9ਵਾਂ ਅੰਮ੍ਰਿਤਸਰ ਸਾਹਿਤ ਉਤਸਵ-2024: ਯੂਨੀਵਰਸਿਟੀਆਂ ਨੂੰ ਲੋਕਾਂ ਨਾਲ ਜੁੜੇ ਹੋਣਾ ਚਾਹੀਦਾ: ਪ੍ਰੋ. ਠਾਕੁਰ
ਸਾਹਿਤ ਲੇਖਕ ਦੀ ਆਤਮ-ਕਥਾ ਹੀ ਹੁੰਦੀ ਹੈ: ਸੁਰਜੀਤ ਪਾਤਰ
ਦਿੱਲੀ, ਜੰਮੂ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦੇ ਵਿਦਿਆਰਥੀ ਹੋਏ ਸ਼ਾਮਿਲ
ਅੰਮ੍ਰਿਤਸਰ, 4 ਮਾਰਚ 2024- ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਖੋਜਾਰਥੀਆਂ ਅਤੇ ਵਿਦਿਆਰਥੀਆਂ ਦੁਆਰਾ ਸੰਚਾਲਿਤ ਸੰਸਥਾ ਨਾਦ ਪ੍ਰਗਾਸੁ ਸ੍ਰੀ ਅੰਮ੍ਰਿਤਸਰ ਦੁਆਰਾ ਖ਼ਾਲਸਾ ਕਾਲਜ ਫਾਰ ਵਿਮਨ ਵਿਖੇ ਪ੍ਰਸਿੱਧ ਸਮਾਜ ਵਿਗਿਆਨੀ ਪ੍ਰੋ. ਜੇ.ਪੀ.ਐੱਸ. ਓਬਰਾਏ ਨੂੰ ਸਮਰਪਿਤ ਅੱਜ ਨੌਵੇਂ ਅੰਮ੍ਰਿਤਸਰ ਸਾਹਿਤ ਉਤਸਵ ਦਾ ਆਗਾਜ਼ ਬਹੁਤ ਹੀ ਪ੍ਰਭਾਵਸ਼ਾਲੀ ਹੋ ਨਿਬੜਿਆ। ਅੱਜ ਦੇ ਪਹਿਲੇ ਦਿਨ ਵੱਖ-ਵੱਖ ਯੂਨੀਵਰਸਿਟੀਆਂ ਨਾਲ ਜੁੜੇ ਵਿਦਵਾਨਾਂ ਦੀ ਹਾਜ਼ਰੀ ਅਤੇ ਵਿਚਾਰਾਂ ਨੇ ਯੂਨੀਵਰਸਿਟੀ ਦੀ ਖੋਜ ਨਾਲ ਸੰਬੰਧਤ ਗੰਭੀਰ ਪ੍ਰਸ਼ਨਾਂ ਵੱਲ ਧਿਆਨ ਦੁਆਇਆ।
ਪਹਿਲੇ ਉਦਘਾਟਨੀ ਸਮਾਗਮ ਦਾ ਆਰੰਭ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦੇ ਸੁਆਗਤੀ ਸ਼ਬਦਾਂ ਨਾਲ ਹੋਇਆ। ਮੁੱਖ ਵਕਤਾ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਪ੍ਰੋ. ਅਕਸ਼ੈ ਕੁਮਾਰ ਨੇ ਕਿਹਾ ਕਿ ਸਮਕਾਲ ਵਿੱਚ ਸਿਧਾਂਤ ਨਾਲੋਂ ਸਾਹਿਤ ਅਤੇ ਬਿਰਤਾਂਤ ਨੂੰ ਸਥਾਪਿਤ ਕਰਨ ਦਾ ਰੁਝਾਨ ਬਣ ਰਿਹਾ ਹੈ। ਇਸ ਮੌਕੇ ਪ੍ਰਧਾਨਗੀ ਭਾਸ਼ਣ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਪ੍ਰੋ. ਰਾਜੇਸ਼ ਸ਼ਰਮਾ ਨੇ ਕਿਹਾ ਕਿ ਸਾਡੀ ਅਕਾਦਮੀ ਨੂੰ ਪੱਛਮ ਨਾਲ ਸੰਵਾਦ ਪੱਛਮ ਦੇ ਹੀ ਮੁਹਾਵਰੇ ਵਿੱਚ ਕਰਨ ਦੀ ਬਜਾਇ ਆਪਣੇ ਮੁਹਾਵਰੇ ਵਿੱਚ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਇਸ ਉਪਰੰਤ ਦੂਜੇ ਸਮਾਗਮ ਦੌਰਾਨ ‘ਭਾਰਤੀ ਅਕਾਦਮੀ: ਸਮਕਾਲੀ ਗਿਆਨ-ਮੀਮਾਂਸਕ ਦਿਸ਼ਾ’ ‘ਤੇ ਆਯੋਜਿਤ ਕੀਤੇ ਗਏ, ਸੈਮੀਨਾਰ ਦੌਰਾਨ ਡਾ. ਮਨਿੰਦਰਾ ਨਾਥ ਠਾਕੁਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਨੇ ਕਿਹਾ ਕਿ ਸਾਡੀਆਂ ਯੂਨੀਵਰਸਿਟੀਆਂ ਨੂੰ ਦੂਜੀਆਂ ਗਿਆਨ ਪ੍ਰੰਪਰਾਵਾਂ ਨਾਲ ਸੰਵਾਦ ਰਚਾਉਣਾ ਅਤਿ ਜ਼ਰੂਰੀ ਹੋ ਗਿਆ ਹੈ। ਇਸ ਮੌਕੇ ਪ੍ਰੋ. ਮਧੂਲਿਕਾ ਬੈਨਰਜੀ ਨੇ ਭਾਰਤੀ ਗਿਆਨ ਪ੍ਰੰਪਰਾ ਦੀ ਵਿਲੱਖਣਤਾ ਨੂੰ ਉਭਾਰਨ ‘ਤੇ ਜ਼ੋਰ ਦਿਤਾ। ਇਸ ਮੌਕੇ ਪ੍ਰੋ. ਲਲਨ ਬਘੇਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਇਸ ਮੌਕੇ ਵਿਚਾਰ ਚਰਚਾ ਵੀ ਕੀਤੀ ਗਈ। ਇਸ ਸੈਸ਼ਨ ਦੀ ਪ੍ਰਧਾਨਗੀ ਕਰ ਰਹੇ ਪ੍ਰੋ. ਸੁਰਿੰਦਰ ਸਿੰਘ ਜੋਧਕਾ ਨੇ ਕਿਹਾ ਕਿ ਪੂਰਬ ਅਤੇ ਪੱਛਮ ਨੂੰ ਨਿਸ਼ਚਿਤ ਜ਼ੁਜ ਵਜੋਂ ਪ੍ਰਵਾਨ ਨਹੀਂ ਕਰਨਾ ਚਾਹੀਦਾ ਬਲਕਿ ਹੁਣ ਸਾਰਾ ਵਿਸ਼ਵ ਬੇਹੱਦ ਅੰਤਰ-ਨਿਰਭਰ ਅਤੇ ਅੰਤਰ-ਸੰਬੰਧਿਤ ਹੋ ਚੁੱਕਾ ਹੈ।
ਅੱਜ ਦੇ ਤੀਜੇ ਸਮਾਗਮ ਵਿੱਚ ਪਦਮ ਸ੍ਰੀ ਸੁਰਜੀਤ ਪਾਤਰ ਤੋਂ ਇਲਾਵਾ ਪੰਜਾਬ ਦੇ ਪ੍ਰਸਿਧ ਲੇਖਕਾਂ ਨੇ ਆਪਣੀ ਸਿਰਜਣਾ ਪ੍ਰਕ੍ਰਿਆ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਜਿਸ ਵਿੱਚ ਪ੍ਰਸਿਧ ਕਵੀ ਸੁਰਜੀਤ ਪਾਤਰ ਨੇ ਕਿਹਾ ਕਿ ਮੇਰੀ ਕਵਿਤਾ ਮੇਰੇ ਸਵੈ ਦੀ ਆਪਣੇ ਨਾਲ ਹੀ ਸੰਘਰਸ਼ ਦੀ ਆਤਮ ਕਥਾ ਹੈ ਜਦਕਿ ਕਵੀ ਭੁਪਿੰਦਰਪ੍ਰੀਤ ਨੇ ਪੰਜਾਬੀ ਕਵੀਆਂ ਨੂੰ ਕਵਿਤਾ ਨੂੰ ਬਿਆਨਬਾਜ਼ੀ ਤੋਂ ਮੁਕਤ ਹੁੰਦੇ ਹੋਏ ਸ਼ਬਦ ਦੀ ਧੁਨੀ ‘ਤੇ ਕੇਂਦਰਿਤ ਹੋਣ ਦਾ ਸੁਝਾਅ ਦਿਤਾ। ਇਸ ਮੌਕੇ ਪੰਜਾਬੀ ਚਿੰਤਕ ਮਨਮੋਹਨ ਅਤੇ ਤਸਕੀਨ ਨੇ ਸਾਹਿਤ ਦੀ ਸਿਰਜਣਾ ਵਿੱਚ ਸਮਾਜਿਕ-ਰਾਜਨੀਤਿਕ ਕਾਰਨਾਂ ਦੀ ਭੂਮਿਕਾ ਨੂੰ ਮਹੱਤਵਪੂਰਨ ਦੱਸਿਆ। ਅੱਜ ਦੇ ਸਮਾਗਮਾਂ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਹਰਕਮਲਪ੍ਰੀਤ ਸਿੰਘ, ਅਮਨਿੰਦਰ ਸਿੰਘ ਅਤੇ ਡਾ. ਪ੍ਰਵੀਨ ਕੁਮਾਰ ਦੁਆਰਾ ਨਿਭਾਈ ਗਈ। ਸਾਹਿਤ ਉਤਸਵ ਵਿੱਚ ਪੰਜਾਬ ਤੋਂ ਇਲਾਵਾ ਦਿੱਲੀ, ਰਾਜਸਥਾਨ, ਜੰਮੂ ਅਤੇ ਹਿਮਾਚਲ ਪ੍ਰਦੇਸ਼ ਤੋਂ ਵੀ ਵਿਦਿਅਰਥੀਆਂ ਨੇ ਵੀ ਭਾਗ ਲਿਆ।