ਪੰਜਾਬ ਇਨਫੋਟੈਕ ਦੇ ਚੇਅਰਮੈਨ ਵਲੋਂ ਲਿਖੀ ਕਾਫੀ ਟੇਬਲ ਬੁੱਕ ‘ ਸਾਡਾ ਸੋਹਣਾ ਪੰਜਾਬ’ ਹਰਿਆਣਾ ਦੇ ਰਾਜਪਾਲ ਨੂੰ ਕੀਤੀ ਭੇਂਟ
- ਕਿਤਾਬ ’ਚ ਦਰਸਾਈਆਂ ਹਨ ਪੰਜਾਬ ਦੀਆਂ ਅਣਡਿੱਠੀਆਂ ਤੇ ਰਮਣੀਕ ਕੁਦਰਤੀ ਥਾਵਾਂ
ਚੰਡੀਗੜ੍ਹ, 23 ਦਸੰਬਰ 2021 - ਹਰਿਆਣਾ ਦੇ ਮਾਣਯੋਗ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਨੇ ਪੰਜਾਬ ਇਨਫੋਟੈਕ ਦੇ ਚੇਅਰਮੈਨ ਅਤੇ ਨੇਚਰ ਆਰਟਿਸਟ ਹਰਪ੍ਰੀਤ ਸੰਧੂ ਵੱਲੋਂ ਲਿਖੀ ਕੌਫੀ ਟੇਬਲ ਬੁੱਕ, “ਸਾਡਾ ਸੋਹਣਾ ਪੰਜਾਬ” ਦੀ ਸਰਾਹਨਾ ਕੀਤੀ, ਜੋ ਰਮਣੀਕ ਕੁਦਰਤੀ ਨਜ਼ਾਰਿਆਂ ਨੂੰ ਦਰਸਾਉਂਦੀ ਹੈ।
ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਨੂੰ ਅੱਜ ਸਵੇਰੇ ਰਾਜ ਭਵਨ ਚੰਡੀਗੜ ਵਿਖੇ ਪੰਜਾਬ ਇਨਫੋਟੈਕ ਦੇ ਚੇਅਰਮੈਨ ਹਰਪ੍ਰੀਤ ਸੰਧੂ ਵੱਲੋਂ ਉਨਾਂ ਦੀ ਲਿਖੀ ਕੌਫੀ ਟੇਬਲ ਬੁੱਕ ਭੇਂਟ ਕੀਤੀ ਗਈ। ਹਰਿਆਣਾ ਰਾਜਪਾਲ ਨੇ ਹਰਪ੍ਰੀਤ ਸੰਧੂ ਵੱਲੋਂ ਕੁਦਰਤ ਦੇ ਸ਼ਾਂਤ ਤੇ ਰਮਣੀਕ ਸੁਭਾਅ ਨੂੰ ਦਰਸਾਉਂਦੀ ਇਸ ਸਾਰਥਕ ਕੌਫੀ ਟੇਬਲ ਬੁੱਕ ‘ਸਾਡਾ ਸੋਹਣਾ ਪੰਜਾਬ’ ਨੂੰ ਲਿਖਣ ਲਈ ਕੀਤੇ ਸੁਹਿਰਦ ਯਤਨਾਂ ਦੀ ਸ਼ਲਾਘਾ ਕੀਤੀ। ਅੱਜ ਇਸ ਕੌਫੀ ਟੇਬਲ ਬੁੱਕ ਨੂੰ ਦੇਖਣ ਤੋਂ ਮਾਣਯੋਗ ਰਾਜਪਾਲ ਨੇ ਕਿਹਾ ਕਿ ਇਹ ਪਹਿਲਕਦਮੀ ਨਿਸ਼ਚਤ ਤੌਰ ‘ਤੇ ਨਾ ਸਿਰਫ ਪੰਜਾਬ ਸਗੋਂ ਸਮੁੱਚੇ ਭਾਰਤ ਦੇ ਕੁਦਰਤ ਪ੍ਰੇਮੀਆਂ ਨੂੰ ਅਦਭੁਤ ਕੁਦਰਤ ਦੇ ਨੇੜੇ ਜਾਣ ਲਈ ਮਦਦ ਕਰੇਗੀ। ਇਸ ਕਿਤਾਬ ’ਚ ਮਨਮੋਹਕ ਕੁਦਰਤੀ ਥਾਵਾਂ ਨੂੰ ਦੇਖਣ , ਸੰਘਣੀ ਆਬਾਦੀ ਵਾਲੇ ਹਰੇ ਜੰਗਲਾਂ ਦੇ ਸੁੰਦਰ ਨਜ਼ਾਰੇ ਮਾਨਣ, ਅਮੀਰ ਆਲੀਸ਼ਾਨ ਦਰਿਆਵਾਂ ਦੇ ਚਮਕਦਾਰ ਵਹਾਅ ਨਾਲ ਵਗਦੀਆਂ ਨਦੀਆਂ ਨੂੰ ਬੜੇ ਸੁਚੱਜੇ ਤੇ ਦਿਲਕਸ਼ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ।
ਇਸ ਕੌਫੀ ਟੇਬਲ ਬੁੱਕ ਵਿੱਚ ਮੁੱਖ ਮੰਤਰੀ ਪੰਜਾਬ ਵਲੋਂ ਲਿਖਿਆ ਮੁੱਖ ਬੰਦ ਅਤੇ ਪੰਜਾਬ ਦੇ ਰਾਜਪਾਲ ਅਤੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਮਹੱਤਵਪੂਰਨ ਸੰਦੇਸ਼ ਦਰਜ ਹਨ। ਕਿਤਾਬ ਵਿੱਚ ਪੰਜਾਬ ਦੀਆਂ ਵੱਖ ਵੱਖ ਦਿਲਕਸ਼ ਥਾਵਾਂ ਨੂੰ 133 ਸਫਿਆਂ ’ਤੇ ਬੜੇ ਮਨਮੋਹਕ ਅੰਦਾਜ਼ ਵਿੱਚ ਦਰਸਾਇਆ ਗਿਆ ਹੈ ਅਤੇ ਪੰਜਾਬ ਦੇ ਕੁਦਰਤ ਪ੍ਰੇਮੀਆਂ ਵਲੋਂ ਅਣਦੇਖੇ ਰਮਣੀਕ ਕੁਦਰਤੀ ਨਜ਼ਾਰਿਆਂ ਨੂੰ ਮਾਨਣ ਅਤੇ ਸੂਬੇ ਵਿੱਚ ਸੈਰ-ਸਪਾਟੇ ਦੀਆਂ ਸੰਭਾਵਨਾਵਾਂ ਨੂੰ ਪ੍ਰਫੁੱਲਿਤ ਕਰਨ ਵੱਲ ਇਸ਼ਾਰਾ ਕਰਦੀ ਹੈ।
ਕੌਫੀ ਟੇਬਲ ਬੁੱਕ ਵਿੱਚ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਵੀ ਬੜੀ ਖੂਬਸੂਰਤੀ ਨਾਲ ਸੰਜੋਇਆ ਗਿਆ ਹੈ ਜੋ ਇਸ ਗੱਲ ‘ਤੇ ਜ਼ੋਰ ਦਿੰਦਾ ਹੈ ਕਿ ਪਰਾਮਤਮਾ ਆਪਣੀ ਸਾਰੀ ਰਚਨਾ ਵਿਚ ਵਿਰਾਜਮਾਨ ਹੈ, “ਪਵਨ ਸਾਡਾ ਗੁਰੂ ਹੈ, ਪਾਣੀ ਸਾਡਾ ਪਿਤਾ ਹੈ ਅਤੇ ਧਰਤੀ ਸਾਡੀ ਮਾਤਾ ਹੈ’’ ਅਤੇ ਇਸ ਤਰਾਂ ਪੰਜਾਬ ਦੇ ਲੋਕਾਂ ਨੂੰ ਕੁਦਰਤ ਵਿੱਚ ਸਿਰਜਣਹਾਰ ਦੀ ਅਟੱਲ ਮੌਜੂਦਗੀ ਦੇ ਰੂਪ ਵਿੱਚ ਅਤੇ ਪ੍ਰਤੀ ਪਿਆਰ ਭਰਿਆ ਸਬੰਧ ਰੱਖਣ ਲਈ ਪ੍ਰੇਰਿਤ ਕਰੇਗੀ।
ਕੌਫੀ ਟੇਬਲ ਬੁੱਕ, “ਸਾਡਾ ਸੋਹਣਾ ਪੰਜਾਬ” ਦੇ ਲੇਖਕ ਹਰਪ੍ਰੀਤ ਸੰਧੂ ਨੇ ਹਰਿਆਣਾ ਦੇ ਰਾਜਪਾਲ ਨੂੰ ਕੌਫੀ ਟੇਬਲ ਬੁੱਕ ਦੀ ਪੇਸ਼ਕਾਰੀ ਦੌਰਾਨ ਦੱਸਿਆ ਕਿ ਇਹ ਕਿਤਾਬ ਨਦੀਆਂ, ਡੈਮਾਂ ਅਤੇ ਦਰਿਆਵਾਂ ਦੀ ਅਦਭੁਤ ਸੁੰਦਰਤਾ ਨੂੰ ਦਰਸਾਉਂਦੀ ਕੁਦਰਤ ਦੇ ਵਿਲੱਖਣ ਸੁੰਦਰ ਸਥਾਨਾਂ, ਲੋਕਾਂ ਵਲੋਂ ਅਣਡਿੱਠੀਆਂ ਝੀਲਾਂ ਨੂੰ ਪੇਸ਼ ਕਰਨ ਦੇ ਉਦੇਸ਼ ਨਾਲ ਤਿਆਰ ਕੀਤੀ ਹੈ।