ਫਗਵਾੜਾ, 29 ਅਪ੍ਰੈਲ 2021-ਪੰਜਾਬੀ ਦੇ ਪ੍ਰਸਿੱਧ ਹਰਮਨ ਪਿਆਰੇ ਸ਼ਾਇਰ ਡਾ: ਸੁਰਜੀਤ ਪਾਤਰ ਨੂੰ ਪੰਜਾਬ ਕਲਾ ਪ੍ਰੀਸ਼ਦ ਦਾ ਚੇਅਰਮੈਨ ਅਤੇ ਡਾ: ਸਰਬਜੀਤ ਕੌਰ ਸੋਹਲ ਨੂੰ ਪੰਜਾਬ ਸਾਹਿਤ ਅਕਾਦਮੀ ਦੀ ਪ੍ਰਧਾਨ ਬਣਾਉਣ ’ਤੇ ਫਗਵਾੜਾ ਦੀਆਂ ਸਾਹਿਤਕ ਸੰਸਥਾਵਾਂ ਦੇ ਆਹੁਦੇਦਾਰਾਂ ਨੇ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ ਹੈ। ਵਰਣਨਯੋਗ ਹੈ ਕਿ ਸ਼੍ਰੋਮਣੀ ਸਾਹਿਤਕਾਰ ਡਾ: ਸੁਰਜੀਤ ਪਾਤਰ ਪੰਜਾਬੀ ਸਾਹਿਤ ਦਾ ਉੱਘਾ ਹਸਤਾਖ਼ਰ ਹਨ, ਜਿੰਨਾਂ ਨੂੰ ਸਾਹਿਤਕ ਹਲਕਿਆਂ ਵਿੱਚ ਹੀ ਨਹੀਂ, ਆਮ ਲੋਕਾਂ ਵਿੱਚ ਵੀ ਹਰਮਨ ਪਿਆਰਤਾ ਹਾਸਲ ਕੀਤੀ ਹੋਈ ਹੈ। ਪੰਜਾਬੀ ਪਾਠਕਾਂ ਦੇ ਮਨਾਂ ’ਚ ਉਨਾਂ ਲਈ ਵੱਡਾ ਸਤਿਕਾਰ ਹੈ। ਡਾ: ਸਰਬਜੀਤ ਕੌਰ ਸੋਹਲ ਦੂਜੀ ਵਾਰ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਨਿਯੁਕਤ ਹੋਏ ਹਨ ਅਤੇ ਪੰਜਾਬੀ ਸਾਹਿਤ ਜਗਤ ਵਿੱਚ ਉਨਾਂ ਦਾ ਉੱਘਾ ਸਥਾਨ ਹੈ।
ਪੰਜਾਬ ਸਰਕਾਰ ਦੇ ਫ਼ੈਸਲੇ ਦੀ ਪ੍ਰਸੰਸ਼ਾ ਕਰਦਿਆਂ ਪੰਜਾਬੀ ਕਲਾ ਅਤੇ ਸਾਹਿਤ ਕੇਂਦਰ ਦੇ ਪ੍ਰਧਾਨ ਤਰਨਜੀਤ ਸਿੰਘ ਕਿੰਨੜਾ ਅਤੇ ਚੇਅਰਮੈਨ ਹਰੀਪਾਲ ਸਿੰਘ, ਪੰਜਾਬੀ ਵਿਰਸਾ ਟਰੱਸਟ (ਰਜਿ:) ਦੇ ਪ੍ਰਧਾਨ ਪ੍ਰੋ: ਜਸਵੰਤ ਸਿੰਘ ਗੰਡਮ ਅਤੇ ਜਨਰਲ ਸਕੱਤਰ ਪਿ੍ਰੰਸੀਪਲ ਗੁਰਮੀਤ ਸਿੰਘ ਪਲਾਹੀ, ਸੰਕੇਪ ਸਾਹਿੱਤਕ ਸੰਸਥਾ ਦੇ ਪ੍ਰਧਾਨ ਰਵਿੰਦਰ ਚੋਟ ਅਤੇ ਜਨਰਲ ਸਕੱਤਰ ਪਰਵਿੰਦਰਜੀਤ ਸਿੰਘ, ਉੱਘੇ ਲੇਖਕ ਐਡਵੋਕੇਟ ਸੰਤੋਖ ਲਾਲ ਵਿਰਦੀ, ਪ੍ਰਸਿੱਧ ਕਵੀ ਬਲਦੇਵ ਰਾਜ ਕੋਮਲ ਨੇ ਕਿਹਾ ਕਿ ਸਾਹਿਤਕਾਰਾਂ ਨੂੰ ਜ਼ਿੰਮੇਵਾਰੀਆਂ ਦੇ ਕੇ ਸਰਕਾਰ ਨੇ ਚੰਗਾ ਕਾਰਜ ਕੀਤਾ ਹੈ। ਇੰਨਾਂ ਸਖ਼ਸ਼ੀਅਤਾਂ ਨੇ ਡਾ: ਲਖਵਿੰਦਰ ਸਿੰਘ ਜੌਹਲ ਨੂੰ ਪੰਜਾਬ ਕਲਾ ਪ੍ਰੀਸ਼ਦ ਦਾ ਜਨਰਲ ਸੱੱਤਰ ਬਣਾਉਣ ’ਤੇ ਵੀ ਖ਼ੁਸ਼ੀ ਪ੍ਰਗਟ ਕੀਤੀ ਹੈ।