ਪੰਜਾਬੀ ਸਾਹਿਤ ਸਭਾ ਵੱਲੋਂ ’ਪੰਜਾਬੀ ਯੁਵਾ ਕਵੀ’ ਪੁਰਸਕਾਰ ਸ਼ੁਰੂ ਕਰਨ ਦਾ ਐਲਾਨ
ਪਟਿਆਲਾ, 11 ਫਰਵਰੀ, 2023: 1957 ਤੋਂ ਹੋਂਦ ਵਿਚ ਆਈ ਪੰਜਾਬ ਦੀ ਪ੍ਰਸਿੱਧ ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ 'ਪੰਜਾਬੀ ਯੁਵਾ ਕਵੀ' ਪੁਰਸਕਾਰ ਸਥਾਪਿਤ ਕੀਤਾ ਗਿਆ ਹੈ। ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ 'ਆਸ਼ਟ' ਨੇ ਦੱਸਿਆ ਕਿ ਉਘੇ ਕਵੀ ਡਾ. ਰਾਕੇਸ਼ ਤਿਲਕ ਰਾਜ ਦੇ ਪਰਿਵਾਰ ਵੱਲੋਂ ਇਹ ਪੁਰਸਕਾਰ ਹਰ ਸਾਲ ਉਸ ਯੁਵਾ ਪੰਜਾਬੀ ਕਵੀ ਦੀ ਪੰਜਾਬੀ ਪੁਸਤਕ ਨੂੰ ਪ੍ਰਦਾਨ ਕੀਤਾ ਜਾਵੇਗਾ ਜਿਸ ਦੀ ਉਮਰ 50 ਸਾਲ ਤੋਂ ਵੱਧ ਨਾ ਹੋਵੇ ਅਤੇ ਉਸ ਦੀ ਪੁਸਤਕ ਦਾ ਸਭਾ ਦੇ ਮੰਚ ਤੋਂ ਲੋਕ ਅਰਪਣ ਹੋਇਆ ਹੋਵੇ।ਇਸ ਪੁਰਸਕਾਰ ਵਿਚ ਗਿਆਰਾਂ ਹਜ਼ਾਰ ਰੁਪਏ ਦੀ ਨਗਦ ਰਾਸ਼ੀ ਤੋਂ ਇਲਾਵਾ ਸਨਮਾਨ ਪੱਤਰ ਅਤੇ ਸ਼ਾਲ ਆਦਿ ਭੇਂਟ ਕੀਤੇ ਜਾਣਗੇ। ਡਾ. 'ਆਸ਼ਟ' ਨੇ ਇਸ ਪੁਰਸਕਾਰ ਦੀ ਸਥਾਪਨਾ ਸੰਬੰਧੀ ਵਿਖਾਈ ਪਹਿਲਕਦਮੀ ਲਈ ਡਾ. ਰਾਕੇਸ਼ ਤਿਲਕ ਰਾਜ ਅਤੇ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਪੁਰਸਕਾਰ ਨਾਲ ਸਭਾ ਵੱਲੋਂ ਦਿੱਤੇ ਜਾਣ ਵਾਲੇ ਪੁਰਸਕਾਰਾਂ ਦੀ ਲੜੀ ਵਿਚ ਵਾਧਾ ਹੋਇਆ ਹੈ।ਇਸ ਤੋਂ ਪਹਿਲਾਂ ਸਭਾ ਨਾਲ ਜੁ੍ੜੇ ਰਹੇ ਪ੍ਰਤਿਬੱਧ ਲਿਖਾਰੀਆਂ ਵਿਚੋਂ ਰਾਜਿੰਦਰ ਕੌਰ ਵੰਤਾ ਪੁਰਸਕਾਰ, ਪੰਜਾਬੀ ਮਿੰਨੀ ਕਹਾਣੀ ਲੇਖਕ ਮੰਚ ਦੇ ਸਹਿਯੋਗ ਨਾਲ ਮਾਤਾ ਮਾਨ ਕੌਰ ਮਿੰਨੀ ਕਹਾਣੀ ਲੇਖਕ ਪੁਰਸਕਾਰ,ਪ੍ਰਤਿਕਾ ਸ਼ਰਮਾ ਯੁਵਾ-ਲੇਖਿਕਾ ਪੁਰਸਕਾਰ ਆਦਿ ਪ੍ਰਦਾਨ ਕੀਤੇ ਜਾ ਰਹੇ ਹਨ।ਨਵੇਂ ਪੁਰਸਕਾਰ ਦੀ ਸਥਾਪਤੀ ਲਈ ਡਾ. ਆਸ਼ਟ ਤੋਂ ਇਲਾਵਾ ਸਭਾ ਦੇ ਜਨਰਲ ਸਕੱਤਰ ਕਵਿਤਰੀ ਵਿਜੇਤਾ ਭਾਰਦਵਾਜ, ਸੀਨੀਅਰ ਮੀਤ ਪ੍ਰਧਾਨ ਕਹਾਣੀਕਾਰ ਬਾਬੂ ਸਿੰਘ ਰੈਹਲ ਅਤੇ ਪ੍ਰਚਾਰ ਸਕੱਤਰ ਦਵਿੰਦਰ ਪਟਿਆਲਵੀ ਨੇ ਸੁਆਗਤ ਕਰਦਿਆਂ ਕਿਹਾ ਹੈ ਕਿ ਇਸ ਪੁਰਸਕਾਰ ਨਾਲ ਯੁਵਾ ਲਿਖਾਰੀਆਂ ਨੂੰ ਉਤਸਾਹ ਮਿਲੇਗਾ ਅਤੇ ਮਾਂ ਬੋਲੀ ਪੰਜਾਬੀ ਦਾ ਵਿਕਾਸ ਹੋਵੇਗਾ।