ਬਰਨਾਲਾ, 3 ਜਨਵਰੀ 2021 - ਮਾਲਵਾ ਸਾਹਿਤ ਸਭਾ ਅਤੇ ਪੰਜਾਬੀ ਸਾਹਿਤ ਸਭਾ ਬਰਨਾਲਾ ਵੱਲੋਂ ਸਾਂਝੇ ਤੌਰ ਤੇ ਸਥਾਨਕ ਪੈਰਾਡਾਈਜ਼ ਹੋਟਲ ਵਿਚ ਇਕ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਪੰਜਾਬੀ ਕਵੀ ਜੰਗੀਰ ਸਿੰਘ ਦਿਲਬਰ ਦੀ ਪੁਸਤਕ ਕਲਮ ਦਾ ਹੋਕਾ ਨਾਵਲਕਾਰ ਓਮ ਪ੍ਰਕਾਸ਼ ਗਾਸੋ ਦਾ ਹਿੰਦੀ ਨਾਵਲ ਮਨੁਸ਼ ਕੀ ਆਂਖੇ ਦਾ ਦੂਸਰਾ ਐਡੀਸ਼ਨ ਅਤੇ ਬਰਨਾਲਾ ਇਲਾਕੇ ਦੇ ਲੇਖਕਾਂ ਦੀ ਮੋਬਾਇਲ ਫੋਨ ਡਾਇਰੈਕਟਰੀ ਦਾ ਨਵਾਂ ਐਡੀਸ਼ਨ ਲੋਕ ਅਰਪਣ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਤੇਜਾ ਸਿੰਘ ਤਿਲਕ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮੋਬਾਈਲ ਫੋਨ ਡਾਇਰੈਕਟਰੀ ਦੀ ਥਾਂ ਲੇਖਕਾਂ ਦੀ ਡਾਇਰੈਕਟਰੀ ਛਾਪੀ ਜਾਵੇਗੀ ਜਿਸ ਵਿਚ ਲੇਖਕ ਦਾ ਲੇਖਕ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਵੀ ਹੋਵੇਗਾ ਪੁਸਤਕ ਕਲਮ ਦਾ ਹੋਕਾ ਬਾਰੇ ਬੋਲਦਿਆਂ ਸਭਾ ਦੇ ਪ੍ਰਧਾਨ ਡਾ ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਇਸ ਪੁਸਤਕ ਵਿਚ ਦੇਸ਼ ਅਤੇ ਸੂਬੇ ਦੇ ਹਾਲਾਤਾਂ ਦੀ ਅਸਲ ਤਸਵੀਰ ਪੇਸ਼ ਕੀਤੀ ਗਈ ਹੈ ਭਾਵੇਂ ਕਿ ਇਹ ਤਸਵੀਰ ਤਾਂ ਨਿਘਾਰ ਵਾਲੀ ਹੈ ਪ੍ਰੰਤੂ ਲੇਖਕ ਇਸਦੇ ਉਚਾਣ ਵੱਲ ਜਾਣ ਲਈ ਨਾ ਕੇਵਲ ਆਸਵੰਦ ਸਗੋਂ ਅਮਲੀ ਸੁਝਾਅ ਵੀ ਪੇਸ਼ ਕਰਦਾ ਹੈ ਜਿਨ੍ਹਾਂ ਉੱਤੇ ਚੱਲ ਕੇ ਸੁੰਦਰ ਬੇਗਮਪੁਰੇ ਦੀ ਸਿਰਜਣਾ ਕੀਤੀ ਜਾ ਸਕਦੀ ਹੈ।
ਹਿੰਦੀ ਨਾਵਲ ਮਨੁਸ਼ ਕੀ ਆਂਖੇਂ ਬਾਰੇ ਬੋਲਦਿਆਂ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਪਰਮਜੀਤ ਸਿੰਘ ਮਾਨ ਨੇ ਕਿਹਾ ਕਿ ਬੇਸ਼ੱਕ ਇਹ ਨਾਵਲ 1977ਵਿੱਚ ਪ੍ਰਕਾਸ਼ਤ ਹੋਇਆ ਸੀ ਪਰ ਅੱਜ ਇਸ ਦਾ ਦੂਸਰਾ ਐਡੀਸ਼ਨ ਲੋਕ ਅਰਪਣ ਕਰਕੇ ਬਰਨਾਲਾ ਇਲਾਕੇ ਦੇ ਲੇਖਕ ਮਾਣ ਮਹਿਸੂਸ ਕਰ ਰਹੇ ਹਨ ਕਿਉਂਕਿ ਗਾਸੋ ਜੀ ਜਿਨ੍ਹਾਂ ਨੂੰ ਸਾਹਿਤ ਰਤਨ ਦੀ ਉਪਾਧੀ ਨਾਲ ਪੰਜਾਬ ਸਰਕਾਰ ਵੱਲੋਂ ਹੁਣੇ ਹੁਣੇ ਸਨਮਾਨਿਤ ਕੀਤਾ ਗਿਆ ਹੈ ਜਿਸ ਵਿੱਚ ਸਮੁੱਚਾ ਸਾਹਿਤ ਜਗਤ ਆਪਣਾ ਮਾਣ ਮਹਿਸੂਸ ਕਰ ਰਿਹਾ ਹੈ ।ਇਨ੍ਹਾਂ ਤੋਂ ਇਲਾਵਾ ਜਗੀਰ ਸਿੰਘ ਦਿਲਬਰ ਦਰਸ਼ਨ ਸਿੰਘ ਗੁਰੂ ਡਾ ਭੁਪਿੰਦਰ ਸਿੰਘ ਬੇਦੀ ਇਕ ਉਂਕਾਰ ਸਿੰਘ ਪ੍ਰੋ ਤਰਸਪਾਲ ਕੌਰ ਡਾ ਅਮਨਦੀਪ ਸਿੰਘ ਟੱਲੇਵਾਲੀਆ ਜਗਤਾਰ ਬੈਂਸ ਰਾਮ ਸਰੂਪ ਸ਼ਰਮਾ ਬਘੇਲ ਸਿੰਘ ਧਾਲੀਵਾਲ ਅਸ਼ੋਕ ਭਾਰਤੀ ਡਿੰਪਲ ਕੁਮਾਰ ਮੇਜਰ ਸਿੰਘ ਗਿੱਲ ਸੁਖਵਿੰਦਰ ਸਿੰਘ ਗਿੱਲ ਰਘਬੀਰ ਸਿੰਘ ਗਿੱਲ ਕੱਟੂ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।