ਅਸ਼ੋਕ ਵਰਮਾ
ਬਠਿੰਡਾ, 16 ਅਪ੍ਰੈਲ 2020 - ਉੱਘੇ ਕਹਾਣੀਕਾਰ ਅਤੇ ਨਾਵਲਕਾਰ ਸਰ. ਜੋਰਾ ਸਿੰਘ ਸੰਧੂ ਦੇ ਅਕਾਲ ਚਲਾਣੇ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਅਤੇ ਸਥਾਨਕ ਪੰਜਾਬੀ ਸਾਹਿਤ ਸਭਾ (ਰਜਿ)ਦੇ ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਘਣੀਆ ਅਨੁਸਾਰ ਸਰਦਾਰ ਜ਼ੋਰਾ ਸਿੰਘ ਸੰਧੂ ਇੱਕ ਸਮਰੱਥ ਗਲਪਕਾਰ, ਇੱਕ ਆਦਰਸ਼ ਅਧਿਆਪਕ ਅਤੇ ਇੱਕ ਨਫ਼ੀਸ ਇਨਸਾਨ ਸਨ। ਉਨ੍ਹਾਂ ਦੇ ਮਿਲਾਪੜੇ ਸੁਭਾਅ ਕਰਕੇ ਉਨਾਂ ਦੇ ਦੋਸਤਾਂ ਦਾ ਘੇਰਾ ਬੇਹੱਦ ਮੌਕਲਾ ਸੀ।
ਉਹ ਉੱਘੇ ਲੇਖਕ ਗੁਰਦਿਆਲ ਸਿੰਘ, ਗੁਲਜ਼ਾਰ ਸਿੰਘ ਸੰਧੂ, ਨਵਤੇਜ ਸਿੰਘ ,ਗੁਰਬਚਨ ਭੁੱਲਰ, ਗੁਰਦੇਵ ਸਿੰਘ ਰੁਪਾਣਾ ,ਰਾਮ ਸਰੂਪ ਅਣਖੀ ਆਦਿ ਦੇ ਸੰਗੀ ਸਾਥੀਆਂ ,ਚੋਂ ਇੱਕ ਸਨ। ਆਪਣੇ ਸਮੇਂ ਦੇ ਬੇਹੱਦ ਚਰਚਿਤ ਰਸਾਲੇ “ਪ੍ਰੀਤ ਲੜੀ“ ਵਿੱਚ ਪ੍ਰਕਾਸ਼ਤ ਉਨਾਂ ਦੀ “ਮਾਂ“ ਕਹਾਣੀ ਪੰਜਾਬੀ ਦੀਆਂ ਸ਼ਾਹਕਾਰ ਕਹਾਣੀਆਂ ਚੋਂ ਇੱਕ ਹੈ।
ਕੁਝ ਅਣਜਾਣੇ ਕਾਰਨਾਂ ਕਰਕੇ ਉਨਾਂ ਨੇ ਲੰਬਾ ਅਰਸਾ ਲਿਖਣਾ ਛੱਡ ਦਿੱਤਾ ਪਰ ਨਿਰੰਤਰ ਇੱਕ ਪਾਠਕ ਦੇ ਤੌਰ ਤੇ ਕਲਾਸਿਕ ਸਾਹਿਤ ਦਾ ਪਠਨ ਅਤੇ ਅਧਿਐਨ ਕਰਦੇ ਰਹੇ ।ਇਸੇ ਅਧਿਐਨ ਕਰਕੇ ਉਨਾਂ ਨੇ ਆਪਣੀ ਸੇਵਾ ਮੁਕਤੀ ਤੋਂ ਬਾਅਦ ਦੋ ਕਹਾਣੀ ਸੰਗ੍ਰਹਿ ਕ੍ਰਮਵਾਰ ‘ਪਾਟਦੀ ਧੁੰਦ‘ ‘ਬੇਗਾਨਾ ਘਰ‘ ਅਤੇ ਨਾਵਲ ‘ਹੱਥਾਂ ਬਾਝ ਕਰਾਰਿਆਂ‘ ਅਤੇ ‘ਮੈਂ ਅਜੇ ਨਾ ਵਿਹਲੀ‘ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਏ ਜੋ ਬੇਹੱਦ ਸਲਾਹੇ ਗਏ। ਉਹ ਪੰਜਾਬੀ ਸਾਹਿਤ ਸਭਾ (ਰਜਿ)ਕੋਟਕਪੂਰਾ ਦੇ ਸਾਬਕਾ ਪ੍ਰਧਾਨ , ਵਰਤਮਾਨ ਸਮੇਂ ਸਰਪ੍ਰਸਤ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਨਮਾਨਯੋਗ ਮੈਂਬਰ ਸਨ।
ਲੇਖਕਾਂ ਦੀ ਪਾਰਲੀਮੈਂਟ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦੇ ਪ੍ਰਧਾਨ ਦਰਸ਼ਨ ਬੁੱਟਰ, ਸੀਨੀਅਰ ਮੀਤ ਪ੍ਰਧਾਨ ਡਾ ਜੋਗਾ ਸਿੰਘ ਵਿਰਕ ਅਤੇ ਜਨਰਲ ਸਕੱਤਰ ਡਾ ਸੁਖਦੇਵ ਸਿਰਸਾ ਤੋਂ ਇਲਾਵਾ ਪੰਜਾਬੀ ਸਾਹਿਤ ਸਭਾ (ਰਜਿ) ਬਠਿੰਡਾ ਦੇ ਸਰਪ੍ਰਸਤ ਡਾ ਅਜੀਤ ਪਾਲ ਸਿੰਘ ,ਮੁੱਖ ਸਲਾਹਕਾਰ ਡਾ ਸਤਨਾਮ ਸਿੰਘ ਜੱਸਲ, ਸਲਾਹਕਾਰ ਪਿ੍ਰੰਸੀਪਲ ਜਗਮੇਲ ਸਿੰਘ ਜਠੌਲ ਤੇ ਅਮਰਜੀਤ ਪੇਂਟਰ ,ਸੀਨੀਅਰ ਮੀਤ ਪ੍ਰਧਾਨ ਸੁਖਦਰਸ਼ਨ ਗਰਗ, ਜਨਰਲ ਸਕੱਤਰ ਭੁਪਿੰਦਰ ਸੰਧੂ ,ਕਹਾਣੀਕਾਰ ਅਤਰਜੀਤ ,ਪਿ੍ਰੰਸੀਪਲ ਜਗਦੀਸ਼ ਘਈ, ਕਹਾਣੀਕਾਰ ਹਰਜਿੰਦਰ ਸੂਰੇਵਾਲੀਆ, ਕਹਾਣੀ ਆਲੋਚਕ ਗੁਰਦੇਵ ਖੋਖਰ, ਭੁਪਿੰਦਰ ਸਿੰਘ ਮਾਨ, ਬਲਵਿੰਦਰ ਭੁੱਲਰ, ਭਾਸਾ ਵਿਗਿਆਨੀ ਬੂਟਾ ਸਿੰਘ ਬਰਾੜ ,ਉਘੇ ਸਾਹਿਤ ਚਿੰਤਕ ਰਾਜਪਾਲ ਸਿੰਘ, ਖੁਸਵੰਤ ਬਰਗਾੜੀ, ਆਗਾਜਵੀਰ, ਡਾ. ਜਸਪਾਲ ਜੀਤ, ਅਮਰਜੀਤ ਜੀਤ ਆਦਿ ਨੇ ਜੋਰਾ ਸਿੰਘ ਸੰਧੂ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਗਲਪ ਸਾਹਿਤ ਲਈ ਵੱਡਾ ਘਾਟਾ ਦੱਸਿਆ ਅਤੇ ਪੀੜਤ ਪਰਿਵਾਰ ਨਾਲ ਹਮਦਰਦੀ ਦਾ ਇਜਹਾਰ ਕੀਤਾ ਹੈ ।ਇਸ ਤੋਂ ਇਲਾਵਾ ਪੰਜਾਬੀ ਸਾਹਿਤ ਸਭਾ ਰਾਮਪੁਰਾ ਫੂਲ ,ਦਮਦਮਾ ਸਾਹਿਤ ਸਭਾ ਤਲਵੰਡੀ ਸਾਬੋ, ਸਾਹਿਤ ਜਾਗਰਤੀ ਸਭਾ ਬਠਿੰਡਾ,ਸਾਹਿਤ ਸਭਾ ਭਾਈਰੂਪਾ, ਸਾਹਿਤ ਅਤੇ ਸੱਭਿਆਚਾਰਕ ਮੰਚ ਬਠਿੰਡਾ, ਪੇਂਡੂ ਸਾਹਿਤ ਸਭਾ ਬਾਲਿਆਂਵਾਲੀ, ਸਾਹਿਤ ਸਭਾ ਗੋਨਿਆਣਾ ਮੰਡੀ ਜਾਰੀ ਕਰਤਾ ਸੁਰਿੰਦਰਪ੍ਰੀਤ ਘਣੀਆਂ ਪ੍ਰਧਾਨ ਪੰਜਾਬੀ ਸਾਹਿਤ ਸਭਾ ਰਜਿਸਟਰਡ ਬਠਿੰਡਾ ਆਦਿ ਦੇ ਅਹੁਦੇਦਾਰਾਂ ਅਤੇ ਸਮੂਹ ਮੈਂਬਰਾਂ ਨੇ ਵੀ ਸੰਧੂ ਸਾਹਿਬ ਦੇ ਅਕਾਲ ਚਲਾਣੇ ਤੇ ਡੂੰਘੀ ਸੰਵੇਦਨਾ ਦਾ ਪ੍ਰਗਟਾਵਾ ਕੀਤਾ ਹੈ ।