- ਪੰਜ ਦਿਨਾਂ ਵਿਚ ਐਨ.ਬੀ.ਟੀ. ਨੇ ਵੇਚੀਆਂ 4 ਲੱਖ ਰੁਪਏ ਤੋਂ ਵੱਧ ਦੀਆਂ ਕਿਤਾਬਾਂ
- ਮਹਾਨ ਕੋਸ਼, ਜਸਵੰਤ ਕੰਵਲ ਦੇ ਨਾਵਲ, ਉਰਦੂ ਦੇ ਕੈਦੇ ਤੇ ਬਾਲ ਸਾਹਿਤ ਵੀ ਬਣਿਆ ਪਾਠਕਾਂ ਦੀ ਪਹਿਲੀ ਪਸੰਦ
ਚੰਡੀਗੜ੍ਹ, 05 ਫਰਵਰੀ 2020 - ਨੈਸ਼ਨਲ ਬੁੱਕ ਟਰੱਸਟ ਭਾਰਤ ਵਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਹਿਯੋਗ ਨਾਲ ਯੂਨੀਵਰਸਿਟੀ ਦੇ ਕੈਂਪਸ ਵਿਚ ਲਗਾਏ ਗਏ ਇਸ 9 ਰੋਜ਼ਾ ਕਿਤਾਬ ਮੇਲੇ ਵਿਚ ਵੱਡੀ ਗਿਣਤੀ ਵਿਚ ਪਾਠਕ ਅੱਪੜ ਰਹੇ ਹਨ। ਵੱਖੋ-ਵੱਖ ਪਬਲਿਸ਼ਰਾਂ ਨਾਲ ਕੀਤੀ ਗੱਲਬਾਤ ਤੋਂ ਬਾਅਦ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਅੱਜ ਦੀ ਨੌਜਵਾਨ ਪੀੜ੍ਹੀ ਜਿੱਥੇ ਭਗਤ ਸਿੰਘ ਦੇ ਜੀਵਨ ਨਾਲ ਸਬੰਧਤ ਕਿਤਾਬਾਂ ਨੂੰ ਜ਼ਿਆਦਾ ਪਸੰਦ ਕਰ ਰਹੀ ਹੈ, ਉਥੇ ਭਗਤ ਸਿੰਘ ਦੀ ਡਾਇਰੀ ਤੇ ਜਸਵੰਤ ਕੰਵਲ ਦੇ ਨਾਵਲ ਵੀ ਵੱਡੀ ਤਾਦਾਦ ਵਿਚ ਖਰੀਦੇ ਜਾ ਰਹੇ ਹਨ। ਪੰਜਾਬੀ ਪਬਲਿਸ਼ਰ, ਚੇਤਨਾ ਪ੍ਰਕਾਸ਼ਨ, ਲੋਕ ਗੀਤ ਪ੍ਰਕਾਸ਼ਨ ਤੇ ਸਪਤਰਿਸ਼ੀ ਆਦਿ ਨਾਲ ਹੋਈ ਗੱਲਬਾਤ ਤੋਂ ਇਹ ਵੀ ਤੱਥ ਸਾਹਮਣੇ ਆਏ ਕਿ ਇਨ੍ਹਾਂ 5 ਦਿਨਾਂ ਦੌਰਾਨ ਦਲੀਪ ਕੌਰ ਟਿਵਾਣਾ ਦੀਆਂ ਲਿਖਤਾਂ ਖਾਸ ਕਰ, 'ਇਹੋ ਹਮਾਰਾ ਜੀਵਣਾ' ਦੀ ਭਾਲ ਨੌਜਵਾਨ ਪੀੜ੍ਹੀ ਵਲੋਂ ਸਭ ਤੋਂ ਵੱਧ ਕੀਤੀ ਜਾ ਰਹੀ ਹੈ।
ਕਵਿਤਾ-ਸ਼ਾਇਰੀ ਨੂੰ ਪਸੰਦ ਕਰਨ ਵਾਲੇ ਪਾਠਕਾਂ ਵਿਚ ਵੀ ਵੱਡੀ ਗਿਣਤੀ ਨੌਜਵਾਨ ਮੁੰਡੇ-ਕੁੜੀਆਂ ਦੀ ਹੀ ਹੈ, ਜਿਹੜੇ ਪਾਸ਼, ਫੈਜ਼ ਅਹਿਮਦ ਫੈਜ਼, ਸ਼ਿਵ ਬਟਾਲਵੀ ਤੇ ਸੁਰਜੀਤ ਪਾਤਰ ਦੀਆਂ ਕਿਤਾਬਾਂ ਵੱਡੀ ਤਾਦਾਦ ਵਿਚ ਖਰੀਦ ਰਹੇ ਹਨ। ਇਸ ਤੋਂ ਇਲਾਵਾ ਜਿੱਥੇ ਹਿੰਦੀ, ਪੰਜਾਬੀ ਤੇ ਅੰਗਰੇਜ਼ੀ ਦੇ ਨਾਵਲ ਵੀ ਵੱਡੀ ਗਿਣਤੀ ਵਿਚ ਵਿਕ ਰਹੇ ਹਨ, ਉਥੇ ਹੀ ਉਰਦੂ ਅਕੈਡਮੀਆਂ ਨਾਲ ਸਬੰਧਤ ਸਟਾਲਾਂ 'ਤੇ ਉਰਦੂ ਲਿਖਣ ਤੇ ਪੜ੍ਹਨ ਦੇ ਚਾਹਵਾਨ ਨੌਜਵਾਨ ਉਰਦੂ ਦੇ ਕੈਦੇ ਆਮ ਖਰੀਦਦੇ ਦੇਖੇ ਗਏ, ਜਦੋਂ ਕਿ ਭਾਸ਼ਾ ਵਿਭਾਗ ਵਲੋਂ ਲਗਾਈ ਗਈ ਕਿਤਾਬਾਂ ਦੀ ਹੱਟੀ 'ਤੇ ਭਾਈ ਕਾਹਨ ਸਿੰਘ ਨਾਭਾ ਦੀ ਖੋਜੀ ਰਚਨਾ 'ਮਹਾਨਕੋਸ਼' ਸਭ ਤੋਂ ਵੱਧ ਪਾਠਕਾਂ ਦੇ ਹੱਥਾਂ ਵਿਚ ਵੇਖਿਆ ਗਿਆ।
ਵੱਡੀ ਗਿਣਤੀ ਵਿਚ ਸਕੂਲੀ ਵਿਦਿਆਰਥੀ ਜਿੱਥੇ ਸਕੂਲ ਅਧਿਆਪਕਾਂ ਦੀ ਨਿਗਰਾਨੀ ਵਿਚ ਕਿਤਾਬ ਮੇਲੇ ਵਿਚ ਪਹੁੰਚ ਰਹੇ ਹਨ, ਉਥੇ ਹੀ ਮਾਪਿਆਂ ਨਾਲ ਕਿਤਾਬ ਮੇਲੇ ਵਿਚ ਵੀ ਬਾਲ ਪਾਠਕ ਬਾਲ ਸਾਹਿਤ ਨੂੰ ਬਹੁਤ ਜ਼ਿਆਦਾ ਪਸੰਦ ਕਰ ਰਹੇ ਹਨ। ਜਿਨ੍ਹਾਂ ਵਿਚ ਤਸਵੀਰਾਂ ਨਾਲ ਕਹਾਣੀਆਂ, ਕਵਿਤਾਵਾਂ, ਕੌਮਿਕਸ ਆਦਿ ਸ਼ਾਮਲ ਹੈ। ਨੈਸ਼ਨਲ ਬੁੱਕ ਟਰੱਸਟ ਭਾਰਤ ਦੀ ਆਪਣੀ ਸਟਾਲ ਤੋਂ ਵੀ ਬਾਲ ਸਾਹਿਤ ਸਭ ਤੋਂ ਵੱਡੀ ਗਿਣਤੀ ਵਿਚ ਖਰੀਦਿਆ ਜਾ ਰਿਹਾ ਹੈ। ਨਵਜੋਤ ਕੌਰ, ਸੁਖਵਿੰਦਰ, ਸੁਭਾਸ਼ੀਸ਼ ਦੱਤਾ ਤੇ ਮੁਕੇਸ਼ ਹੋਰਾਂ ਨਾਲ ਐਨ.ਬੀ.ਟੀ. ਦੇ ਹਵਾਲੇ ਨਾਲ ਹੋਈ ਗੱਲਬਾਤ ਤੋਂ ਜਾਣਕਾਰੀ ਹਾਸਲ ਹੋਈ ਕਿ ਲੰਘੇ 5 ਦਿਨਾਂ ਵਿਚ ਐਨ.ਬੀ.ਟੀ. ਹੁਣ ਤੱਕ 4 ਲੱਖ ਰੁਪਏ ਤੋਂ ਵੱਧ ਦੀਆਂ ਕਿਤਾਬਾਂ ਇਕੱਲਿਆਂ ਵੇਚ ਚੁੱਕਾ ਹੈ। ਉਨ੍ਹਾਂ ਦੀ ਪ੍ਰਤੀ ਦਿਨ 80 ਹਜ਼ਾਰ ਰੁਪਏ ਦੀ ਔਸਤਨ ਸੇਲ ਦਰਜ ਕੀਤੀ ਜਾ ਰਹੀ ਹੈ।
ਧਿਆਨ ਰਹੇ ਕਿ ਇਸ ਪੁਸਤਕ ਮੇਲੇ ਵਿਚ 71 ਪਬਲਿਸ਼ਰ ਸ਼ਾਮਲ ਹਨ, ਜਿਨ੍ਹਾਂ ਵਿਚ ਪੰਜਾਬੀ, ਹਿੰਦੀ, ਉਰਦੂ ਤੇ ਅੰਗਰੇਜ਼ੀ ਦੇ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ ਤੇ ਦਿੱਲੀ ਆਦਿ ਸੂਬਿਆਂ ਨਾਲ ਸਬੰਧਤ ਪਬਲਿਸ਼ਰ ਸ਼ਾਮਲ ਹਨ। ਵੱਖ-ਵੱਖ ਵਰਗ ਦੇ ਪਾਠਕਾਂ ਨਾਲ ਹੋਈ ਗੱਲਬਾਤ ਵਿਚ ਵੱਡੀ ਗੱਲ ਇਹ ਵੀ ਉਭਰ ਕੇ ਸਾਹਮਣੇ ਆਈ ਕਿ ਸਭ ਨੇ ਇੱਛਾ ਪ੍ਰਗਟਾਈ ਕਿ ਐਨ.ਬੀ.ਟੀ. ਤੇ ਪੰਜਾਬ ਯੂਨੀਵਰਸਿਟੀ ਆਪਣੇ ਇਸ ਕ੍ਰਮ ਨੂੰ ਸਲਾਨਾ ਮੇਲਾ ਬਣਾਵੇ ਅਤੇ ਹਰ ਸਾਲ 1 ਫਰਵਰੀ ਤੋਂ ਲੈ ਕੇ 9 ਫਰਵਰੀ ਤੱਕ ਇਸੇ ਨਿਸ਼ਚਿਤ ਥਾਂ 'ਤੇ ਇਹ ਕਿਤਾਬ ਮੇਲਾ ਆਯੋਜਿਤ ਕੀਤਾ ਜਾਵੇ, ਜੋ ਸਭ ਦੇ ਚੇਤਿਆਂ ਵਿਚ ਵਸ ਜਾਵੇਗਾ।
ਜ਼ਿਕਰਯੋਗ ਹੈ ਕਿ ਨੈਸ਼ਨਲ ਬੁੱਕ ਟਰੱਸਟ ਦੇ ਉਦਮ ਨੂੰ ਸਲਾਹੁੰਦਿਆਂ ਸਕੂਲੀ ਬੱਚਿਆਂ ਅਤੇ ਕਾਲਜਾਂ, ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਤੋਂ ਇਲਾਵਾ ਅਧਿਆਪਕ, ਪ੍ਰੋਫੈਸਰ, ਸਾਹਿਤਕਾਰ ਵੀ ਇਸ ਕਿਤਾਬ ਮੇਲੇ ਵਿਚ ਵੱਡੀ ਗਿਣਤੀ ਵਿਚ ਸ਼ਿਰਕਤ ਕਰ ਰਹੇ ਹਨ।