ਲੁਧਿਆਣਾ, 4 ਅਕਤੂਬਰ 2018 - ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਤੇ ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਸਰਪ੍ਰਸਤ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਵੀਹਵੀਂ ਸਦੀ ਦੇ ਮਹਾਨ ਯੁਗ ਕਵੀ ਪ੍ਰੋ: ਮੋਹਨ ਸਿੰਘ ਦਾ 20 ਅਕਤੂਬਰ ਨੂੰ 111 ਵਾਂ ਜਨਮ ਦਿਹਾੜਾ ਹੈ। ਇਸ ਨੂੰ ਵਿਸ਼ਵ ਪੱਧਰ ਤੇ ਪੰਜਾਬੀ ਕਵਿਤਾ ਦਿਵਸ ਵਜੋਂ ਮਨਾਇਆ ਜਾਵੇ।
ਉਨ੍ਹਾਂ ਕਿਹਾ ਕਿ ਭਾਈ ਵੀਰ ਸਿੰਘ , ਧਨੀ ਰਾਮ ਚਾਤ੍ਰਿਕ ਤੇ ਪ੍ਰੋ: ਪੂਰਨ ਸਿੰਘ ਤੋਂ ਬਾਦ ਪ੍ਰੋ: ਮੋਹਨ ਸਿੰਘ ਹੀ ਨਿੱਕੀ ਕਵਿਤਾ ਦੇ ਵੱਡੇ ਕਵੀ ਵਜੋਂ ਪ੍ਰਵਾਨ ਹੋਏ।
ਉਨ੍ਹਾਂ ਦੀਆਂ ਕਾਵਿ ਟੁਕੜੀਆਂ ਮੁਹਾਵਰਿਆਂ ਵਾਂਗ ਹਰ ਮੰਚ ਤੇ ਪ੍ਰਵਾਨ ਹੋਈਆਂ ਹਨ।
ਮਾਂ ਵਰਗਾ ਘਣਛਾਵਾਂ ਬੂਟਾ
ਮੈਨੂੰ ਨਜ਼ਰ ਨਾ ਆਏ।
ਜਿਸ ਤੋਂ ਲੈ ਕੇ ਛਾਂ ਉਧਾਰੀ,
ਰੱਬ ਨੇ ਸੁਰਗ ਬਣਾਏ।
ਬਾਕੀ ਕੁੱਲ ਦੁਨੀਆ ਦੇ ਬੂਟੇ,
ਜੜ੍ਹ ਸੁੱਕਿਆਂ ਮੁਰਝਾਂਦੇ,
ਐਪਰ ਫੁੱਲਾਂ ਦੇ ਮੁਰਝਾਇਆਂ
ਇਹ ਬੂਟਾ ਸੁੱਕ ਜਾਏ।
ਜ਼ਿੰਦਗੀ ਦੇ ਆਖ਼ਰੀ ਅੱਠ ਸਾਲ ਉਨ੍ਹਾਂ ਨੇ ਪੰਜਾਬ ਖੇਤੀ ਯੂਨੀਵਰਸਿਟੀ ਚ ਪ੍ਰੋਫੈਸਰ ਈਮੈਰੀਟਸ ਵਜੋਂ ਗੁਜ਼ਾਰੇ ਤੇ ਡਾ: ਮ ਸ ਰੰਧਾਵਾ ਦੀ ਪ੍ਰਧਾਨਗੀ ਵੇਲੇ ਪੰਜਾਬੀ ਸਾਹਿੱਤ ਅਕਾਡਮੀ ਦੇ ਜਨਰਲ ਸਕੱਤਰ ਵਜੋਂ ਸੇਵਾ ਨਿਭਾਉਂਦਿਆਂ ਪੰਜਾਬੀ ਭਵਨ ਦੀ ਉਸਾਰੀ ਕਰਵਾਈ।
ਸ: ਗੋਪਾਲ ਸਿੰਘ ਖਾਲਸਾ, ਕਰਤਾਰ ਸਿੰਘ ਸ਼ਮਸ਼ੇਰ ਤੇ ਜਗਦੇਵ ਸਿੰਘ ਜੱਸੋਵਾਲ ਨਾਲ ਸ਼ਾਮਾਂ ਦੀ ਪੱਕੀ ਸਾਂਝ ਵਿੱਚੋਂ ਹੀ ਸਦੀਵੀ ਯਾਦ ਵਰਗਾ ਪ੍ਰੋ: ਮੋਹਨ ਸਿੰਘ ਯਾਦਗਾਰੀ ਮੇਲਾ ਨਿਕਲਿਆ।
ਸ: ਜਗਦੇਵ ਸਿੰਘ ਜੱਸੋਵਾਲ ਦੇ ਲਾਏ ਇਸ ਬੂਟੇ ਨੂੰ 1978 ਤੋਂ 2014 ਤੀਕ ਵੱਖ ਵੱਖ ਅਹੁਦਿਆਂ ਕੇ ਕੰਮ ਕਰਦਿਆਂ ਮੈਂ ਵੀ ਸਿੰਜਦਾ ਰਿਹਾ ਹਾਂ।
ਇਸ ਵਾਰ ਇਹ ਮੇਲਾ 20-21 ਅਕਤੂਬਰ ਨੂੰ ਗੋਵਿੰਦ ਨੈਸ਼ਨਲ ਕਾਲਿਜ ਚ ਕਰਾਇਆ ਜਾ ਰਿਹੈ। ਪਰਗਟ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਖੇਤੀ ਸੰਕਟ ਸੈਮੀਨਾਰ, ਕਵੀ ਦਰਬਾਰ, ਨਾਟਕ ਪੇਸ਼ਕਾਰੀ ਤੇ ਗੀਤ ਸੰਗੀਤ ਹੋਵੇਗਾ।
ਗੋਵਿੰਦ ਨੈਸ਼ਨਲ ਕਾਲਿਜ ਨਾਰੰਗਵਾਲ ਪ੍ਰਬੰਧਕ ਕਮੇਟੀ ਪ੍ਰਧਾਨ ਸ: ਜਗਪਾਲ ਸਿੰਘ ਖੰਗੂੜਾ ਦੀ ਸਰਪ੍ਰਸਤੀ ਹੇਠ
ਪੰਜਾਬ ਆਰਟਸ ਕੌਂਸਿਲ,ਪੰਜਾਬੀ ਸਾਹਿੱਤ ਅਕਾਡਮੀ ਤੇ ਨਾਰਥ ਜ਼ੋਨ ਕਲਚਰਲ ਸੈਂਟਰ ਪੂਰਾ ਸਹਿਯੋਗ ਦੇ ਰਹੇ ਹਨ।
ਤੁਸੀਂ ਇਸ ਮੇਲੇ ਦਾ ਕਿਸੇ ਨਾ ਕਿਸੇ ਰੂਪ ਚ ਹਿੱਸਾ ਬਣ ਸਕਦੇ ਹੋ।
ਜੇ ਦੂਰ ਦਰਾਜ਼ ਬੈਠੇ ਹੋ ਤਾਂ ਆਪੋ ਆਪਣੇ ਸ਼ਹਿਰ ਦੀ ਕਿਸੇ ਸਾਹਿੱਤਕ, ਵਿਦਿਅਕ ਜਾਂ ਸਭਿਆਚਾਰਕ ਸੰਸਥਾ ਨਾਲ ਮਿਲ ਕੇ ਨਿੱਕਾ ਵੱਡਾ ਸਮਾਗਮ ਕਰ ਸਕਦੇ ਹੋ।
ਜੇ ਕੁਝ ਵੀ ਨਹੀਂ ਕਰ ਸਕਦੇ ਤਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸੰਪਾਦਿਤ ਪ੍ਰੋ: ਮੋਹਨ ਸਿੰਘ ਰਚਨਾਵਲੀ ਖ਼ਰੀਦ ਕੇ ਪੜ੍ਹ ਸਕਦੇ ਹੋ।