ ਚੁਣੇ ਜਾਣ ‘ਤੇ ਮੁਬਾਰਕਾਂ
ਹਰਦਮ ਮਾਨ,ਬਾਬੂਸ਼ਾਹੀ ਨੈਟਵਰਕ
ਸਰੀ, 18 ਨਵੰਬਰ 2022-ਲੋਕ ਮੰਚ ਪੰਜਾਬ ਵੱਲੋਂ ਨਾਮਵਰ ਪੰਜਾਬੀ ਸ਼ਾਇਰ, ਗੀਤਕਾਰ ਗੁਰਭਜਨ ਗਿੱਲ ਨੂੰ ਨੰਦ ਲਾਲ ਨੂਰਪੁਰੀ ਐਵਾਰਡ ਦੇਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਗਰੇਟਰ ਵੈਨਕੂਵਰ ਦੇ ਲੇਖਕਾਂ ਨੇ ਸ. ਗਿੱਲ ਨੂੰ ਵਧਾਈ ਦਿੱਤੀ ਹੈ ਅਤੇ ਲੋਕ ਮੰਚ ਪੰਜਾਬ ਦੀ ਪ੍ਰਬੰਧਕੀ ਕਮੇਟੀ ਦਾ ਧੰਨਵਾਦ ਕੀਤਾ ਹੈ।
ਵੈਨਕੂਵਰ ਵਿਚਾਰ ਮੰਚ ਦੇ ਲੇਖਕਾਂ ਨੇ ਇਕ ਸੰਖੇਪ ਮੀਟਿੰਗ ਕਰਕੇ ਇਸ ਐਲਾਨ ‘ਤੇ ਖੁਸ਼ੀ ਪ੍ਰਗਟ ਕਰਦਿਆਂ ਗੁਰਭਜਨ ਗਿੱਲ ਨੂੰ ਮੁਬਾਰਕਬਾਦ ਦਿੱਤੀ ਹੈ ਅਤੇ ਕਿਹਾ ਕਿ ਇਸ ਨਾਲ ਜਿੱਥੇ ਪੰਜਾਬੀ ਸੱਭਿਆਚਾਰਕ ਗੀਤਕਾਰੀ ਦਾ ਮਾਣ ਸਤਿਕਾਰ ਵਧਿਆ ਹੈ ਉੱਥੇ ਹੀ ਸੱਭਿਅਕ ਅਤੇ ਉਸਾਰੂ ਗੀਤਕਾਰਾਂ ਲਈ ਇਹ ਇਕ ਬੇਹੱਦ ਉਤਸ਼ਾਹਜਨਕ ਕਦਮ ਹੋਵੇਗਾ। ਮੰਚ ਦੇ ਬੁਲਾਰੇ ਅਤੇ ਪ੍ਰਸਿੱਧ ਸ਼ਾਇਰ ਮੋਹਨ ਗਿੱਲ ਨੇ ਕਿਹਾ ਕਿ ਗੁਰਭਜਨ ਗਿੱਲ ਇਕ ਸਮਰੱਥ ਸ਼ਾਇਰ ਅਤੇ ਮੰਨੇ ਹੋਏ ਗੀਤਕਾਰ ਹਨ। ਉਨ੍ਹਾਂ ਦੇ ਗੀਤਾਂ ਦੀਆਂ ਦੋ ਪੁਸਤਕਾਂ ‘ਫੁੱਲਾਂ ਦੀ ਝਾਂਜਰ’ ਅਤੇ ‘ਪਿੱਪਲ ਪੱਤੀਆਂ’ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਨਾਂ ਦੇ ਬਹੁਤ ਸਾਰੇ ਗੀਤ ਪੰਜਾਬੀ ਦੇ ਨਾਮੀਂ ਕਲਾਕਾਰਾਂ ਦੀ ਆਵਾਜ਼ ਵਿਚ ਰਿਕਾਰਡ ਹੋ ਚੁੱਕੇ ਹਨ। ਵਿਸ਼ੇਸ਼ ਤੌਰ ‘ਤੇ ਉਨ੍ਹਾਂ ਦਾ ਗੀਤ ‘ਲੋਰੀ’ ਏਨਾ ਹਰਮਨ ਪਿਆਰਾ ਹੋਇਆ ਹੈ ਕਿ ਬਹੁਤ ਸਾਰੇ ਪੰਜਾਬੀ ਗਾਇਕ ਇਸ ਨੂੰ ਗਾ ਕੇ ਆਪਣੇ ਆਪ ਨੂੰ ਮਾਣਮੱਤਾ ਮਹਿਸੂਸ ਕਰ ਰਹੇ ਹਨ। ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਹਰਦਮ ਸਿੰਘ ਮਾਨ, ਜਰਨੈਲ ਸਿੰਘ ਆਰਟਿਸਟ, ਚਮਕੌਰ ਸਿੰਘ ਸੇਖੋਂ, ਨਵਦੀਪ ਗਿੱਲ, ਅੰਗਰੇਜ਼ ਬਰਾੜ, ਪਰਮਜੀਤ ਸਿੰਘ ਸੇਖੋਂ, ਜਸਕਰਨ ਸਿੰਘ ਅਤੇ ਨਵਰੂਪ ਸਿੰਘ ਨੇ ਇਸ ਐਲਾਨ ਨੂੰ ਉਸਾਰੂ ਪੰਜਾਬੀ ਗੀਤਕਾਰਾਂ ਲਈ ਇਕ ਸ਼ੂੱਭ ਸ਼ਗਨ ਦਸਦਿਆਂ ਗੁਰਭਜਨ ਗਿੱਨ ਨੂੰ ਵਧਾਈ ਦਿੱਤੀ ਹੈ ਅਤੇ ਲੋਕ ਮੰਚ ਪੰਜਾਬ ਦਾ ਧੰਨਵਾਦ ਕੀਤਾ ਹੈ।
ਇਕ ਵੱਖਰੇ ਬਿਆਨ ਰਾਹੀਂ ਵਿਰਾਸਤ ਫਾਊਂਡੇਸ਼ਨ ਦੇ ਭੁਪਿੰਦਰ ਸਿੰਘ ਮੱਲ੍ਹੀ ਅਤੇ ਸਮੁੱਚੀ ਟੀਮ ਵੱਲੋਂ ਗੁ॥ਰਭਜਨ ਗਿੱਲ ਨੂੰ ਪੰਜਾਬੀ ਸਾਹਿਤ ਤੇ ਸੱਭਿਆਚਾਰ ਦੀ ਸੁਚੇਤ ਅੱਖ, ਪ੍ਰਤਿਭਾਮਾਨ ਤੇ ਰੂਹਦਾਰ ਸ਼ਖ਼ਸੀਅਤ ਦਸਦਿਆਂ ਨੰਦ ਲਾਲ ਨੂਰਪੁਰੀ ਪੁਰਸਕਾਰ ਦੀ ਚੋਣ ਕਰਨ ਲਈ ਲੋਕ ਮੰਚ ਪੰਜਾਬ ਦਾ ਧੰਨਵਾਦ ਕੀਤਾ ਹੈ ਅਤੇ ਸ. ਗਿੱਲ ਨੂੰ ਮੁਬਾਰਕਬਾਦ ਦਿੱਤੀ ਹੈ। ਆਪਣੀਆਂ ਸ਼ੁਭ ਕਾਮਨਾਵਾਂ ਪੇਸ਼ ਕਰਦਿਆਂ ਵਿਰਾਸਤ ਫਾਊਂਡੇਸ਼ਨ ਦੇ ਆਗੂਆਂ ਨੇ ਇਸ ਗੱਲੋਂ ਵੀ ਖੁਸ਼ੀ ਜ਼ਾਹਰ ਕੀਤੀ ਹੈ ਕਿ ਗੁਰਭਜਨ ਗਿੱਲ ਨੇ ਪੁਰਸਕਾਰ ਨੂੰ ਇਸ ਵਾਅਦੇ ਨਾਲ ਸਵੀਕਾਰ ਕੀਤਾ ਕਿ ਉਹ ਇਸ ਪੁਰਸਕਾਰ ਦੀ ਲਾਜ ਰੱਖਣ ਲਈ ਪੂਰੀ ਕੋਸ਼ਿਸ਼ ਕਰਨਗੇ।
ਸਾਊਥ ਏਸ਼ੀਅਨ ਰੀਵਿਊ, ਜੀਵੇ ਪੰਜਾਬ ਅਦਬੀ ਸੰਗਤ ਅਤੇ ਰਣਧੀਰ ਢਿੱਲੋਂ ਵੱਲੋਂ ਵੀ ਗੁਰਭਜਨ ਗਿੱਲ ਨੂੰ ਇਸ ਪੁਰਸਕਾਰ ਲਈ ਨਾਮਜ਼ਦ ਹੋਣ ‘ਤੇ ਵਧਾਈ ਦਿੱਤੀ ਗਈ ਹੈ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com