ਮੇਰੇ ਭਾ ਜੀ ਮਲਵਿੰਦਰਜੀਤ ਸਿੰਘ ਵੜੈਚ ਗੁਰੂ ਨਾਨਕ ਇੰਜਨੀਰਿੰਗ ਕਾਲਿਜ ਲੁਧਿਆਣਾ ਚ ਲੰਮਾ ਸਮਾਂ ਪੜ੍ਹਾ ਕੇ 1990 ਚ ਸੇਵਾ ਮੁਕਤ ਹੋ ਗਏ ਸਨ।
ਸਾਰੇ ਸੇਵਾਕਾਲ ਦੌਰਾਨ ਹਜ਼ਾਰਾਂ ਵਿਦਿਆਰਥੀਆਂ ਨੂੰ ਉਨ੍ਹਾਂ ਹੂਮੈਨੇਟੀਜ਼ ਦਾ ਸਬਕ ਪੜ੍ਹਾਇਆ। ਦੇਸ ਪਰਦੇਸ ਚ ਬਹੁਤੇ ਅੱਜ ਵੀ ਉਹ ਚੇਤੇ ਰੱਖੀ ਬੈਠੇ ਹਨ ਪਰ ਜਿਹੜੇ ਚੇਲਿਆਂ ਨੇ ਉਹ ਸਬਕ ਹਰ ਦਮ ਹਰ ਪਲ ਵਿੱਚ ਵਸਾਇਆ ਹੋਇਆ ਹੈ ਉਨ੍ਹਾਂ ਚੋਂ ਇੱਕ ਡਾ: ਸੁਰਿੰਦਰਬੀਰ ਸਿੰਘ ਜੀ ਹਨ, ਜੋ ਗੁਰੂ ਨਾਨਕ ਇੰਜਨੀਰਿੰਗ ਕਾਲਿਜ ਦੇ ਪ੍ਰਿੰਸੀਪਲ ਵੀ ਰਹੇ ਹਨ।
ਸੇਵਾਮੁਕਤੀ ਉਪਰੰਤ ਉਨ੍ਹਾਂ ਨੂੰ ਵੀ ਲੱਖਾਂ ਰੁਪਏ ਤਨਖਾਹ ਵਾਲੇ ਪੁਨਰ ਰੁਜ਼ਗਾਰ ਮੌਕੇ ਮਿਲੇ ਪਰ ਉਨ੍ਹਾਂ ਨੇ ਇਿਕੋ ਗੱਲ ਕਹੀ, ਬਾਕੀ ਰਹਿੰਦੇ ਸਵਾਸ ਤੇ ਲਿਆਕਤ ਹੁਣ ਓਥੇ ਖਰਚਾਂਗਾ, ਜਿੱਥੇ ਇਸ ਦੀ ਜ਼ਰੂਰਤ ਹੈ। ਗਿਆਨ ਵਿਗਿਆਨ ਪੜ੍ਹਾ ਸਕਣ ਦੇ ਸਮਰੱਥ ਸੇਵਾਮੁਕਤ ਅਧਿਆਪਕਾਂ ਦਾ ਕਾਫ਼ਲਾ ਤਿਆਰ ਕਰਕੇ ਸਰਾਭਾ ਨਗਰ ਗੁਰੂਘਰ ਲੁਧਿਆਣੇ ਅਰਦਾਸ ਕੀਤੀ, ਲੋੜਵੰਦ ਬੱਚਿਆਂ ਨੂੰ ਗਿਆਨ ਵਿਗਿਆਨ ਪੜ੍ਹਾਉਣ ਦਾ ਟੀਚਾ ਕੇਸਾਂ ਸਵਾਸਾਂ ਨਾਲ ਨਿਭ ਜਾਵੇ।
ਪੈਨਸ਼ਨ ਰਹਿਤ ਰੁਜ਼ਗਾਰ ਕਰਨ ਦੇ ਬਾਵਜੂਦ ਉਹ ਕਮਰਕੱਸਾ ਕਰਕੇ ਤੁਰ ਪਏ। ਹੁਣ ਤਾਂ ਕਈ ਸਾਲ ਹੋ ਗਏ ਨੇ। ਗੁਰੂ ਘਰਾਂ ਚ ਹਰ ਧਰਮ ਦੇ ਬੱਚਿਆਂ ਨੂੰ ਪੜ੍ਹਾ ਕੇ ਚੋਟੀ ਦੇ ਅਨੇਕਾਂ ਇੰਜਨੀਰਿੰਗ ਕਾਲਜਾਂ ਚ ਭੇਜ ਚੁਕੇ ਹਨ।
ਸਰਕਾਰੀ ਤੇ ਪੇਂਡੂ ਸਕੂਲਾਂ ਚ ਜਾਂਦੇ ਹਨ। ਯੋਗ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੰਦੇ ਹਨ, ਅਗਵਾਈ ਦਾ ਇਕਰਾਰ ਕਰਦੇ ਹਨ, ਪੂਰਾ ਕਰਦੇ ਹਨ ਵਾਅਦਾ।
ਆਪਣੇ ਤਜ਼ਰਬੇ ਸਾਂਝੇ ਕਰਦੇ ਹਨ। ਨਿਰੋਲ ਊਰਜਾ ਨੂੰ ਮਨੁੱਖੀ ਜਾਮੇ ਚ ਵੇਖਣਾ ਹੋਵੇ ਤਾਂ ਭਾ ਜੀ ਸੁਰਿੰਦਰਬੀਰ ਸਿੰਘ ਨੂੰ ਮਿਲੋ।
ਉਹ ਵਿਦਿਆਰਥੀਆਂ ਨੂੰ ਹਾਸਲ ਹੋ ਸਕਣ ਵਾਲੇ ਵਜ਼ੀਫਿਆਂ ਬਾਰੇ ਵੀ ਅਗਵਾਈ ਦਿੰਦੇ ਹਨ, ਕਿੱਤਾ ਅਗਵਾਈ ਦੇ ਨਾਲੋ ਨਾਲ।
ਮੇਰੀ ਛਿਪੇ ਰਹਿਣ ਦੀ ਚਾਹ
ਤੇ ਛਿਪ ਤੁਰ ਜਾਣ ਦੀ।
ਉਨ੍ਹਾਂ ਦਾ ਗੁਪਤ ਸੁਪਨਾ ਹੈ ਪਰ ਅੱਜ ਪਿਆਰੇ ਵੀਰ ਆਗਿਆਪਾਲ ਸਿੰਘ ਨੇ ਅੰਗਰੇਜ਼ੀ ਚ ਉਨ੍ਹਾਂ ਬਾਰੇ ਮੈਨੂੰ ਲਿਖ ਭੇਜਿਆ ਤਾਂ ਮੈਥੋਂ ਵੀ ਨਾ ਰਿਹਾ ਗਿਆ।
ਕਈ ਮਹੀਨੇ ਪਹਿਲਾਂ ਟ੍ਰਿਬਿਊਨ ਅਖਬਾਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਹਰੀਸ਼ ਖਰੇ ਨਾਲ ਉਨ੍ਹਾਂ ਦੀ ਗੁਰੂ ਨਾਨਕ ਖਾਲਸਾ ਕਾਲਿਜ ਫਾਰ ਵਿਮੈੱਨ ਗੁੱਜਰਖਾਨ ਕੈਂਪਸ ਲੁਧਿਆਣਾ ਵਿਖੇ ਮੁਲਾਕਾਤ ਹੋਈ। ਇਸ ਲੋਕ ਸੇਵਾ ਦਾ ਜ਼ਿਕਰ ਚੱਲਿਆ। ਮੈਂ ਤੇ ਰਾਮਗੜ੍ਹੀਆ ਗਰਲਜ਼ ਕਾਲਿਜ ਦੀ ਸੇਵਾਮੁਕਤ ਪ੍ਰਿੰਸੀਪਲ ਤੋਂ ਇਲਾਵਾ ਸਰਬਜੀਤ ਧਾਲੀਵਾਲ ਵੀ ਵਿਚਾਰ ਵਟਾਂਦਰੇ ਚ ਸ਼ਾਮਿਲ ਹੋਏ, ਡਾ: ਖਰੇ ਨੇ ਡਾ: ਸੁਰਿੰਦਰਬੀਰ ਸਿੰਘ ਤੇ ਸਾਥੀਆਂ ਨੂੰ ਹਲਸ਼ੇਰੀ ਦਿੰਦਿਆਂ ਆਪਣੇ ਰੀਪੋਰਟਰਾਂ ਨੂੰ ਇਹ ਉਤਸ਼ਾਹੀ ਕਹਾਣੀ ਲਿਖ ਭੇਜਣ ਲਈ ਕਿਹਾ।
ਲੁਧਿਆਣਾ ਦੇ ਪਰਮੁੱਖ ਸਰਨਾ ਪਰਿਵਾਰ ਚ ਜਨਮੇ ਡਾ: ਸੁਰਿੰਦਰਬੀਰ ਸਿੰਘ ਸੁਭਾਅ ਪੱਖੋਂ ਦਰਵੇਸ਼ੀ ਮਾਣ ਰਹੇ ਹਨ। ਲੁਧਿਆਣਾ ਦੇ ਭਾਈ ਰਣਧੀਰ ਸਿੰਘ ਨਗਰ ਚ ਵੱਸਦੇ ਸਾਡੇ ਭਾ ਜੀ ਸੁਰਿੰਦਰਬੀਰ ਸਿੰਘ ਹਿੰਮਤ ਤੇ ਉਤਸ਼ਾਹ ਦਾ ਲਬਾਲਬ ਭਰਿਆ ਕਟੋਰਾ ਹਨ। ਸਿਰ ਤੋਂ ਪੈਰਾਂ ਤੀਕ ਹਿੰਮਤੀ ਜੀਉੜਾ।
ਸੁਰਿੰਦਰਬੀਰ ਭਾ ਜੀ ਨਾਲ ਦਸਤਪੰਜਾ ਮਿਲਾਓ,
ਤੁਹਾਡਾ ਇਨਸਾਨੀਅਤ ਵਿੱਚ ਵਿਸ਼ਵਾਸ ਪਰਪੱਕ ਹੋ ਜਾਵੇਗਾ।
ਦਾਵਾ ਅਗਨ ਬਹੁ ਤ੍ਰਿਣ ਜਾਲੇ
ਕੋਈ ਹਰਿਆ ਬੂਟ ਰਹਿਓ ਰੀ।
ਇਹੋ ਜਹੇ ਹਰੇ ਕਚੂਰ ਬੂਟਿਆਂ ਨੂੰ
ਸਲਾਮ ਹੈ ,
ਜੋ ਆਪਣੇ ਅਧਿਆਪਕਾਂ ਦਾ ਸਬਕ ਨਹੀਂ ਵਿਸਾਰਦੇ।
ਗੁਰਭਜਨ ਗਿੱਲ