ਲੁਧਿਆਣਾ : 18 ਜਨਵਰੀ 2020 -ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਡਾ. ਰਵਿੰਦਰ ਸਿੰਘ ਰਵੀ ਯਾਦਗਾਰੀ ਲੈਕਚਰ ਕਰਵਾਇਆ ਗਿਆ। ਇਹ ਲੈਕਚਰ ਵਿਸ਼ਵ ਪ੍ਰਸਿੱਧ ਅਰਥ ਸ਼ਾਸਤਰੀ ਅਤੇ ਜੇ.ਐੱਨ.ਯੂ., ਦਿੱਲੀ ਦੇ ਪ੍ਰੋਫ਼ੈਸਰ ਅਰੁਣ ਕੁਮਾਰ ਨੇ ''ਭਾਰਤ ਦਾ ਮੌਜੂਦਾ ਆਰਥਿਕ ਸੰਕਟ ਅਤੇ ਇਸ ਦੀਆਂ ਜੜ੍ਹਾਂ' ਵਿਸ਼ੇ 'ਤੇ ਦਿੱਤਾ। ਉਨ੍ਹਾਂ ਕਿਹਾ ਕਿ ਨੋਟਬੰਦੀ ਅਤੇ ਜੀ.ਐੱਸ.ਟੀ. ਨੇ ਭਾਰਤ ਦੀ ਆਰਥਿਕਤਾ ਉਪਰ ਤਬਾਹਕੁੰਨ ਅਸਰ ਪਾਏ ਹਨ। ਇਸ ਨਾਲ ਗ਼ੈਰ ਸੰਗਠਿਤ ਖੇਤਰ ਵਿਚ ਨਿਘਾਰ ਆਇਆ ਹੈ ਅਤੇ ਵੱਡੇ ਪੱਧਰ 'ਤੇ ਅਲਪ ਰੁਜ਼ਗਾਰੀ ਪੈਦਾ ਹੋਈ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਚ ਸਮੱਸਿਆ ਰੁਜ਼ਗਾਰ ਦੀ ਏਨੀ ਨਹੀਂ ਜਿੰਨੀ ਲੋੜੀਂਦਾ ਅਤੇ ਯੋਗ ਰੁਜ਼ਗਾਰ ਪ੍ਰਾਪਤ ਹੋਣ ਦੀ ਹੈ। ਉਨ੍ਹਾਂ ਕਾਲੇ ਧਨ ਬਾਰੇ ਕਿਹਾ ਕਿ ਇਸ ਨਾਲ ਵਿਕਾਸ ਰੁਕਦਾ ਹੈ ਅਤੇ ਬਾਰ ਬਾਰ ਇਕੋ ਜਗ੍ਹਾ ਪੈਸਾ ਲਗਾਉਣ ਕਰਕੇ ਰਾਜਕੀ ਧਨ ਜ਼ਾਇਆ ਜਾਂਦਾ ਹੈ। ਉਨ੍ਹਾਂ ਹਿਹ ਵੀ ਕਿਹਾ ਕਿ ਅਜੋਕਾ ਮਸ਼ੀਨੀ ਉਤਪਾਦਨ ਵੀ ਆਰਥਿਕ ਨਿਘਾਰ ਅਤੇ ਬੇਰੁਜ਼ਗਾਰੀ ਦਾ ਕਾਰਨ ਬਣ ਰਿਹਾ ਹੈ।
ਉਨ੍ਹਾਂ ਸੁਝਾਅ ਦਿੱਤਾ ਕਿ ਸਰਕਾਰ ਨੂੰ ਅਸੰਗਠਿਤ ਖੇਤਰ ਵਿਚ ਨਿਵੇਸ਼ ਵਧਾਉਣਾ ਚਾਹੀਦਾ ਹੈ ਅਤੇ ਕਿਸਾਨੀ ਨੂੰ ਉਪਰ ਚੁੱਕੇ ਬਿਨਾਂ ਭਾਰਤ ਦਾ ਆਰਥਿਕ ਵਿਕਾਸ ਹੋਣਾ ਅਸੰਭਵ ਹੈ। ਸਮਾਗਮ ਦੇ ਦੂਜੇ ਹਿੱਸੇ ਵਿਚ ਡਾ. ਰਵਿੰਦਰ ਸਿੰਘ ਰਵੀ ਯਾਦਗਾਰੀ ਪੁਰਸਕਾਰ ਪ੍ਰਦਾਨ ਕਰਨ ਦੀ ਰਸਮ ਅਦਾ ਕੀਤੀ ਗਈ। 2018 ਲਈ ਇਹ ਪੁਰਸਕਾਰ ਉੱਘੇ ਕਹਾਣੀਕਾਰ ਅਤੇ ਆਲੋਚਕ ਡਾ. ਬਲਦੇਵ ਸਿੰਘ ਧਾਲੀਵਾਲ ਨੂੰ ਭੇਟ ਕੀਤਾ ਗਿਆ। ਸਨਮਾਨ ਵਿਚ ਇੱਕੀ ਹਜ਼ਾਰ ਰੁਪਏ ਦੀ ਰਾਸ਼ੀ, ਦੋਸ਼ਾਲਾ, ਸਨਮਾਨ ਪੱਤਰ, ਸਨਮਾਨ ਚਿੰਨ੍ਹ ਅਤੇ ਪੁਸਤਕਾਂ ਦਾ ਸੈੱਟ ਸ਼ਾਮਲ ਸੀ। ਉਨ੍ਹਾਂ ਦੇ ਸਾਹਿਤਕ ਯੋਗਦਾਨ ਬਾਰੇ ਖੋਜ ਪੱਤਰ ਸ. ਪਰਮਜੀਤ ਸਿੰਘ ਨੇ ਪੇਸ਼ ਕੀਤਾ ਅਤੇ ਸ਼ੋਭਾ ਪੱਤਰ ਸ੍ਰੀ ਸੁਰਿੰਦਰ ਕੈਲੇ ਨੇ ਪੜ੍ਹਿਆ। ਡਾ. ਬਲਦੇਵ ਸਿੰਘ ਧਾਲੀਵਾਲ ਨੇ ਇਸ ਮੌਕੇ ਬੋਲਦਿਆਂ ਡਾ. ਰਵਿੰਦਰ ਸਿੰਘ ਰਵੀ ਨੂੰ ਆਪਣੇ ਅਧਿਆਪਕ ਦੇ ਸਮਾਨ ਕਹਿੰਦਿਆਂ ਆਪਣੀ ਅਕਾਦਮਿਕ ਪ੍ਰਗਤੀ ਦੀ ਕਹਾਣੀ ਸੁਣਾਈ ਅਤੇ ਕਿਹਾ ਕਿ ਮੈਂ ਪਿਛਲੇ 40 ਸਾਲ ਤੋਂ ਅਕਾਦਮਿਕ ਖੋਜ ਕਾਰਜ ਦੇ ਖੇਤਰ ਵਿਚ ਕੁਲਵਕਤੀ ਦੇ ਤੌਰ ਤੇ ਕੰਮ ਰਿਹਾ ਹਾਂ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਡਾ. ਸੁਖਦੇਵ ਸਿੰਘ ਸਿਰਸਾ, ਪ੍ਰੋ. ਅਰੁਣ ਕੁਮਾਰ, ਪ੍ਰੋ. ਰਵਿੰਦਰ ਸਿੰਘ ਭੱਠਲ, ਡਾ. ਸੁਰਜੀਤ ਸਿੰਘ, ਡਾ. ਰਛਪਾਲ ਸਿੰਘ ਅਤੇ ਡਾ. ਬਲਦੇਵ ਸਿੰਘ ਧਾਲੀਵਾਲ ਸ਼ਾਮਲ ਸਨ।
ਸਮਾਗਮ ਦਾ ਮੰਚ ਸੰਚਾਲਨ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕੀਤਾ। ਉਪਰੰਤ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦਾ ਜਨਰਲ ਇਜਲਾਸ ਹੋਇਆ। ਜਿਸ ਵਿਚ ਮਈ 2018 ਤੋਂ ਜਨਵਰੀ 2020 ਤੱਕ ਅਕਾਡਮੀ ਦੀਆਂ ਸਰਗਰਮੀਆਂ ਦੀ ਰਿਪੋਰਟ, ਸਾਲ 2020-2021 ਦਾ ਬਜਟ, ਨਵੇਂ ਜੀਵਨ ਮੈਂਬਰ, ਸੰਵਿਧਾਨਕ ਸੋਧਾਂ ਨੂੰ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ। ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਦਸਿਆ ਕਿ ਅੱਜ ਹੋਈਆਂ ਸਵਿੰਧਾਨਕ ਸੋਧਾਂ ਅਨੁਸਾਰ 5 ਅਪ੍ਰੈਲ 2020 ਨੂੰ ਹੋਣ ਵਾਲੀ ਅਕਾਡਮੀ ਦੀ ਚੋਣ ਵਿਚ ਉਹੀ ਮੈਂਬਰ ਵੋਟ ਪਾ ਸਕਣਗੇ ਜਿਨ੍ਹਾਂ ਨੇ ਨਿਰੰਤਰਤਾ ਫ਼ੀਸ 200/-ਰੁਪਏ ਭਰੀ ਹੋਵੇਗੀ। ਉਨ੍ਹਾਂ ਦਸਿਆ ਕਿ ਵਿਸ਼ੇਸ਼ ਸਥਿਤੀ ਨੂੰ ਧਿਆਨ ਵਿਚ ਰਖਦਿਆਂ ਇਹ ਫ਼ੀਸ ਚੋਣ ਵਾਲੇ ਦਿਨ ਵੀ ਭਰੀ ਜਾ ਸਕੇਗੀ। ਜਨਰਲ ਇਜਲਾਸ ਵਿਚ ਡਾ. ਸ. ਸ. ਜੌਹਲ, ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਸੁਖਦੇਵ ਸਿੰਘ ਸਿਰਸਾ, ਸੁਰਿੰਦਰ ਕੈਲੇ, ਡਾ. ਸਰਜੀਤ ਸਿੰਘ, ਨਿੰਦਰ ਗਿੱਲ, ਸੁਰਿੰਦਰ ਰਾਮਪੁਰੀ, ਜਸਦੇਵ ਸਿੰਘ ਲਲਤੋਂ, ਬਲਵਿੰਦਰ ਸਿੰਘ ਗਰੇਵਾਲ, ਡਾ. ਬਲਦੇਵ ਸਿੰਘ ਧਾਲੀਵਾਲ, ਡਾ. ਗੁਲਜ਼ਾਰ ਸਿੰਘ ਪੰਧੇਰ, ਡਾ. ਗੁਰਚਰਨ ਕੌਰ ਕੋਚਰ ਅਤੇ ਡਾ. ਸੰਦੀਪ ਕੌਰ ਸੇਖੋਂ ਆਦਿ ਨੇ ਵਿਚਾਰ ਚਰਚਾ ਵਿਚ ਹਿੱਸਾ ਲਿਆ।