ਪੰਜਾਬੀ ਯੂਨੀਵਰਸਿਟੀ ਵਿਖੇ ਰਾਗ ਰਸਾਲੇ ਦਾ ਲੋਕ ਅਰਪਣ ਅਤੇ ਪੁਰਸਕਾਰ ਭੇਂਟ ਸਮਾਗਮ
ਪਟਿਆਲਾ, 20 ਜਨਵਰੀ 2023 - ‘ਰਾਗ ਕਾਫਲਾ’ ਵੱਲੋਂ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ ‘ਰਾਗ’ ਅੰਕ-13 ਦਾ ਲੋਕ ਅਰਪਣ ਅਤੇ ਪੁਰਸਕਾਰ ਭੇਂਟ ਸਮਾਗਮ ਕੀਤਾ ਗਿਆ। ਇਸ ਮੌਕੇ ਰਾਗ ਵਾਰਤਕ ਪੁਰਸਕਾਰ ਪ੍ਰੋ. ਹਰਪਾਲ ਸਿੰਘ ਪੰਨੂ ਅਤੇ ਰਾਗ ਕਥਾ ਪੁਰਸਕਾਰ ਪ੍ਰੋ. ਬਲਦੇਵ ਸਿੰਘ ਧਾਲੀਵਾਲ ਨੂੰ ਭੇਂਟ ਕੀਤਾ ਗਿਆ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫੈਸਰ ਗੁਰਮੁਖ ਸਿੰਘ ਨੇ ਸੁਆਗਤੀ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਪੰਜਾਬੀ ਵਿਭਾਗ ਮਿਆਰੀ ਸਾਹਿਤ ਅਤੇ ਚੰਗੇ ਸਾਹਿਤ ਸਿਰਜਕਾਂ ਦਾ ਆਦਰ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਕੌਮ ਦੀ ਭਾਸ਼ਾ, ਸਭਿਆਚਾਰ ਅਤੇ ਭਾਸ਼ਾ ਦੇ ਕਥਾਕਾਰਾਂ ਤੋਂ ਉਸ ਕੌਮ ਦੀ ਤਾਕਤ/ਸਮਰੱਥਾ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ।
ਸਮਾਗਮ ਬਾਰੇ ਜਾਣ-ਪਛਾਣ ਕਰਾਉਂਦਿਆਂ ਰਾਗ ਰਸਾਲੇ ਦੇ ਸੰਪਾਦਕ ਕਥਾਕਾਰ ਜਸਵੀਰ ਰਾਣਾ ਨੇ ਕਿਹਾ ਕਿ ਸਾਡੇ ਕੁਝ ਪਰਵਾਸੀ ਸਿਰਜਕ ਚੰਗੀ ਸਾਹਿਤ ਸਿਰਜਣਾ ਨੂੰ ਉਤਸ਼ਾਹਿਤ ਕਰਨ ਲਈ ਯਤਨ ਕਰ ਰਹੇ ਹਨ ਉਨ੍ਹਾਂ ਚੋਂ ਰਾਗ ਕਾਫਲਾ ਦੇ ਇੰਦਰਜੀਤ ਸਿੰਘ ਪੁਰੇਵਾਲ ਇੱਕ ਹਨ। ਉਨ੍ਹਾਂ ਵੱਲੋਂ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਪੁਰਸਕਾਰ ਦੇਣ ਦੀ ਯੋਜਨਾ ਬਣਾਈ ਗਈ ਹੈ ਜਿਸਦੇ ਤਹਿਤ ਅੱਜ ਵਾਰਤਕ ਅਤੇ ਕਥਾ ਸਿਰਜਣਾ ਸੰਬੰਧੀ ਪੁਰਸਕਾਰ ਦਿੱਤੇ ਜਾ ਰਹੇ ਹਨ।
ਕਥਾਕਾਰ ਸੁਖਜੀਤ ਨੇ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਦੀ ਸਿਰਜਣ-ਪ੍ਰਕਿਰਿਆ ਬਾਰੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਾਹਿਤ, ਧਰਮ ਅਤੇ ਦਰਸ਼ਨ ਬਾਰੇ ਨਿੱਗਰ ਅਤੇ ਜੁਰਅਤ ਵਾਲਾ ਕੰਮ ਕੀਤਾ। ਪੰਜਾਬੀ ਪਾਠਕ ਉਹਨਾਂ ਦੀ ਸਿਰਜਣਾ ਤੋਂ ਵਾਰਤਕ ਕਲਾ ਤੋਂ ਬੇਹੱਦ ਪ੍ਰਭਾਵਿਤ ਹੈ ਅਤੇ ਉਹਨਾਂ ਨਾਲ ਵਿਸ਼ੇਸ਼ ਲਗਾਉ ਮਹਿਸੂਸ ਕਰਦਾ ਹੈ । ਉਹ ਜੁਰਅਤ ਨਾਲ ਲਿਖਦੇ ਹਨ ਅਤੇ ਉਸ ਤੋਂ ਵੱਧ ਜੁਰਅਤ ਅਤੇ ਬੇਬਾਕੀ ਨਾਲ ਗੱਲ ਕਰਦੇ ਹਨ। ਉਨ੍ਹਾਂ ਦੀ ਸਖਸ਼ੀਅਤ ਕਿਸੇ ਵੀ ਇਨਾਮ-ਸਨਮਾਨ ਤੋਂ ਵੱਡੀ ਹੈ। ਪ੍ਰੋਫੈਸਰ ਹਰਪਾਲ ਸਿੰਘ ਪੰਨੂ ਨੇ ਇਸ ਮੌਕੇ ਕਿਹਾ ਕਿ ਮੇਰੀ ਵਾਰਤਕ ਰਚਨਾ ਸਾਡੇ ਵਡੇਰਿਆਂ ਦੀ ਸਾਖੀ ਪਰੰਪਰਾ ਆਧਾਰਿਤ ਹੈ। ਮੈਂ ਪੜ੍ਹਨ-ਲਿਖਣ ਦੀ ਪ੍ਰਕਿਰਿਆ ਨਾਲ ਨਿਰੰਤਰ ਜੁੜਿਆ ਹੋਇਆ ਹਾਂ।
ਡਾ. ਪਰਮਜੀਤ ਸਿੰਘ ਨੇ ਡਾ. ਬਲਦੇਵ ਸਿੰਘ ਧਾਲੀਵਾਲ ਦੀ ਰਚਨਾ-ਸੰਸਾਰ ਬਾਬਤ ਜਾਣ-ਪਛਾਣ ਕਰਵਾਉਂਦਿਆਂ ਕਿਹਾ ਕਿ ਉਹ ਚੌਥੇ ਪੜਾਅ ਦੀ ਕਹਾਣੀ ਨਾਲ ਸੰਬੰਧਿਤ ਹਨ ਅਤੇ ਉਹਨਾਂ ਦੀ ਰਚਨਾ ਨਾਲ ਕਹਾਣੀ ਦੇ ਵੱਖਰੇ ਪਸਾਰ ਉਜਾਗਰ ਹੁੰਦੇ ਹਨ । ਸ਼ਕਤੀਸ਼ਾਲੀ ਨਾਰੀ ਪਾਤਰਾਂ ਦੀ ਸਿਰਜਣਾ ਬਲਦੇਵ ਸਿੰਘ ਧਾਲੀਵਾਲ ਦੀ ਕਹਾਣੀ ਦੀ ਵੱਖਰੀ ਪਛਾਣ ਹੈ। ਡਾ. ਬਲਦੇਵ ਸਿੰਘ ਧਾਲੀਵਾਲ ਨੇ ਮਿਲੇ ਸਨਮਾਨ ਸੰਬੰਧੀ ਧੰਨਵਾਦ ਕਰਦਿਆਂ ਕਿਹਾ ਕਿ ਮੇਰੀ ਰਚਨਾ ਪ੍ਰਕਿਰਿਆ ਦੇ ਪਿੱਛੇ ਮੇਰੇ ਪੁਰਖਿਆਂ ਦੀ ਆਮ ਗੱਲਬਾਤ ‘ਚ ਕਹਾਣੀ ਪਾਉਣ ਦੀ ਕਿਰਿਆ ਦਾ ਦਖ਼ਲ ਹੈ। ਮੇਰੇ ਵੱਡਿਆਂ ਦੇ ਸਹਿਜ-ਸੁਭਾਅ ਬੋਲੇ ਫ਼ਿਕਰੇ ਮੇਰੇ ਅਵਚੇਤਨ ਦਾ ਹਿੱਸਾ ਬਣ ਕੇ ਮੇਰੀਆਂ ਕਹਾਣੀਆਂ ਨਾਲ ਹਮਸਾਏ ਤਰ੍ਹਾਂ ਚੱਲਦੇ ਹਨ।
ਮੁੱਖ ਮਹਿਮਾਨ ਵਜੋਂ ਸਮਾਗਮ ਵਿੱਚ ਸ਼ਾਮਿਲ ਹੋਏ ਉੱਘੇ ਕਥਾਕਾਰ ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਦੀ ਲਿਖਤ ਅਤੇ ਬੋਲਣੀ ਵੱਡੀਆਂ ਬਖ਼ਸ਼ਿਸ਼ਾਂ ਨਾਲ ਵਰੋਸਾਈ ਹੋਈ ਹੈ। ਉਹ ਸੰਸਾਰ ਭਰ ਦੇ ਮਹਾਂਪੁਰਸ਼ਾਂ ਦੇ ਗਿਆਨ ਨੂੰ ਉਹ ਆਪਣੀਆਂ ਲਿਖਤਾਂ ਵਿੱਚ ਬੜੇ ਸੁਚੱਜੇ ਤਰੀਕੇ ਨਾਲ ਪੇਸ਼ ਕਰਦੇ ਹਨ। ਪ੍ਰੋਫੈਸਰ ਸੰਧੂ ਨੇ ਬਲਦੇਵ ਸਿੰਘ ਧਾਲੀਵਾਲ ਦੀ “ਮੁਕਤੀ ਨਹੀਂ” ਕਹਾਣੀ ਦੇ ਹਵਾਲੇ ਨਾਲ ਕਿਹਾ ਕਿ ਉਸਦੀ ਕਹਾਣੀ ਕਲਾ ਵੱਡੀ ਹੈ ਪਰ ਧਾਲੀਵਾਲ ਦੀ ਕਹਾਣੀ ਆਲੋਚਨਾ ਨੇ ਉਸਦੀ ਕਹਾਣੀ ਸਿਰਜਣਾ ਨੂੰ ਪ੍ਰਭਾਵਿਤ ਕੀਤਾ ਹੈ।
ਪ੍ਰਧਾਨਗੀ ਸ਼ਬਦ ਸਾਂਝੇ ਕਰਦਿਆਂ ਪ੍ਰੋਫੈਸਰ ਅਰਵਿੰਦ ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕਿਹਾ ਕਿ ਪੰਜਾਬੀ ਦੀ ਕਹਾਣੀ ਨੇ ਆਪਣਾ ਮੁਕਾਮ ਬਣਾਇਆ ਹੈ। ਪੰਜਾਬੀ ਭਾਸ਼ਾ ਦੇ ਪਾਠਕਾਂ ਸੰਬੰਧੀ ਫਿਕਰ ਜਾਹਿਰ ਕਰਦਿਆਂ ਉਨ੍ਹਾਂ ਕਿਹਾ ਜਿਆਦਾਤਰ ਪਾਠਕ ਪੰਜਾਬੀ ਭਾਸ਼ਾ ਨਾਲ ਪੇਸ਼ੇਵਰ ਤੌਰ ‘ਤੇ ਜੁੜੇ ਹੋਏ ਹਨ ਜਦੋਂ ਕਿ ਆਮ ਪੰਜਾਬੀ ਬੰਦਾ ਸਾਡੇ ਸਾਹਿਤ ਦਾ ਪਾਠਕ ਹੋਣਾ ਚਾਹੀਦਾ ਹੈ। ਸਾਨੂੰ ਦੂਸਰੀਆਂ ਜ਼ੁਬਾਨਾਂ ਦੀ ਕਹਾਣੀ ਦੇ ਅਨੁਵਾਦ ਪੰਜਾਬੀ ਵਿੱਚ ਵਧੇਰੇ ਉਪਲੱਬਧ ਕਰਾਉਣੇ ਚਾਹੀਦੇ ਹਨ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਦੀ ਬਿਹਤਰੀ ਲਈ ਯੋਗਦਾਨ ਪਾਉਣ ਲਈ ਹਾਜ਼ਰ ਸਭ ਨੂੰ ਬੇਨਤੀ ਕਰਦਿਆਂ ਸਰਕਾਰ ਨੂੰ ਯੂਨੀਵਰਸਿਟੀ ਵੱਲ ਉਚੇਚਾ ਧਿਆਨ ਦੇਣ ਦੀ ਅਪੀਲ ਵੀ ਕੀਤੀ।
ਮੰਚ ਸੰਯੋਜਕ ਦੀ ਭੂਮਿਕਾ ਨਿਭਾਉਂਦਿਆਂ ਪ੍ਰੋਫੈਸਰ ਸੁਰਜੀਤ ਸਿੰਘ ਮੁਖੀ ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਨੇ ਕਿਹਾ ਕਿ ਰਾਗ ਰਸਾਲੇ ਨੇ ਆਪਣੀ ਦਿੱਖ ਅਤੇ ਛਾਪੀਆਂ ਜਾਣ ਵਾਲੀਆਂ ਲਿਖਤਾਂ ਦੀ ਗੁਣਵੱਤਾ ਦੇ ਪੱਖੋਂ ਆਪਣਾ ਵਿਸ਼ੇਸ਼ ਸਥਾਨ ਬਣਾਇਆ ਹੈ। ਅੰਤ ਵਿੱਚ ਆਏ ਸਭ ਮਹਿਮਾਨਾਂ ਦਾ ਰਸਮੀ ਧੰਨਵਾਦ ਪ੍ਰੋਫੈਸਰ ਰਜਿੰਦਰਪਾਲ ਸਿੰਘ ਬਰਾੜ, ਡੀਨ ਭਾਸ਼ਾਵਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਖੋਜਾਰਥੀ ਅਤੇ ਅਧਿਆਪਕ ਹਾਜ਼ਰ ਸਨ।