ਪ੍ਰੋ. ਰਾਜਿੰਦਰ ਲਹਿਰੀ ਦੀ ਪੁਸਤਕ 'ਅਰਸਤੂ ਦੇ ਕਾਵਿ ਸ਼ਾਸਤਰ ਦੀ ਨਵੀਂ ਪੜ੍ਹਤ' ਉੱਪਰ ਵਿਚਾਰ ਗੋਸ਼ਟੀ ਕਰਵਾਈ
ਪਟਿਆਲਾ, 22 ਸਤੰਬਰ 2022 - ਪੰਜਾਬੀ ਸਾਹਿਤ ਅਧਿਐਨ ਵਿਭਾਗ ਵੱਲੋਂ ਪ੍ਰੋ. ਰਾਜਿੰਦਰ ਲਹਿਰੀ ਦੀ ਪੁਸਤਕ 'ਅਰਸਤੂ ਦੇ ਕਾਵਿ ਸ਼ਾਸਤਰ ਦੀ ਨਵੀਂ ਪੜ੍ਹਤ' ਉੱਪਰ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਅੱਜ ਵਿਗਿਆਨ ਅਤੇ ਅਕਾਦਮਿਕ ਖੇਤਰ ਵਿੱਚ ਗ੍ਰੀਕੋ-ਰੋਮਨ ਗਲਬੇ ਨੂੰ ਤੋੜਨ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਭਾਰਤੀ ਗਿਆਨ ਪਰੰਪਰਾ ਨੂੰ ਵੀ ਖੰਘਾਲਣ ਦੀ ਜ਼ਰੂਰਤ ਹੈ। ਇਹ ਪੁਸਤਕ ਇਸ ਦਿਸ਼ਾ ਵਿੱਚ ਕਾਰਜਸ਼ੀਲ ਹੈ।
ਪ੍ਰੋ. ਗੁਰਪਾਲ ਸਿੰਘ ਸੰਧੂ ਨੇ ਕਿਹਾ ਕਿ ਇਹ ਪੁਸਤਕ ਅਰਸਤੂ ਦੇ ਕਾਵਿ-ਸ਼ਾਸਤਰ ਨੂੰ ਨਵੇਂ ਨਜ਼ਰੀਏ ਤੋਂ ਦੇਖਦੀ ਹੈ। ਪ੍ਰੋ. ਰਾਜੇਸ਼ ਸ਼ਰਮਾ ਨੇ ਕਿਹਾ ਕਿ ਇਹ ਪੁਸਤਕ ਅਰਸਤੂ ਦੇ ਨਾਟ-ਚਿੰਤਨ ਬਾਰੇ ਗੰਭੀਰ ਪ੍ਰਸ਼ਨ ਪੈਦਾ ਕਰਦੀ ਹੈ। ਡਾ. ਸਿ਼ਵਾਨੀ ਠੱਕਰ ਨੇ ਇਸ ਪੁਸਤਕ ਵਿੱਚ ਅਰਸਤੂ ਦੇ ਕਾਵਿ-ਸ਼ਾਸਤਰ ਬਾਰੇ ਪੇਸ਼ ਨਵੀਂਆਂ ਧਾਰਨਾਵਾਂ ਉੱਪਰ ਚਰਚਾ ਕੀਤੀ। ਡਾ. ਜਸਪਾਲ ਕੌਰ ਦਿਉਲ ਨੇ ਇਸ ਪੁਸਤਕ ਦਾ ਅੰਗਰੇਜ਼ੀ ਅਤੇ ਹਿੰਦੀ ਵਿੱਚ ਅਨੁਵਾਦ ਕੀਤੇ ਜਾਣ ਨੂੰ ਜ਼ਰੂਰੀ ਦੱਸਿਆ।
ਵਿਭਾਗ ਦੇ ਮੁਖੀ ਪ੍ਰੋ. ਭੀਮਇੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਡੀਨ ਭਾਸ਼ਾਵਾਂ ਡਾ. ਰਾਜਿੰਦਰਪਾਲ ਸਿੰਘ ਬਰਾੜ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਵਿਚਾਰ-ਚਰਚਾ ਵਿੱਚ ਵੱਖ-ਵੱਖ ਵਿਭਾਗਾਂ ਤੋਂ ਅਧਿਆਪਕ ਸਾਹਿਬਾਨ ਸ਼ਾਮਿਲ ਹੋਏ ਜਿਨ੍ਹਾਂ ਵਿੱਚ ਡਾ. ਗੁਰਨਾਇਬ ਸਿੰਘ, ਡਾ. ਤਾਰਾ ਸਿੰਘ, ਡਾ.ਪੁਸ਼ਪਿੰਦਰ ਜੋਸ਼ੀ, ਡਾ. ਵਰਿੰਦਰ ਕੁਮਾਰ, ਡਾ. ਮੋਹਨ ਤਿਆਗੀ, ਡਾ. ਪਰਮੀਤ ਕੌਰ, ਡਾ. ਮੁਹੰਮਦ ਇਦਰੀਸ, ਡਾ.ਅਨਵਰ ਚਿਰਾਗ ਅਤੇ ਡਾ. ਗੁਰਜੰਟ ਸਿੰਘ ਆਦਿ ਸ਼ਾਮਲ ਸਨ। ਮੰਚ-ਸੰਚਾਲਨ ਡਾ. ਜਸਵੀਰ ਕੌਰ ਵੱਲੋਂ ਕੀਤਾ ਗਿਆ।