ਪਤਾ ਨਹੀਂ
ਉਹ ਕੌਣ ਸੀ-
ਇਕ ਦੁਨੀਆਂ ਵਰਗੀ ਜ਼ਨਤ ਦਾ ਖ਼ਾਬ ਸੀ ਖਬਰੇ
ਮੈਂ ਓਹਦੇ ਕਾਲੇ ਸ਼ਾਅ ਵਾਲਾਂ ਚ
ਤਾਰਿਆਂ ਦੀਆਂ ਕਲੀਆਂ ਸਜਾਉਂਦਾ ਰਿਹਾ -
ਉਹ ਜਦੋਂ ਵੀ ਮਿਲਦੀ
ਮੈਂ ਚੰਨ ਤੋੜ ਕੇ ਵਾਲਾਂ ਚ ਟੰਗਦਾ
ਓਹਦੀ ਹਿੱਕ ਦੇ
ਸੂਰਜਾਂ ਨੂੰ ਅੰਬਰ ਦੀ ਕੈਨਵਸ ਤੇ ਮੜ੍ਹਦਾ
ਕਦੇ 2 ਪੱਛਮ 'ਚੋਂ ਫ਼ੜ੍ਹ ਵਿਲਕਦੇ ਸੂਰਜ ਨੂੰ
ਓਹਦੀ ਗੋਦੀ 'ਚ ਬਿਠਾਉਂਦਾ
ਓਹਦੀਆਂ ਰਾਤਾਂ ਰੁਸ਼ਨਾਉਂਦਾ
ਪਲਕਾਂ ਦੇ ਉਨੀਂਦਰੇ ਦੀਪਕ ਬਾਲ 2
ਉਦਾਸ ਸ਼ਾਮਾਂ ਲਈ
ਕਿਤਿਓਂ ਚੌਦਵੀਂ ਦਾ ਚੰਨ ਲਿਆਉਂਦਾ ਲੱਭ ਕੇ
ਨਜ਼ਮ ਚ ਉਤਾਰਦਾ ਉਹਨੂੰ
ਤਰਜਾਂæ ਚ ਬਦਲਦਾ ਓਹਦੀ ਹਰ ਕਰਵਟ
ਸੁਰਵਧ ਕਰਦਾ ਓਹਦੇ ਹਰ ਸਾਹ ਨੂੰ
ਓਹਦੀ ਹਰ ਮੁਸਕਾਣ ਨੂੰ
ਨਵੇਂ ਰਾਗ ਉਸਾਰਦਾ
ਓਹਦੇ ਨਕਸ਼ ਫ਼ੜ੍ਹ 2
ਸਾਹ ਟੁਰਦੇ
ਉਹ ਜੇ ਕਿਤੇ ਦਿਸਦੀ
ਚੰਦ ਓਹਦੀ ਆਰਤੀ ਉਤਾਰਦਾ-
ਰੋਗ ਓਹਦੇ ਵਿਯੋਗ ਦਾ ਹੀ ਸੀ
ਜੋ ਸਾਰੀ ਉਮਰ ਨੂੰ ਲੱਗ ਗਿਆ ਸੀ
ਪਰਕਰਮਾਂ ਕਰਦੇ ਰਹੇ ਸਾਹ ਓਹਦੀ
ਪਰਛਾਵਿਆਂ ਵਾਂਗ ਟੁਰਦੇ ਰਹੇ ਸੁਪਨੇ
ਓਹਦੀਆਂ ਪੈੜ੍ਹਾਂ 'ਚ
ਜੇ ਕਤਲ ਹੋਇਆ ਸਾਡਾ
ਤਾਂ ਓਹਦੀ ਗਲੀ 'ਚ ਹੋਇਆ-
ਜ਼ਨਾਜਾ ਉੱਠਿਆ ਤਾਂ ਓਹਦੇ ਦਰ ਤੋਂ-
ਸਾਰੀ ਉਮਰ
ਉਹ ਮੇਰੀ ਨੀਲੀ ਬੰਸਰੀ ਦੀਆਂ ਸੁਰਾਂ 'ਚ ਨੱਚਦੀ ਰਹੀ-
ਹੋਟਾਂ ਤੇ ਪੌਣ ਦੀ ਮਹਿਕ ਬਣ ਵਸਦੀ ਰਹੀ
ਅਸੀਂ ਜਦੋਂ ਵੀ ਮਿਲੇ
ਨਵੀਨ ਸਾਹਾਂ ਆਹਾਂ ਤੇ ਬਾਹਾਂ ਨਾਲ ਮਿਲੇ
ਚੰਦਨ ਦੀ ਖੁਸ਼ਬੂ ਸੀ ਮਹਿਕੇ ਤਾਂ
ਘੁਲੇ ਤਾਂ ਰੰਗਾਂ ਵਾਂਗ ਇੱਕ ਦੂਸਰੇ ਦੇ ਜਿਸਮਾਂ ਚ
ਓਦੋਂ ਨਾ ਕਿਸੇ ਖੁਦਾ ਦਾ ਡਰ ਸੀ
ਨਾ ਕਿਸੇ ਅਰਸ਼ ਦਾ ਓਹਲਾ
ਪਲ ਸਨ ਕਿ ਜਦੋਂ ਸਾਹ ਇੱਕ ਹੋ ਜਾਂਦੇ ਹਨ-
ਧੜ੍ਹਕਨ ਦੀ ਛਣਕਾਰ ਇੱਕ-
ਓਦੋਂ ਕੌਣ ਕਰਦਾ ਹੈ ਪਰਵਾਹ ਅੰਗਿਆਰਾਂ ਦੀ
ਸੂਰਜ ਵੀ ਆਉਂਦਾ ਹੈ ਅੱਗ ਮੰਗਣ-
ਕੁਝ ਆਪਣੇ ਲਈ ਤੇ ਕੁਝ ਅੰਬਰ ਦੀ ਲੋਅ ਲਈ-
ਨੈਣਾਂ ਦੀ ਲੋਅ ਲੈ ਕੇ ਚੰਦ ਜਗਦਾ
ਅੰਗਾਂ ਦੀ ਛੋਹ ਲੈ ਕੇ ਦਿਨ ਉੱਠਦਾ
ਚਨਾਬ ਤੋਂ ਬੱਦਲ ਵਹਿੰਗੀਆਂ ਢੋਂਹਦੇ ਰਹੇ
ਰਾਗਾਂ 'ਚੋਂ ਤਾਰੇ ਅੰਬਰ ਸਜਾਉਂਦੇ ਰਹੇ
ਚੁੱਪ ਰਬਾਬਾਂ 'ਚੋਂ ਕਿਰਦੇ ਰਹੇ ਸ਼ਬਦ ਹਰ ਦਿਨ
ਅੱਲੜ੍ਹ ਸ਼ਬਾਬਾਂ 'ਚੋਂ ਚੜ੍ਹਦੇ ਰਹੇ ਹੁਸੀਨ ਦਿਨ
-ਡਾ. ਅਮਰਜੀਤ ਟਾਂਡਾ ,ਆਸਟਰੇਲੀਆ
Ph = 02 9682 3030 Mob; 0417271147