ਪਟਿਆਲਾ, 5 ਅਕਤੂਬਰ, 2017 : ਰੱਬ ਦੇ ਰੰਗ ਵੀ ਕਮਾਲ ਹਨ। ਪੰਜਾਬੀ ਮਾਂ ਬੋਲੀ ਨੂੰ ਮਾਣ ਦੁਆਉਣ ਦਾ ਜਿੰਮਾ ਪੰਜਾਬੀਆਂ ਨੂੰ ਦੇਣ ਦੀ ਥਾਂ ਕਨੱੜ ਦੇ ਇਕ ਪ੍ਰੋਫੈਸਰ ਦੇ ਹਿੱਸੇ ਆ ਗਿਆ ਹੈ ਜਿਸਨੇ ਅੱਜ ਪੰਜਾਬ ਵਿਚ ਰਾਸ਼ਟਰੀ ਰਾਜ ਮਾਰਗਾਂ 'ਤੇ ਲਿਖੇ ਸਾਈਨ ਬੋਰਡਜ਼ 'ਤੇ ਪੰਜਾਬੀ ਭਾਸ਼ਾ ਨੂੰ ਤੀਜੇ ਸਥਾਨ 'ਤੇ ਲਿਖਣ ਵਿਰੁੱਧ ਪੀ ਡਬਲਿਊ ਡੀ ਬੀ ਐਂਡ ਆਰ ਵਿਭਾਗ ਨੂੰ ਕਾਨੂੰਨੀ ਨੋਟਿਸ ਦੇ ਕੇ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਬੋਰਡਾਂ 'ਤੇ ਪੰਜਾਬੀ ਪਹਿਲੇ ਨੰਬਰ 'ਤੇ ਲਿਖਣ ਵਾਸਤੇ ਆਖਿਆ ਹੈ।
ਚੰਡੀਗੜ• ਦੇ ਸਰਕਾਰੀ ਕਾਲਜ ਵਿਚ ਸਹਾਇਕ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾ ਰਹੇ ਪ੍ਰੋ. ਪੰਡਿਤ ਰਾਓ ਧਰੇਨਵਰ ਨੇ ਅੱਜ ਪੰਜਾਬੀ ਭਾਸ਼ਾ ਨੂੰ ਪਹਿਲੇ ਨੰਬਰ 'ਤੇ ਲਿਖਵਾਉਣ ਦੀ ਮੰਗ ਨੂੰ ਲੈ ਕੇ ਇਥੇ ਬੱਸ ਸਟੈਂਡ ਤੋਂ ਲੈ ਕੇ ਮਿੰਨੀ ਸਕੱਤਰੇਤ ਵਿਚ ਪੀ ਡਬਲਿਊ ਡੀ ਬੀ ਐਂਡ ਆਰ ਵਿਭਾਗ ਦੇ ਮੁੱਖ ਦਫਤਰ ਤੱਕ ਇਕੱਲਿਆਂ ਹੀ ਮਾਰਚ ਕੱਢਿਆ। ਉਹਨਾਂ ਨੇ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਕਰੋ ਜੀ..ਦੀ ਤਖਤੀ ਆਪਣੇ ਸਿਰ 'ਤੇ ਚੁੱਕੀ ਹੋਈ ਸੀ। ਇਹ ਪ੍ਰੋਫੈਸਰ ਫਿਰ ਪੀ ਡਬਲਿਊ ਡੀ ਦੇ ਚੀਫ ਇੰਜੀਨੀਅਰ ਕੋਲ ਪਹੁੰਚੇ ਤੇ ਉਹਨਾਂ ਨੂੰ ਪੱਤਰ ਨੁਮਾ ਇਹ ਨੋਟਿਸ ਸੌਂਪਿਆ।
ਪ੍ਰੋ. ਪੰਡਤ ਰਾਓ ਧਰੇਨਵਰ ਨੇ ਦੱਸਿਆ ਕਿ ਇਹ ਪੱਤਰ ਨੁਮਾ ਨੋਟਿਸ ਤਿੰਨ ਮਹੀਨਿਆਂ ਲਈ ਵੈਧ ਹੈ ਅਤੇ ਜੇਕਰ ਵਿਭਾਗ ਨੇ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਪੰਜਾਬ ਵਿਚਲੇ ਰਾਸ਼ਟਰੀ ਰਾਜ ਮਾਰਗਾਂ 'ਤੇ ਬੋਰਡਾਂ ਉਪਰ ਪੰਜਾਬੀ ਪਹਿਲੇ ਨੰਬਰ 'ਤੇ ਨਾ ਲਿਖੀ ਤਾਂ ਉਹ ਕੋਰਟ ਚਲੇ ਜਾਣਗੇ। ਉਹਨਾਂ ਨੇ ਰਾਸ਼ਟਰੀ ਰਾਜ ਮਾਰਗ ਨੰਬਰ 54 ਦੀਆਂ ਤਸਵੀਰਾਂ ਵਿਖਾਉਂਦਿਆਂ ਦੱਸਿਆ ਕਿ ਹਿੰਦੀ ਪਹਿਲੇ ਨੰਬਰ 'ਤੇ, ਅੰਗਰੇਜ਼ੀ ਦੂਜੇ ਅਤੇ ਪੰਜਾਬੀ ਤੀਜੇ ਨੰਬਰ 'ਤੇ ਲਿਖੀ ਗਈ ਹੈ ਜਦਕਿ 1963 ਦੇ ਸਰਕਾਰੀ ਭਾਸ਼ਾ ਐਕਟ ਦੇ ਅਨੁਸਾਰ ਸਥਾਨਕ ਭਾਸ਼ਾ ਪਹਿਲੇ ਨੰਬਰ 'ਤੇ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪੰਜਾਬੀ ਨੂੰ ਤੀਜੇ ਸਥਾਨ 'ਤੇ ਲਿਖਣਾ ਮਾਂ ਬੋਲੀ ਦਾ ਅਪਮਾਨ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਤਾਂ ਮੀਲ ਪੱਥਰ ਵੀ ਹੁਣ ਹਿੰਦੀ ਵਿਚ ਲਿਖੇ ਜਾ ਰਹੇ ਹਨ ਜੋ ਹੈਰਾਨੀਜਨਕ ਵਰਤਾਰਾ ਹੈ।
ਪ੍ਰੋ. ਪੰਡਤ ਰਾਓ ਧਰੇਨਵਰ ਨੇ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਨੇ ਉਹਨਾਂ ਨੂੰ ਭਰੋਸਾ ਦੁਆਇਆ ਹੈ ਕਿ ਇਹਨਾਂ ਬੋਰਡਾਂ 'ਤੇ ਪੰਜਾਬੀ ਪਹਿਲੇ ਨੰਬਰ 'ਤੇ ਲਿਖ ਦਿੱਤੀ ਜਾਵੇਗੀ।
ਦੱਸਣਯੋਗ ਹੈ ਕਿ ਮੂਲ ਰੂਪ ਵਿਚ ਕਰਨਾਟਕਾ ਦੇ ਰਹਿਣ ਵਾਲੇ ਪ੍ਰੋ. ਪੰਡਤਰਾਓ ਧਰੇਨਵਰ ਨੇ ਸ੍ਰੀ ਜਪੁਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ, ਆਸਾ ਦੀ ਵਾਰ ਤੇ ਜਫਰਨਾਮੇ ਦਾ ਕੰਨੜ ਭਾਸ਼ਾ ਵਿਚ ਤਰਜਮਾ ਵੀ ਕੀਤਾ ਹੈ।