ਲੁਧਿਆਣਾ : 19 ਮਾਰਚ 2019 - ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਅਮਰੀਕਾ ਦੇ ਮੈਰੀਲੈਂਡ ਸੂਬੇ ਚ ਵੱਸਦੇ ਪ੍ਰਸਿੱਧ ਪੰਜਾਬੀ ਲੇਖਕ ਧਰਮ ਸਿੰਘ ਗੋਰਾਇਆ ਦੀਆਂ ਦੋ ਪੁਸਤਕਾਂ ਚੀ ਗੁਏਰਾ ਤੇ ਜੱਗਾ ਡਾਕੂ ਪ੍ਰਾਪਤ ਕਰਨ ਉਪਰੰਤ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਹੈ ਕਿ ਅਰਜਨਟਾਈਨਾ ਦੀ ਧਰਤੀ ਤੇ ਪੈਦਾ ਹੋਏ ਗੁਰੀਲਾ ਯੁੱਧ ਤੰਤਰ ਦੇ ਸਿਰਮੌਰ ਸੂਰਮੇ ਚੀ ਗੁਏਰਾ ਅਤੇ ਪੰਜਾਬੀ ਰੌਬਿਨਹੁੱਡ ਸੂਰਮੇ ਜੱਗਾ ਡਾਕੂ ਬਾਰੇ ਬਦੇਸ਼ ਵਿੱਚ ਬੈਠ ਕੇ ਪੰਜਾਬੀ ਚ ਲਿਖਣਾ ਸੂਰਮਗਤੀ ਤੋਂ ਘੱਟ ਨਹੀਂ।
ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਰਸੀਂਹ ਕੇ (ਨੇੜੇ ਡੇਰਾ ਬਾਬਾ ਨਾਨਕ) ਦੇ ਜੰਮਪਲ ਧਰਮ ਸਿੰਘ ਗੋਰਾਇਆ ਨੇ ਦੱਸਿਆ ਕਿ ਉਹ ਵਤਨ ਰਹਿੰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਉੱਘੇ ਕਾਰਕੁਨ ਰਹੇ ਹਨ। ਇਸ ਪੁਸਤਕ ਤੋਂ ਪਹਿਲਾਂ ਉਹ ਦੁੱਲਾ ਭੱਟੀ ਬਾਰੇ ਖੋਜ ਅਧਾਰਿਤ ਪੁਸਤਕ ਲਿਖ ਚੁਕੇ ਹਨ ਤੇ ਇਸ ਵੇਲੇ ਉੱਘੇ ਇਨਕਲਾਬੀ ਕਮਿਉਨਿਸਟ ਆਗੂ ਤੇ ਮੈਂਬਰ ਪਾਰਲੀਮੈਂਟ ਰਹੇ ਸ: ਤੇਜਾ ਸਿੰਘ ਸੁਤੰਤਰ ਬਾਰੇ ਖੋਜ ਆਧਾਰਿਤ ਪੁਸਤਕ ਲਿਖਣ ਵਿੱਚ ਰੁੱਝੇ ਹੋਏ ਹਨ।
ਇਸ ਮੌਕੇ ਸ: ਧਰਮ ਸਿੰਘ ਗੋਰਾਇਆ ਤੇ ਉੱਘੇ ਉਦਯੋਗਪਤੀ ਤੇ ਪੰਜਾਬੀ ਕਹਾਣੀਕਾਰ ਸ: ਗੁਰਪ੍ਰਗਟ ਸਿੰਘ ਕਾਹਲੋਂ ਨੂੰ ਗੁਰਭਜਨ ਗਿੱਲ ਤੇ ਉਨ੍ਹਾਂ ਦੀ ਜੀਵਨ ਸਾਥਣ ਜਸਵਿੰਦਰ ਕੌਰ ਨੇ ਪੁਸਤਕਾਂ ਦਾ ਸੈੱਟ ਭੇਂਟ ਕਰਕੇ
ਸਨਮਾਨਿਤ ਕੀਤਾ। ਇਸ ਮੌਕੇ ਜਸ਼ਨਜੀਤ ਸਿੰਘ ਕਾਹਲੋਂ, ਸ: ਪਰਮਿੰਦਰ ਸਿੰਘ ਗਿੱਲ ਜਸਪਾਲ ਬਾਂਗਰ ਤੇ ਸਰਦਾਰਨੀ ਸੁਰਿੰਦਰ ਕੌਰ ਗਿੱਲ (ਅਮਰੀਕਾ ) ਵੀ ਹਾਜ਼ਰ ਸਨ।