ਪੰਜਾਬੀ ਦੇ ਸਿਰਮੌਰ ਸ਼ਾਇਰ ਪਦਮਸ਼੍ਰੀ ਸੁਰਜੀਤ ਪਾਤਰ ਨੂੰ PAU ਨੇ ਕੀਤੀ ਸ਼ਰਧਾਂਜਲੀ ਭੇਂਟ
ਪੀ ਏ ਯੂ ਵਿਚ ਸੁਰਜੀਤ ਪਾਤਰ ਦੀ ਯਾਦ ਵਿੱਚ ਚੇਅਰ ਸਥਾਪਿਤ ਕੀਤੀ ਜਾਵੇਗੀ : ਵਾਈਸ ਚਾਂਸਲਰ
ਲੁਧਿਆਣਾ 12 ਜੂਨ 2024- ਅੱਜ ਪੀ ਏ ਯੂ ਦੇ ਡਾ ਮਨਮੋਹਨ ਸਿੰਘ ਆਡੀਟੋਰੀਅਮ ਵਿਚ ਪੰਜਾਬੀ ਦੇ ਵਿਛੜੇ ਸ਼ਾਇਰ ਪਦਮਸ਼੍ਰੀ ਸੁਰਜੀਤ ਪਾਤਰ ਦੀ ਯਾਦ ਵਿਚ ਸ਼ਰਧਾਂਜਲੀ ਸਮਾਗਮ ਹੋਇਆ। ਇਸ ਵਿਚ ਪੀ ਏ ਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ, ਰਜਿਸਟਰਾਰ ਡਾ ਰਿਸ਼ੀਪਾਲ ਸਿੰਘ, ਸੁਰਜੀਤ ਪਾਤਰ ਦੇ ਧਰਮਪਤਨੀ ਮੈਡਮ ਭੁਪਿੰਦਰ ਕੌਰ ਪਾਤਰ, ਉਨ੍ਹਾਂ ਦੇ ਸਪੁੱਤਰ ਸ੍ਰੀ ਅੰਕੁਰ ਪਾਤਰ, ਪੀ ਏ ਯੂ ਦੇ ਉੱਚ ਅਧਿਕਾਰੀ, ਡੀਨ, ਡਾਇਰੈਕਟਰ, ਵਿਭਾਗਾਂ ਦੇ ਮੁਖੀ ਅਤੇ ਐੱਨ ਐੱਸ ਐੱਸ ਦੇ ਵਿਦਿਆਰਥੀ ਸ਼ਾਮਿਲ ਹੋਏ।
ਪੀ ਏ ਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਸ਼ਰਧਾਂਜਲੀ ਭੇਟ ਕਰਦਿਆਂ ਪਾਤਰ ਹੋਰਾਂ ਦੇ ਜਾਣ ਨੂੰ ਇਕ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਕਿਹਾ। ਉਨ੍ਹਾਂ ਨੇ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਨਾਲ ਨਾਲ ਪੀ ਏ ਯੂ ਵਿਚ ਸੁਰਜੀਤ ਪਾਤਰ ਦੀ ਕਮੀ ਸਦਾ ਬਣੀ ਰਹਿਣ ਦੀ ਗੱਲ ਕੀਤੀ। ਡਾ ਗੋਸਲ ਨੇ ਸੁਰਜੀਤ ਪਾਤਰ ਨਾਲ ਆਪਣੀ ਸਾਂਝਦਾਰੀ ਦੇ ਹਵਾਲੇ ਨਾਲ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਸੁਭਾਅ ਬਾਰੇ ਗੱਲਾਂ ਕੀਤੀਆਂ।
ਉਨ੍ਹਾਂ ਦੱਸਿਆ ਕਿ ਸੁਰਜੀਤ ਪਾਤਰ ਸਾਹਿਤ ਦੀ ਵੱਡੀ ਹਸਤੀ ਹੋਣ ਦੇ ਬਾਵਜੂਦ ਵਿਗਿਆਨ ਨਾਲ ਬੜੀ ਗਹਿਰੀ ਦਿਲਚਸਪੀ ਰੱਖਦੇ ਸਨ। ਉਹ ਸਾਹਿਤ ਤੇ ਵਿਗਿਆਨ ਦੇ ਸੁਮੇਲ ਦੀ ਸਾਂਝੀ ਧਾਰਾ ਦਾ ਪ੍ਰਮਾਣ ਸਨ। ਉਨ੍ਹਾਂ ਪੰਜਾਬ ਦੀ ਲੋਕਾਈ ਦੇ ਦਰਦ ਨੂੰ ਜਾਣਿਆ ਤੇ ਉਨ੍ਹਾਂ ਦੇ ਹੱਲ ਲਈ ਉਸਨੂੰ ਸਾਹਿਤਕ ਸ਼ਬਦਾਂ ਦਾ ਜਾਮਾ ਪਵਾਇਆ। ਡਾ ਗੋਸਲ ਨੇ ਕਿਹਾ ਕਿ ਪੀ ਏ ਯੂ ਨੂੰ ਹਮੇਸ਼ਾ ਸੁਰਜੀਤ ਪਾਤਰ ਉੱਪਰ ਮਾਣ ਰਹੇਗਾ। ਉਨ੍ਹਾਂ ਦੀਆਂ ਸਾਹਿਤਕ ਪ੍ਰਾਪਤੀਆਂ ਵਿਚ ਪੀ ਏ ਯੂ ਦਾ ਹੱਥ ਹੈ ਤੇ ਪੀ ਏ ਯੂ ਦੇ ਮਾਣ ਵਿੱਚ ਵਾਧਾ ਕਰਨ ਵਿਚ ਉਨ੍ਹਾਂ ਦੇਸ਼ ਵਿਦੇਸ਼ ਵਿਚ ਯੋਗਦਾਨ ਪਾਇਆ। ਉਹ ਪੀ ਏ ਯੂ ਵਿਚ ਆਉਣ ਲਈ ਤਤਪਰ ਰਹਿੰਦੇ ਸਨ ਤੇ ਵਿਦਿਆਰਥੀਆਂ ਦੀ ਕਲਾ ਤੇ ਸਜੀਵਤਾ ਨੂੰ ਬਹੁਤ ਪਿਆਰ ਕਰਦੇ ਸਨ। ਉਨ੍ਹਾਂ ਕਿਹਾ ਕਿ ਪੀ ਏ ਯੂ ਉਨ੍ਹਾਂ ਦੀ ਸਦੀਵੀ ਯਾਦ ਨੂੰ ਸੰਭਾਲ ਕੇ ਰੱਖੇਗੀ ਅਤੇ ਡਾ ਸੁਰਜੀਤ ਪਾਤਰ ਦੀ ਯਾਦ ਵਿੱਚ ਉਨ੍ਹਾਂ ਦੇ ਵਿਭਾਗ ਵਿਚ ਚੇਅਰ ਸਥਾਪਿਤ ਕਰਨ ਲਈ ਯਤਨ ਕੀਤੇ ਜਾਣਗੇ। ਇਸਦੇ ਨਾਲ ਹੀ ਵਿਦਿਆਰਥੀ ਹੋਮ ਵਿੱਚ ਉਨ੍ਹਾਂ ਦੀ ਯਾਦ ਵਿੱਚ ਇੱਕ ਸੱਥ ਸਥਾਪਿਤ ਕੀਤੀ ਜਾਵੇਗੀ ਤਾਂ ਜੋ ਵਿਦਿਆਰਥੀ ਉਨ੍ਹਾਂ ਬਾਰੇ ਗੱਲਾਂ ਕਰਨ ਲਈ ਇਕੱਤਰ ਹੋਣ। ਇਸਦੇ ਨਾਲ ਹੀ ਡਾ ਗੋਸਲ ਨੇ ਉਨ੍ਹਾਂ ਦੀ ਯਾਦ ਵਿੱਚ ਇੱਕ ਹੋਰ ਸਮਾਰਕ ਸਥਾਪਿਤ ਕਰਨ ਦਾ ਭਰੋਸਾ ਦਿਵਾਇਆ।
ਡਾ ਸੁਰਜੀਤ ਪਾਤਰ ਦੀ ਧਰਮਪਤਨੀ ਸ਼੍ਰੀਮਤੀ ਭੁਪਿੰਦਰ ਕੌਰ ਪਾਤਰ ਨੇ ਡਾ ਸੁਰਜੀਤ ਪਾਤਰ ਨੂੰ ਭਾਵਪੂਰਤ ਸ਼ਬਦਾਂ ਨਾਲ ਯਾਦ ਕੀਤਾ। ਉਨ੍ਹਾਂ ਸੁਰਜੀਤ ਪਾਤਰ ਨੂੰ ਬਿਹਤਰੀਨ ਮਨੁੱਖ ਅਤੇ ਬੇਮਿਸਾਲ ਸਾਥੀ ਕਿਹਾ। ਉਨ੍ਹਾਂ ਦੱਸਿਆ ਕਿ ਸੁਰਜੀਤ ਪਾਤਰ ਦੀ ਸਮੁੱਚੀ ਕਾਇਆ ਕਵਿਤਾ ਨੂੰ ਸਮਰਪਿਤ ਸੀ।
ਰਜਿਸਟਰਾਰ ਡਾ ਰਿਸ਼ੀਪਾਲ ਸਿੰਘ ਨੇ ਆਪਣੇ ਸ਼ਬਦਾਂ ਵਿਚ ਕਿਹਾ ਕਿ ਸੁਰਜੀਤ ਪਾਤਰ ਦਾ ਪੀ ਏ ਯੂ ਨਾਲ ਜੁੜੇ ਹੋਣਾ ਬੜੇ ਮਾਣ ਦਾ ਸਬਬ ਹੈ। ਉਨ੍ਹਾਂ ਆਪਣੀਆਂ ਰਚਨਾਵਾਂ ਨਾਲ ਜਿੱਥੇ ਪੰਜਾਬੀ ਭਾਸ਼ਾ ਦਾ ਰੁਤਬਾ ਬੁਲੰਦ ਕੀਤਾ ਓਥੇ ਪੀ ਏ ਯੂ ਨੂੰ ਵੀ ਸਾਹਿਤਕ ਹਲਕਿਆਂ ਵਿਚ ਬਣਦਾ ਮਾਣ ਦਿਵਾਇਆ। ਉਨ੍ਹਾਂ ਵਿਦਿਆਰਥੀਆਂ ਵਲੋਂ ਸੁਰਜੀਤ ਪਾਤਰ ਦੀਆਂ ਰਚਨਾਵਾਂ ਦੇ ਗਾਇਨ ਦੇ ਹਵਾਲੇ ਨਾਲ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਦੇਣ ਤੇ ਤਸੱਲੀ ਪ੍ਰਗਟਾਈ। ਡਾ ਰਿਸ਼ੀਪਾਲ ਸਿੰਘ ਨੇ ਕਿਹਾ ਕਿ ਪੀ ਏ ਯੂ ਆਪਣੇ ਪਿਆਰੇ ਸ਼ਾਇਰ ਨੂੰ ਸਦਾ ਯਾਦ ਰੱਖੇਗਾ।
ਸ਼੍ਰੀ ਅਮਰਜੀਤ ਗਰੇਵਾਲ ਨੇ ਪਾਤਰ ਹੋਰਾਂ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਪਾਤਰ ਹੋਰੀਂ ਪੰਜਾਬੀ ਦੇ ਇਕ ਸ਼ਾਇਰ ਹੋਣ ਦੇ ਨਾਲ ਨਾਲ ਦਾਰਸ਼ਨਿਕ ਵਿਦਵਾਨ ਸਨ ਜਿਨ੍ਹਾਂ ਪੰਜਾਬ ਦਾ ਦਰਦ ਆਪਣੀ ਕਵਿਤਾ ਵਿਚ ਪੇਸ਼ ਕੀਤਾ।
ਇਸ ਮੌਕੇ ਸੁਰਜੀਤ ਪਾਤਰ ਦੇ ਭਰਾ ਸ ਉਪਕਾਰ ਸਿੰਘ ਅਤੇ ਪੰਜਾਬੀ ਸਾਹਿਤ ਦੀਆਂ ਉੱਘੀਆਂ ਹਸਤੀਆਂ ਜਿਵੇਂ ਜਸਵੰਤ ਜ਼ਫ਼ਰ, ਸਵਰਨਜੀਤ ਸਵੀ, ਦਵਿੰਦਰ ਦਿਲਰੂਪ ਨੇ ਵੀ ਪਾਤਰ ਸਾਬ੍ਹ ਨੂੰ ਸ਼ਰਧਾ ਸੁਮਨ ਅਰਪਿਤ ਕੀਤੇ। ਉਨ੍ਹਾਂ ਦੇ ਸਪੁੱਤਰ ਮਨਰਾਜ ਪਾਤਰ ਨੇ ਆਪਣੇ ਸ਼ਬਦਾਂ ਅਤੇ ਅੰਕੁਰ ਪਾਤਰ ਨੇ ਇਕ ਗੀਤ ਰਾਹੀਂ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ।
ਵਿਦਿਆਰਥੀ ਹਰਮਨ ਮਾਨ, ਪ੍ਰੀਤੀਮਾਨ, ਅਨੁਵੇਸ਼ ਰਿਖੀ, ਗੁਰਪਿੰਦਰ ਸਿੰਘ ਅਤੇ ਪਾਰਥ ਸ਼ਰਮਾ ਨੇ ਇਸ ਮੌਕੇ ਸੁਰਜੀਤ ਪਾਤਰ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਦਾ ਉਚਾਰਨ ਅਤੇ ਗਾਇਨ ਪੇਸ਼ ਕੀਤਾ।
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਨਿਰਮਲ ਜੌੜਾ ਨੇ ਸਵਾਗਤ ਦੇ ਸ਼ਬਦ ਕਹਿੰਦਿਆਂ ਸੁਰਜੀਤ ਪਾਤਰ ਹੋਰਾਂ ਨੂੰ ਪੰਜਾਬ ਖੇਤਬਾੜੀ ਯੂਨੀਵਰਸਿਟੀ ਦੀ ਮਿੱਟੀ ਵਿੱਚ ਵਿਗਸਿਆ ਸ਼ਾਇਰ ਕਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਰਚਨਾਕਾਰੀ ਵਿਚ ਪੀ ਏ ਯੂ ਦੀਆਂ ਕਈ ਗੂੰਜਾਂ ਵਿਦਮਾਨ ਹਨ। ਇਸ ਸਮਾਰੋਹ ਦਾ ਸੰਚਾਲਨ ਡਾ ਦਿਵਿਆ ਉਤਰੇਜਾ ਨੇ ਬਾਖੂਬੀ ਕੀਤਾ।