ਹਰਮਨਦੀਪ ਗਿੱਲ
ਬ੍ਰਿਸਬੇਨ, 11 ਸਤੰਬਰ, 2017 : ਅੱਜ ਤੋਂ ਲੱਗਭੱਗ ਇੱਕ ਸਾਲ ਪਹਿਲਾ 28 ਅਕਤੂਬਰ 2016 ਦਾ ਉਹ ਕਾਲਾ ਦਿਨ ਕਿਸੇ ਨੂੰ ਵੀ ਨਹੀ ਭੁੱਲ ਸਕਦਾ ਜਦੋਂ ਇੱਕ ਭੈੜੀ ਸੋਚ ਵਾਲੇ ਇਨਸਾਨ ਨੇ ਮਨਮੀਤ ਅਲੀਸ਼ੇਰ ਦੀ ਜਾਨ ਲੈ ਲਈ ਸੀ। ਪਰ ਮਨਮੀਤ ਅਲੀਸ਼ੇਰ ਆਪਣੇ ਦੋਸਤਾ ਮਿੱਤਰਾਂ, ਪਰਿਵਾਰ ਅਤੇ ਚਾਹਵਾਨਾ ਲਈ ਅੱਜ ਵੀ ਉਹਨਾਂ ਦੇ ਦਿਲਾਂ ਵਿੱਚ ਜਿਉਂਦਾ ਹੈ । ਬੀਤੇ ਐਤਵਾਰ (10 ਸਤੰਬਰ) ਨੂੰ ਮਨਮੀਤ ਦੇ ਜਨਮਦਿਨ ਮੌਕੇ ਤੇ ਉਸਦੇ ਨਜ਼ਦੀਕੀ ਸਕੇ ਸੰਬੰਧੀਆਂ ਅਤੇ ਪਰਮ ਪਿਆਰੇ ਮਿੱਤਰਾਂ ਵੱਲੋ ਵਰਿੰਦਰ ਅਲੀਸ਼ੇਰ (ਚਚੇਰੇ ਭਰਾ) ਦੇ ਨਿਵਾਸ ਸਥਾਨ ਤੇ ਕਵੀ ਦਰਬਾਰ ਕਰਵਾਇਆ ਗਿਆ। ਇਸ ਕਵੀ ਦਰਬਾਰ ਵਿੱਚ ਇੰਡੋਜ਼ ਸਾਹਿਤ ਸਭਾ ਦੇ ਮਸ਼ਹੂਰ ਕਵੀ ਕਵਿਤਰੀਆਂ ਵੱਲੋ ਪਰਿਵਾਰਾ ਸਮੇਤ ਸ਼ਿਰਕਤ ਕੀਤੀ ਗਈ । ਪ੍ਰੋਗਰਾਮ ਦੀ ਸ਼ੁਰੂਆਤ ਦਲਵੀਰ ਹਲਵਾਰਵੀ ਜੀ ਨੇ ਆਪਣੀ ਕਵਿਤਾ ਤੋ ਕੀਤੀ । ਬਾਦ ਵਿੱਚ ਆਤਮਾ ਹੇਯਰ, ਸਰਬਜੀਤ ਸੋਹੀ, ਹਰਮਨਦੀਪ ਗਿੱਲ, ਰੁਪਿੰਦਰ ਸੋਜ਼, ਪਾਲ ਰਾਉਕੇ ਅਤੇ ਸੁਰਜੀਤ ਸੰਧੂ ਨੇ ਆਪੋ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆ । ਇਸ ਮੌਕੇ ਤੇ ਉੱਘੇ ਸਮਾਜ ਸੇਵੀ ਮਨਜੀਤ ਬੋਪਾਰਾਏ, ਸਤਵਿੰਦਰ ਟੀਨੂ, ਅਤੇ ਬਲਵਿੰਦਰ ਦੇਹਲਾ ਨੇ ਮਨਮੀਤ ਨਾਲ ਵਿਚਰੀਅਾ ਯਾਦਾ ਸਾਂਝੀਆਂ ਕੀਤੀਆਂ ਅਤੇ ਇਸ ਮੌਕੇ ਮਨਜੀਤ ਬੋਪਾਰਾਏ ਜੀ ਨੇ ਮਨਮੀਤ ਦੀ ਪਹਿਲੀ ਬਰਸੀ (28 ਅਕਤੂਬਰ) ਤੇ ਸਮੂਹ ਭਾਰਤੀ ਭਾਈਚਾਰਾ ਨੂੰ ਇਨਾਲਾ ਗੁਰਦੁਆਰਾ ਵਿੱਚ ਇਕੱਠੇ ਹੋਣ ਲਈ ਅਪੀਲ ਕੀਤੀ ।ਮਾਈਗ੍ਰੇਸ਼ਨ ਏਜੰਟ ਜਸਪਾਲ ਸੰਧੂ ਜੀ ਵੀ ੳੁਚੇਚੇ ਤੌਰ ਤੇ ਹਾਜ਼ਰ ਹੋੲੇ ਅਤੇ ਅਾਪਣੇ ਵਿਚਾਰਾਂ ਰਾਹੀਂ ਵਿੱਛੜੀ ਰੂਹ ਦਾ ਦੁੱਖ ਸਾਂਝਾ ਕੀਤਾ । ਮਸ਼ਹੂਰ ਗੀਤਕਾਰ ਸੁਰਜੀਤ ਸੰਧੂ ਨੇ ਮਨਮੀਤ ਅਲੀਸ਼ੇਰ ਦੀ ਜ਼ਿੰਦਗੀ ਤੇ ਲਿਖਿਅਾ ਗਾਣਾ ਪੇਸ਼ ਕੀਤਾ ਜਿਸ ਨੇ ਸਭ ਦੀਅਾ ਅੱਖਾਂ ਨਮ ਕਰ ਦਿੱਤੀਅਾ । ਮਨਮੀਤ ਦੇ ਅਜ਼ੀਜ ਮਿੱਤਰਾ ਵਿੱਚੋ ਸ਼ਰਨ ਸੰਧੂ, ਮੋਹਨਜੀਤ, ਗੁਰਲੀਨ ਕੌਰ, ਸੈਮੀ ਸਿੱਧੂ, ਨੈਵੀ ਗਿੱਲ, ਅਮਰਿੰਦਰ ਭੁੱਲਰ, ਹਰਮਨਦੀਪ ਕੌਰ, ਸੁਰਿੰਦਰ ਧੂਰੀ ਅਤੇ ਹੈਰੀ ਸੋਹੀ ਨੇ ਵੀ ਕਵੀ ਦਰਬਾਰ ਵਿੱਚ ਅਾਪਣੀ ਹਾਜ਼ਰੀ ਲਗਵਾੲੀ। ਪ੍ਰੋਗਰਾਮ ਦੀ ਸਮਾਪਤੀ ਸਮੂਹ ਹਾਜ਼ਰੀਨ ਨੇ ਮਨਮੀਤ ਅਲੀਸ਼ੇਰ ਨਾਲ ਵਾਪਰੇ ਹਾਦਸੇ ਵਾਲੀ ਜਗ੍ਹਾ ਉੱਤੇ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਂਟ ਕਰਕੇ ਕੀਤੀ।