ਪੰਜਾਬੀ ਯੂਨੀਵਰਸਿਟੀ ਦਾ ਦਸਵਾਂ ਪੰਜ-ਰੋਜ਼ਾ ‘ਪੁਸਤਕ ਮੇਲਾ ਅਤੇ ਸਾਹਿਤ ਉਤਸਵ’ ਪੂਰੇ ਜਾਹੋ-ਜਲਾਲ ਨਾਲ ਜਾਰੀ
- ਕਿਤਾਬਾਂ ਦੀ ਵਿੱਕਰੀ ਦੇ ਲਿਹਾਜ਼ ਨਾਲ਼ ਨੌਜਵਾਨਾਂ ਦੇ ਕੁਰਾਹੇ ਪਏ ਹੋਣ ਦੀ ਧਾਰਨਾ ਨੂੰ ਰੱਦ ਕਰਦਾ ਨਜ਼ਰ ਆ ਰਿਹਾ ਹੈ ਪੁਸਤਕ ਮੇਲਾ
ਪਟਿਆਲਾ, 1 ਫਰਵਰੀ 2024 - ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਤੀਜੇ ਦਿਨ ਵੀ ਜਾਹੋ ਜਲਾਲ ਨਾਲ਼ ਜਾਰੀ ਰਿਹਾ। ਪੁਸਤਕ ਮੇਲੇ ਵਿੱਚ ਸਕੂਲਾਂ ਦੇ ਬੱਚੇ ਅਤੇ ਕਾਲਜਾਂ ਦੇ ਵਿਦਿਆਰਥੀ ਹੁੰਮ-ਹੁੰਮਾ ਕੇ ਪਹੁੰਚ ਰਹੇ ਹਨ। ਕਿਤਾਬਾਂ ਦੀ ਵਿੱਕਰੀ ਦੇ ਲਿਹਾਜ਼ ਨਾਲ਼ ਇਹ ਪੁਸਤਕ ਮੇਲਾ ਨੌਜਵਾਨਾਂ ਦੇ ਕੁਰਾਹੇ ਪਏ ਹੋਣ ਦੀ ਧਾਰਨਾ ਨੂੰ ਰੱਦ ਕਰਦਾ ਨਜ਼ਰ ਆ ਰਿਹਾ ਹੈ।।
ਤੀਜੇ ਦਿਨ ਦੀ ਪਹਿਲੀ ਬੈਠਕ ਦਾ ਆਰੰਭ 'ਸਾਹਿਤ ਸਿਰਜਣਾ ਅਤੇ ਸਾਹਿਤ ਆਲੋਚਨਾ ਦੇ ਮਾਅਨੇ' ਵਿਸ਼ੇ ਨਾਲ ਹੋਇਆ। ਇਸ ਬੈਠਕ ਵਿੱਚ ਪ੍ਰਸਿੱਧ ਚਿੰਤਕ ਪ੍ਰੋ. ਰਾਜੇਸ਼ ਕੁਮਾਰ ਸ਼ਰਮਾ ਨਾਲ਼ ਡਾ.ਜਯੋਤੀ ਪੁਰੀ ਅਤੇ ਡਾ. ਧਰਮਜੀਤ ਸਿੰਘ ਨੇ ਸੰਵਾਦ ਰਚਾਇਆ। ਪ੍ਰੋ. ਰਾਜੇਸ਼ ਸ਼ਰਮਾ ਨੇ ਕਿਹਾ ਕਿ ਲੇਖਕ ਚਿੰਤਕ ਲਈ ਇਹ ਜ਼ਰੂਰੀ ਹੈ ਕਿ ਉਹ ਰਚਨਾ ਨੂੰ ਘਿਸੇ ਪਿਟੇ ਸ਼ਬਦਾਂ, ਵਾਕ-ਵਿਉਂਤਾਂ ਤੋਂ ਪਾਰ ਲੈ ਕੇ ਜਾਵੇ। ਸਾਨੂੰ ਬਿਨਾਂ ਕਿਸੇ ਪੂਰਵ ਸਥਾਪਿਤ ਅਨੁਮਾਨ ਦੇ ਪੁਸਤਕ ਨੂੰ ਪੁਸਤਕ ਦੇ ਤੌਰ ਉੱਪਰ ਦੇਖਣਾ ਚਾਹੀਦਾ।ਉਨ੍ਹਾਂ ਕਿਹਾ ਕਿ ਸਾਹਿਤਕਾਰ ਕਲਾਕਾਰ ਨੂੰ ਉਹ ਧੁਨੀਆਂ ਉਹ ਸ਼ਬਦ ਦਿਸਦੇ ਹਨ ਜੋ ਆਮ ਅੱਖ ਨੂੰ ਨਹੀਂ ਦਿਸਦੇ।
ਦੂਜੀ ਬੈਠਕ 'ਮੁੱਖ-ਧਾਰਾ ਦੇ ਆਰ-ਪਾਰ ਜਿਉਂ ਰਹੀਆਂ ਪਛਾਣਾਂ ਦੀ ਗੱਲ' ਵਿਸ਼ੇ ਉੱਤੇ ਹੋਈ। ਇਸ ਬੈਠਕ ਵਿੱਚ ਧਨੰਜਯ ਚੌਹਾਨ ਨੇ ਟ੍ਰਾਂਸ-ਮਰਦ ਅਤੇ ਔਰਤਾਂ ਦੇ ਹਵਾਲੇ ਨਾਲ ਕਿਹਾ ਕਿ ਸਮਾਜਿਕ ਮਾਨਤਾਵਾਂ ਸਾਡੇ ਜੈਂਡਰ ਰੋਲ ਨੂੰ ਨਿਰਧਾਰਿਤ ਕਰਦੀਆਂ ਹਨ। ਆਮ ਪਛਾਣ ਰੱਖਦੇ ਮਰਦ ਕੁੜੀਆਂ ਵਿਸ਼ੇਸ਼ ਪਛਾਣ ਵਾਲਿਆਂ ਨਾਲ ਜਿ਼ਆਦਾਤਰ ਸਧਾਰਨ ਵਿਹਾਰ ਨਹੀਂ ਕਰਦੇ।ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਵਿਸ਼ੇਸ਼ ਪਛਾਣ ਦੀ ਕੋਈ ਮੁਸ਼ਕਿਲ ਨਹੀਂ ਹੈ ਪਰ ਸਮਾਜ ਨੂੰ ਇਸ ਦੀ ਮੁਸ਼ਕਿਲ ਹੈ।
ਡਾ. ਕਿਰਨ ਕੁਮਾਰੀ ਨੇ ਦੱਸਿਆ ਕਿ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਲਈ ਬਹੁਤ ਸਾਰੀਆਂ ਸਕੀਮਾਂ ਹਨ ਪਰ ਉਨ੍ਹਾਂ ਨੂੰ ਲਾਗੂ ਕਰਨ ਦੀ ਸਮੱਸਿਆ ਹੈ।
ਲੇਖਕ ਹਰਪਿੰਦਰ ਰਾਣਾ ਨੇ ਇੱਕ ਟਿੱਪਣੀ ਕਰਦਿਆਂ ਕਿਹਾ ਕਿ ਹਾਸਿਆਂ ਅਤੇ ਹਾਦਸਿਆਂ ਵਿੱਚ ਬਹੁਤ ਥੋੜਾ ਫਰਕ ਹੁੰਦਾ ਹੈ। ਮੈਂ ਹਾਦਸੇ ਨੂੰ ਹਾਸੇ ਵਿੱਚ ਤਬਦੀਲ ਕੀਤਾ।
ਜ਼ੋਰਾਵਰ ਸਿੰਘ (ਨੂਰ ਜ਼ੋਰਾ) ਨੇ ਪੁਰਸ਼ ਹੁੰਦਿਆਂ ਔਰਤਾਂ ਦੇ ਗਿੱਧਾ ਖੇਤਰ ਵਿੱਚ ਆਉਣ ਦੇ ਹਵਾਲੇ ਨਾਲ਼ ਗੱਲ ਕਰਦਿਆਂ ਕਿਹਾ ਕਿ ਨੂਰ ਜੋਰਾ ਮੇਰੀ ਹੋਣੀ ਸੀ ਅਤੇ ਮੈਂ ਉਹ ਹੋ ਗਿਆ। ਪੁਰਸ਼ ਹੁੰਦਿਆਂ ਨਾਰੀ ਵਾਲੇ ਨਾਚ ਖੇਤਰ ਵਿੱਚ ਆਉਣ ਬਾਰੇ ਭਾਵੇਂ ਪਹਿਲਾਂ ਸ਼ਰਮ ਵਾਲੀ ਗੱਲ ਸੀ ਪਰ ਫੇਰ ਮੇਰੇ ਲਈ ਇਹ ਮੇਰਾ ਧੁਰ ਅੰਦਰਲਾ ਸਹਿਜ ਕਰਮ ਬਣ ਗਿਆ। ਮੈਂ ਹੀ ਗਿੱਧੇ ਨੂੰ ਨਹੀਂ ਅਪਣਾਇਆ ਸਗੋਂ ਗਿੱਧੇ ਨੇ ਮੈਨੂੰ ਅਪਣਾ ਲਿਆ।
ਸੁਣਨ ਬੋਲਣ ਤੋਂ ਅਸਮਰਥ ਜਗਦੀਪ ਸਿੰਘ ਨੇ ਕਿਹਾ ਕਿ ਉਸ ਲਈ ਸੰਚਾਰ ਦਾ ਨਾ ਹੋਣਾ ਬਹੁਤ ਮੁਸ਼ਕਿਲ ਭਰਿਆ ਸੀ ਪਰ ਉ ਸਨੇ ਹਾਰ ਨਹੀਂ ਮੰਨੀ। ਇਸ ਬੈਠਕ ਦੇ ਸੂਤਰਧਾਰ ਦੀ ਭੂਮਿਕਾ ਡਾ. ਰਾਜਵੰਤ ਕੌਰ ਪੰਜਾਬੀ ਨੇ ਨਿਭਾਈ। ਇਸ ਮੌਕੇ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਅਤੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫੈਸਰ ਗੁਰਮੁਖ ਸਿੰਘ ਵੀ ਮੌਜੂਦ ਰਹੇ।
ਤੀਜੀ ਬੈਠਕ 'ਨਵੀਂ ਸਿੱਖਿਆ ਨੀਤੀ ਅਤੇ ਪੰਜਾਬੀ ਦਾ ਭਵਿੱਖ' ਵਿਸ਼ੇ ਨਾਲ ਸੰਬੰਧਿਤ ਸੀ। ਇਸ ਵਿਸ਼ੇ ਨਾਲ ਸੰਬੰਧਿਤ ਚਰਚਾਕਾਰ ਬੂਟਾ ਸਿੰਘ ਬਰਾੜ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਵਿੱਚ ਦਿਸਦੇ ਪੱਧਰ ਉੱਪਰ ਮਾਤ-ਭਾਸ਼ਾ ਦੇ ਸੋਹਲੇ ਗਾਏ ਗਏ ਹਨ ਪਰ ਇਹ ਹਕੀਕਤ ਦੇ ਪੱਧਰ ਉੱਪਰ ਨਹੀਂ।
ਸਰਦਾਰ ਮੋਹਨ ਸਿੰਘ ਨੇ ਕਿਹਾ ਕਿ ਜੇਕਰ ਅਸੀਂ ਆਪਣੀਆਂ ਭਾਸ਼ਾਵਾਂ ਦੇ ਧੁੰਦਲਕੇ ਦੂਰ ਕਰਨੇ ਹਨ ਤਾਂ ਗੁਰਬਾਣੀ ਵਿਆਕਰਣ ਇਸ ਵਾਸਤੇ ਸਹਾਈ ਹੋ ਸਕਦੀ ਹੈ।
ਜਸਵੰਤ ਜ਼ਫ਼ਰ ਨੇ ਕਿਹਾ ਕਿ ਨੀਤੀ ਦੇ ਪੱਧਰ ਉੱਪਰ ਇਹ ਚੀਜਾਂ ਨਿਰਧਾਰਤ ਕੀਤੀਆਂ ਜਾ ਰਹੀਆਂ ਨੇ ਕਿ ਲੋਕਾਂ ਨੂੰ ਵਰਤਣਾ ਕਿਵੇਂ ਹੈ ਬਜਾਇ ਇਸ ਗੱਲ ਕਿ ਲੋਕਾਂ ਨੂੰ ਬੇਹਤਰ ਕਿਵੇਂ ਬਣਾਉਣਾ ਹੈ। ਸਿੱਖਿਆ ਦੇ ਨਿੱਜੀਕਰਨ ਅਤੇ ਕੇਂਦਰੀ ਕਰਨ ਰਾਹੀਂ ਗਲਬਾ ਖਾਸ ਲੋਕਾਂ ਦੇ ਹੱਥ ਵਿੱਚ ਜਾ ਰਿਹਾ ਹੈ।
ਸੇਵਕ ਸਿੰਘ ਨੇ ਕਿਹਾ ਕਿ ਭਾਸ਼ਾ ਨੀਤੀ ਸਿੱਖਿਆ ਨੀਤੀ ਰਾਜਨੀਤੀ ਦਾ ਹਿੱਸਾ ਹੈ। ਰਾਜਨੀਤੀ ਦੇ ਪਿੱਛੇ ਕਿਹੜੀ ਦਰਸ਼ਨ ਧਾਰਾ ਕੰਮ ਕਰਦੀ ਹੈ ਇਸ ਨਾਲ ਕਾਫੀ ਕੁਝ ਘਟਦਾ ਵਾਪਰਦਾ ਹੈ।ਸਾਰੇ ਮਾਹਿਰ ਮਹਿਮਾਨਾਂ ਨਾਲ਼ ਇਹ ਸੰਵਾਦ ਰਾਜਵਿੰਦਰ ਸਿੰਘ ਨੇ ਰਚਾਇਆ।
ਚੌਥੀ ਬੈਠਕ ਸ਼ਾਮ ਨੂੰ ਸੰਗੀਤਕ ਸ਼ਾਮ ਦੇ ਹਵਾਲੇ ਨਾਲ਼ ਕਰਵਾਈ ਗਈ।