← ਪਿਛੇ ਪਰਤੋ
ਜਿੰਨ੍ਹਾਂ ਕੋਲ ਹਥਿਆਰ ਹਨ ਉਹ ਜਿਊਣਾ ਨਹੀਂ ਜਾਣਦੇ ਸਿਰਫ਼ ਮਰਨਾ ਤੇ ਮਾਰਨਾ ਜਾਣਦੇ ਹਨ। ਖੇਡਣਾ ਨਹੀਂ ਜਾਣਦੇ ਖੇਡ ਵਿਗਾੜਨੀ ਜਾਣਦੇ ਹਨ। ਸ਼ਿਕਾਰ ਖੇਡਦੇ ਖੇਡਦੇ ਖੰੂਖ਼ਾਰ ਸ਼ਿਕਾਰੀ। ਹਰ ਪਲ ਸ਼ਿਕਾਰ ਲੱਭਦੇ। ਜਿੰਨ੍ਹਾਂ ਕੋਲ ਹਥਿਆਰ ਹਨ ਉਨ੍ਹਾਂ ਕੋਲ ਬਹੁਤ ਕੁਝ ਹੈ ਖੁਸ਼ੀਆਂ ਖੇੜਿਆਂ ਚਾਵਾਂ ਤੋਂ ਸਿਵਾ। ਹਥਿਆਰਾਂ ਵਾਲਿਆਂ ਕੋਲ ਪੰਡਾਂ ਦੀਆਂ ਪੰਡਾਂ ਹੈਂਕੜ ਹੈ ਹੰਕਾਰ ਹੈ ਬੇਮੁਹਾਰ। ਜਾਂਗਲੀ ਵਿਹਾਰ ਹੈ। ਜਾਨ ਲੈਣਾ ਕਿਰਦਾਰ ਹੈ। ਰਹਿਮ ਤੋਂ ਸਿਵਾ। ਉਹ ਨਹੀਂ ਜਾਣਦੇ ਹਥਿਆਰ ਦਾ ਮੂੰਹ ਕਾਲ਼ਾ ਹੁੰਦੈ। ਤੇ ਮੌਤ ਤੋਂ ਸਿਵਾ ਉਹ ਕੁਝ ਵੀ ਵੰਡਣ ਦੇ ਕਾਬਲ ਨਹੀਂ ਹੁੰਦੇ। ਬੇਰਹਿਮ ਦਰਿੰਦੇ ਜਹੇ। ਹਥਿਆਰਾਂ ਦੇ ਵਣਜਾਰੇ। ਅੰਤਰ ਰਾਸ਼ਟਰੀ ਹਤਿਆਰੇ। ਆਦਮਖ਼ੋਰ ਵਰਤਾਰੇ। ਜ਼ਿੰਦਗੀ ਤੋਂ ਕੋਹਾਂ ਦੂਰ। ਹਥਿਆਰਾਂ ਵਾਲਿਆਂ ਕੋਲ ਸ਼ਬਦ ਨਹੀਂ ਹੁੰਦੇ। ਧਮਕੀਆਂ ਹੁੰਦੀਆਂ ਹਨ। ਮਰਨ ਮਾਰਨ ਦੀਆਂ। ਹੌਂਕਦੀਆਂ ਜੀਭਾਂ ਹੁੰਦੀਆਂ ਹਨ। ਉਨ੍ਹਾਂ ਕੋਲ ਝਾਂਜਰਾਂ ਨਹੀਂ ਹੁੰਦੀਆਂ ਚਾਵਾਂ ਦੇ ਪੈਰੀਂ ਪਾਕੇ ਨੱਚਣ ਲਈ। ਛਣਕਾਰ ਉਨ੍ਹਾਂ ਦੇ ਸ਼ਬਦਕੋਸ਼ ਦਾ ਹਿੱਸਾ ਨਹੀਂ ਬਣਦਾ ਕਦੇ। ਧਰਤੀ ਤੇ ਵਿਛੀ ਵਿਛਾਈ ਰਹਿ ਜਾਂਦੀ ਹੈ, ਫੁੱਲਾਂ ਕੱਢੀ ਚਾਦਰ। ਬਹੁਤ ਕੁਝ ਨਹੀਂ ਹੁੰਦਾ ਉਨ੍ਹਾਂ ਕੋਲ ਜਿੰਨ੍ਹਾਂ ਕੋਲ ਹਥਿਆਰ ਹੁੰਦਾ ਹੈ।
Total Responses : 267