ਲੁਧਿਆਣਾ, 6 ਅਗਸਤ 2018 -ਪ੍ਰਵਾਸੀ ਕਵੀ ਹੈਬੀ ਸਰਾਂ, ਜੋ ਇਸ ਵੇਲੇ ਕੈਨੇਡਾ ਵਿੱਚ ਰਹਿ ਰਹੇ ਹਨ, ਦੁਆਰਾ ਰਚਿਤ ਪਹਿਲਾ ਕਾਵਿ ਸੰਗ੍ਰਹਿ ‘ਰੂਹਦਾਰੀਆਂ’ ਲੋਕ ਅਰਪਿਤ ਕਰਨ ਲਈ ਪਿੰਡ ਪ੍ਰਤਾਪ ਸਿੰਘ ਵਾਲਾ ਵਿੱਚ ਪ੍ਰੋ: ਹਰਜੀਤ ਸਿੰਘ ਧਾਲੀਵਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀ ਅਗਵਾਈ ਹੇਠ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪ੍ਰਭਦੀਪ ਸਿੰਘ ਨੱਥੋਵਾਲ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਲੁਧਿਆਣਾ ਮੁੱਖ-ਮਹਿਮਾਨ ਵਜੋਂ ਹਾਜ਼ਰ ਹੋਏ।
ਸ. ਨੱਥੋਵਾਲ ਨੇ ਹੈਬੀ ਸਰਾਂ ਦਾ ਪਹਿਲਾ ਕਾਵਿ ਸੰਗ੍ਰਹਿ ਲੋਕ ਅਰਪਿਤ ਕਰਦਿਆਂ ਕਿਹਾ ਕਿ ਨੌਜਵਾਨ ਕਵੀ ਹੈਬੀ ਸਰਾਂ ਨੇ ਆਪਣੇ ਕਾਵਿ ਸੰਗ੍ਰਹਿ ਵਿਚ ਰੋਜ਼ੀ ਰੋਟੀ ਲਈ ਵਿਦੇਸ਼ਾਂ ਵਿੱਚ ਜਾ ਕੇ ਆਪਣੇ ਪਿੰਡੇ ’ਤੇ ਜੋ ਦਰਦ ਹੰਢਾਇਆ ਹੈ, ਨੂੰ ਆਪਣੀਆਂ ਰਚਨਾਵਾਂ ਰਾਹੀਂ ਸਿਰਜ ਕੇ ਸਮਾਜ ਦੇ ਸਨਮੁੱਖ ਕੀਤਾ ਹੈ। ਉਨ੍ਹਾਂ ਕਿਹਾ ਕਿ ਕਵੀ ਸਰਾਂ ਨੇ ਜੋ ਲਿਖਿਆ ਹੈ ਸੱਚ ਹੈ, ਕਿਉਕਿ ਜਦੋਂ ਵੀ ਭਾਰਤੀ ਰੁਜ਼ਗਾਰ ਦੀ ਭਾਲ ਵਿਚ ਸੱਤ ਸਮੁੰਦਰੋਂ ਪਾਰ ਜਾਂਦਾ ਹੈ ਤਾਂ ਉਸਨੂੰ ਕੇਵਲ ਸਰੀਰਕ ਤੌਰ ’ਤੇ ਹੀ ਨਹੀਂ ਸਗੋਂ ਮਾਨਸਿਕ, ਪਰਿਵਾਰਕ, ਸੱਭਿਆਚਾਰਕ, ਸਮਾਜਿਕ ਤੌਰ ’ਤੇ ਵੀ ਬਹੁਤ ਦਰਦ ਝੱਲਣਾ ਪੈਂਦਾ ਹੈ। ਇਸ ਮੌਕੇ ਸ. ਨੱਥੋਵਾਲ ਨੇ ਕਾਮਨਾ ਕੀਤੀ ਕਿ ਹੈਬੀ ਸਰਾਂ ਭਵਿੱਖ ਵਿੱਚ ਇਸ ਤੋਂ ਹੋਰ ਚੰਗਾ ਸਾਹਿਤ ਸਿਰਜ ਕੇ ਪੰਜਾਬੀ ਸਾਹਿਤ ਦੀ ਝੋਲੀ ਪਾਵੇ।
ਇਸ ਮੌਕੇ ਪ੍ਰੋ: ਧਾਲੀਵਾਲ ਨੇ ਕਵੀ ਸਰਾਂ ਦੇ ਜੀਵਨ ਉਪਰ ਵਿਸਥਾਰਪੂਰਵਕ ਚਾਨਣਾ ਪਾਇਆ, ਜਦੋਂਕਿ ਸਾਹਿਤਕਾਰ ਸੁਖਦੇਵ ਸਿੰਘ ਨੇ ਹੈਬੀ ਸਰਾਂ ਦੀਆਂ ਕਵਿਤਾਵਾਂ ਦਾ ਗਾਇਨ ਕੀਤਾ। ਇਸ ਮੌਕੇ ਪੋ੍ਰ: ਰਵਿੰਦਰ ਕੌਰ ਧਾਲੀਵਾਲ ਨਿਰਦੇਸ਼ਕ ਵਿਦਿਆਰਥੀ ਭਲਾਈ ਵਿਭਾਗ ਪੀ. ਏ. ਯੂ. ਲੁਧਿਆਣਾ, ਡਾ: ਜਸਵੀਰ ਸਿੰੰਘ ਗਰੇਵਾਲ, ਸ਼ਿੰਦਰਪਾਲ ਕੌਰ ਗਰੇਵਾਲ, ਕੁਲਦੀਪ ਸਿੰਘ ਖੰਗੂੜਾ, ਮਨਜੀਤ ਸਿੰਘ, ਸਰਪੰਚ ਗੁਰਮੇਲ ਸਿੰਘ, ਅਸ਼ਵਨੀ ਕੁਮਾਰ ਸ਼ਰਮਾ, ਸੁਖਵਿੰਦਰ ਸਿੰਘ ਬਸੈਮੀ, ਮਾਸਟਰ ਅਮਰਜੀਤ ਸਿੰਘ, ਕਰਮਪਾਲ ਸਿੰਘ ਗਰੇਵਾਲ, ਅਨਮੋਲ ਪੰਧੇਰ, ਡਾ: ਅਮਰ ਸਿੰਘ ਸਰਾਂ ਆਦਿ ਬੁੱਧੀਜੀਵੀ ਹਾਜ਼ਰ ਸਨ।