ਵਿਲੀਅਮ ਗੋਲਡਿੰਗ ਪ੍ਰਮੁੱਖ ਅੰਗਰੇਜ਼ੀ ਨਾਵਲਕਾਰ ਤੇ ਨਾਟਕ ਕਾਰ ਹੈ। ਉਸਦੀ ਇਕ ਲਿਖ਼ਤ ਮੇਰੇ ਵੱਡੇ ਵੀਰ ਦਰਸ਼ਨ ਸਿੰਘ ਮੱਕੜ ਮੁੱਖ ਸੰਪਾਦਕ ਫਾਸਟਵੇਅ ਟੀ ਵੀ ਚੈਨਲ ਲੁਧਿਆਣਾ ਨੇ ਇਸ ਭਾਵਨਾ ਨਾਲ ਮੈਨੂੰ ਘੱਲੀ ਕਿ ਮੈਂ ਇਸ ਦਾ ਸਰਲ ਅਨੁਵਾਦ ਕਰਾਂ ਤਾਂ ਜੋ ਹਰ ਪੰਜਾਬੀ ਅੰਤਰਰਾਸ਼ਟਰੀ ਇਸਤਰੀ ਦਿਵਸ ਮੌਕੇ ਇਸ ਨੂੰ ਪੜ੍ਹ ਸੁਣ ਕੇ ਰੌਸ਼ਨੀ ਲੈ ਸਕੇ।
ਮੇਰੀ ਸੋਚ ਮੁਤਾਬਕ ਔਰਤ
ਇਹ ਕਹਿ ਕੇ ਹੈ ਭਰਮ ਸਿਰਜਦੀ
ਮੈਂ ਤਾਂ ਮਰਦ ਬਰਾਬਰ ਸ਼ਕਤੀ।
ਨਹੀਂ ਨਹੀਂ ਇੰਜ ਹਰਗਿਜ਼ ਹੀ ਨਾ।
ਇਹ ਤਾਂ ਮਰਦੋਂ ਕਿਤੇ ਅਗੇਰੇ।
ਆਦਿ ਜੁਗਾਦੀ ਸ਼ਕਤੀ ਸੋਮਾ।
ਔਰਤ ਨੂੰ ਕੁਝ ਦੇ ਕੇ ਵੇਖੋ
ਸੁਹਜ ਸਲੀਕੇ ਨਾਲ ਸਜਾਵੇ।
ਮਿੱਟੀ ਅੰਦਰ ਜਿੰਦ ਧੜਕਾਵੇ।
ਇੱਕ ਅੱਧ ਕਤਰਾ
ਬਿੰਦ ਚੋਂ ਵਰਤੇ
ਪੁੱਤਰ ਧੀ ਨੂੰ ਸਿਰਜ ਵਿਖਾਵੇ।
ਔਰਤ ਤੋਂ ਬਿਨ ਮਰਦ ਇਕੱਲਾ
ਬੜੇ ਮਕਾਨ ਬਣਾ ਸਕਦਾ ਹੈ।
ਪਰ ਉਸ ਤੋਂ ਇੱਕ
ਘਰ ਨਹੀਂ ਬਣਦਾ।
ਔਰਤ ਜਿਹੜੇ ਥਾਂ ਵੀ ਜਾਵੇ।
ਕੰਧਾਂ ਨੂੰ ਵੀ ਮਹਿਕਣ ਲਾਵੇ।
ਚਾਰ ਦੀਵਾਰਾਂ ਅੰਦਰ ਘਿਰਿਆ
ਚੁੱਪ ਮਕਾਨ ਨੂੰ ਬੋਲਣ ਲਾਵੇ।
ਓਹੀ ਥਾਂ ਫਿਰ ਘਰ ਅਖਵਾਵੇ।
ਰਸਦ ਬਾਜ਼ਾਰ ਚੋਂ
ਸੌਦਾ ਕਰਕੇ ਘਰ ਲੈ ਆਓ।
ਘਰ ਦੀ ਔਰਤ ਹੱਥ ਫੜਾਓ।
ਮਨਚਾਹੇ ਪਕਵਾਨ ਬਣਾਵੇ।
ਵਿੱਚ ਰਸੋਈਓ ਲਪਟਾਂ ਉੱਠਣ,
ਮੂੰਹ ਦੇ ਅੰਦਰ ਪਾਣੀ ਆਵੇ
ਮਨ ਲਲਚਾਵੇ।
ਇੱਕ ਵਾਰੀ ਜੇ ਹੱਸ ਕੇ ਬੋਲੋ।
ਦਿਲ ਦੀ ਘੁੰਡੀ ਕੋਲ ਜਾ ਖੋਲ੍ਹੋ।
ਬਿਨਾ ਕਿਸੇ ਤਸਦੀਕ ਤੋਂ ਔਰਤ
ਵਿਛ ਵਿਛ ਜਾਵੇ।
ਦਿਲ ਦੀ ਦੌਲਤ ਪਈ ਲੁਟਾਵੇ।
ਔਰਤ ਦੀ ਵਿਸਥਾਰਨ ਸ਼ਕਤੀ
ਅਪਰਮ ਪਾਰ ਬੇਅੰਤੀ ਤਾਕਤ।
ਮਰਦ ਭਲਾ ਦੱਸ ਕਿੱਥੇ ਰੱਖੇ
ਅਸਲ ਲਿਆਕਤ।
ਉਸ ਨੂੰ ਐਵੇਂ ਬੇਲੋੜਾ ਵੀ
ਛੇੜ ਨਾ ਬਹਿਣਾ।
ਇੱਕ ਵਾਰੀ ਜੇ ਛਿੜ ਪਈ
ਉਸ ਮਗਰੋਂ ਨਹੀਂ ਲਹਿਣਾ।
ਪੰਜਾਬੀ ਰੂਪ : ਗੁਰਭਜਨ ਗਿੱਲ
Gurbhajansinghgill@gmail.Com
Phone: 98726-31199