ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਡਾ.ਕੁਲਵਿੰਦਰ ਕੌਰ ਮਿਨਹਾਸ ਦੀ ਲਿਖੀ ਪੁਸਤਕ "ਦਿਲ ਚੀਰਵੀਂ ਸ਼ਹਾਦਤ" ਪ੍ਰਮੁੱਖ ਸ਼ਖਸੀਅਤਾਂ ਵੱਲੋ ਸੰਗਤ ਅਰਪਨ
ਲੁਧਿਆਣਾ,23 ਦਸੰਬਰ 2021 - ਦਸ਼ਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਜੀ ਦੀ ਸ਼ਹਾਦਤ ਨੇ ਉਨ੍ਹਾਂ ਅੰਦਰ ਛੁਪੇ ਹੋਏ ਪ੍ਰਭੂ ਬੰਦਗੀ, ਧਰਮ ਪ੍ਰੇਮ, ਜੁਝਾਰੂ ਜਰਨੈਲ, ਸਿਦਕੀ ਸਿੰਘ ਤੇ ਅਣਖੀ ਯੋਧੇ ਆਦਿ ਗੁਣਾਂ ਨੂੰ ਪ੍ਰਤੱਖ ਰੂਪ ਵਿੱਚ ਉਜਾਗਰ ਕੀਤਾ,ਖਾਸ ਕਰਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਅਤੇ ਸ਼ਖਸ਼ੀਅਤ ਜਿੱਥੇ ਨੌਜਵਾਨ ਪੀੜ੍ਹੀ ਤੇ ਬੱਚਿਆਂ ਨੂੰ ਧਰਮ ਪ੍ਰਤੀ ਦ੍ਰਿੜ੍ਹਤਾ ਤੇ ਵਚਨਬੱਧਤਾ ਦਾ ਪ੍ਰਗਟਾਵਾ ਕਰਦੀ ਹੈ, ਉੱਥੇ ਜਬਰ ਤੇ ਜ਼ੁਲਮ ਦੇ ਖਿਲਾਫ਼ ਡੱਟ ਕੇ ਖੜੇ ਹੋਣ ਲਈ ਚਾਨਣ ਮੁਨਾਰੇ ਦਾ ਕਾਰਜ ਵੀ ਕਰਦੀ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਮੁੱਖ ਸਮਾਜ ਸੇਵੀ ਸ.ਜਤਿੰਦਰਪਾਲ ਸਿੰਘ ਸਲੂਜਾ ਨੇ ਗਿਆਨ ਅੰਜਨ ਅਕਾਡਮੀ ਦੀ ਪ੍ਰਧਾਨ ਡਾ. ਕੁਲਵਿੰਦਰ ਕੌਰ ਮਿਨਹਾਸ ਵੱਲੋ ਛੋਟੇ ਸਾਹਿਬਜ਼ਾਦਿਆਂ ਦੇ ਨੀਹਾਂ ਵਿੱਚ ਚਿਣੇ ਜਾਣਦੀ ਅਦੁੱਤੀ, ਅਨੋਖੀ ਤੇ ਲਾਸਾਨੀ ਸ਼ਹਾਦਤ ਦੇ ਉਪਰ ਲਿਖੀ ਪੁਸਤਕ " ਦਿਲ ਚੀਰਵੀਂ ਸ਼ਹਾਦਤ" ਨੂੰ ਸੰਗਤ ਅਰਪਿਤ ਕਰਨ ਲਈ ਆਯੋਜਿਤ ਕੀਤੇ ਗਏ ਸਮਾਗਮ ਦੌਰਾਨ ਇੱਕਤਰ ਹੋਈਆਂ ਪ੍ਰਮੁੱਖ ਸਖਸ਼ੀਅਤਾਂ ਨੂੰ ਸੰਬੋਧਨ ਹੋਇਆ ਕੀਤਾ।ਉਨ੍ਹਾ ਨੇ ਕਿਹਾ ਕਿ ਡਾ.ਕੁਲਵਿੰਦਰ ਕੌਰ ਮਿਨਹਾਸ ਵੱਲੋ ਲਿਖੀ ਉਕਤ ਪੁਸਤਕ ਉਨ੍ਹਾਂ ਸਮੂਹ ਸ਼ਹੀਦਾਂ ਨੂੰ ਸਮਰਪਿਤ ਹੈ ਜੋ ਦੇਸ਼,ਕੌਮ ਤੇ ਧਰਮ ਦੀ ਖਾਤਿਰ ਆਪਣੀਆਂ ਕੀਮਤੀ ਜਿੰਦਗੀਆਂ ਕੁਰਬਾਨ ਕਰ ਗਏ।
ਇਸ ਮੌਕੇ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਪੰਜਾਬੀ ਵਿਰਸਾ ਫਾਊਡੇਸ਼ਨ ਦੇ ਪ੍ਰਧਾਨ ਸ.,ਰਣਜੀਤ ਸਿੰਘ ਖਾਲਸਾ ਤੇ ਇਸਤਰੀ ਵਿੰਗ ਭਾਈ ਘਨ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੀ ਪ੍ਰਧਾਨ ਬੀਬੀ ਸ਼ਵਿੰਦਰਜੀਤ ਕੌਰ ਖਾਲਸਾ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਮੌਕੇ ਡਾ.ਕੁਲਵਿੰਦਰ ਕੌਰ ਮਿਨਹਾਸ ਵੱਲੋ ਸੰਗਤਾਂ ਨੂੰ ਭੇਟ ਕੀਤੀ ਗਈ ਪੁਸਤਕ"ਦਿਲ ਚਿਰਵੀ ਸ਼ਹਾਦਤ" ਕੇਵਲ ਇੱਕ ਪੁਸਤਕ ਹੀ ਨਹੀਂ ਬਲਕਿ ਸ਼ਹੀਦੀ ਸਕੰਲਪ ਦੇ ਅਸਲ ਤੱਥਾਂ ਨੂੰ ਉਜਾਗਰ ਕਰਕੇ ਕੌਮ ਦੇ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਆਪਣਾ ਸਿੱਜਦਾ ਭੇਟ ਕਰਦੀ ਹੈ।ਸ.ਰਣਜੀਤ ਸਿੰਘ ਖਾਲਸਾ ਨੇ ਕਿਹਾ ਕਿ ਆਪਣੀ ਕਲਮ ਰਾਹੀਂ ਲੱਗਭਗ ਪੱਚੀ ਦੇ ਕਰੀਬ ਪੁਸਤਕਾਂ ਲਿਖਣ ਵਾਲੀ ਪੰਜਾਬੀ ਸਾਹਿਤ ਦੀ ਲੇਖਿਕਾ ਡਾ.ਮਿਨਹਾਸ ਜਿੱਥੇ ਇੱਕ ਉੱਤਮ ਲੇਖਿਕਾ ਹੈ, ਉੱਥੇ ਨਾਲ ਹੀ ਸੇਵਾ ਤੇ ਸਿਮਰਨ ਦੇ ਸਕੰਲਪ ਦੇ ਸਿਧਾਂਤ ਉਪਰ ਕਾਰਜ ਕਰਨ ਵਾਲੀ ਇੱਕ ਦ੍ਰਿੜ ਇਸਤਰੀ ਵੀ ਹੈ।
ਉਨ੍ਹਾਂ ਵੱਲੋਂ ਪਿਛਲੇ ਦਸ ਸਾਲਾਂ ਤੋ ਲੋੜਵੰਦ ਤੇ ਝੁੱਗੀਆਂ, ਝੋਪੜੀਆਂ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਨਿਸ਼ਕਾਮ ਰੂਪ ਵਿੱਚ ਦਿੱਤੀ ਜਾ ਰਹੀ ਸਕੂਲੀ ਵਿੱਦਿਆ ਸਮੁੱਚੇ ਸਮਾਜ ਲਈ ਪ੍ਰੇਣਾ ਦਾ ਸਰੋਤ ਹੈ। ਸਮਾਗਮ ਦੌਰਾਨ ਸ.ਜਤਿੰਦਰਪਾਲ ਸਿੰਘ ਸਲੂਜਾ, ਬੀਬੀ ਸ਼ਵਿੰਦਰਜੀਤ ਕੌਰ ਖਾਲਸਾ ਸ.ਦਮਨਪ੍ਰੀਤ ਸਿੰਘ ਸਲੂਜਾ, ਸ.ਰਣਜੀਤ ਸਿੰਘ ਖਾਲਸਾ ਨੇ ਸਾਂਝੇ ਰੂਪ ਵਿੱਚ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਸਬੰਧੀ ਡਾ.ਕੁਲਵਿੰਦਰ ਕੌਰ ਮਿਨਹਾਸ ਵੱਲੋ ਲਿਖੀ ਪੁਸਤਕ ਦਿਲ ਚੀਰਵੀਂ ਸ਼ਹਾਦਤ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਸੰਗਤ ਨੂੰ ਅਰਪਿਤ ਕੀਤੀ। ਇਸ ਮੌਕੇ ਗਿਆਨ ਅੰਜਨ ਅਕਾਡਮੀ ਦੀ ਪ੍ਰਧਾਨ ਤੇ ਲੇਖਿਕਾ ਡਾ ਕੁਲਵਿੰਦਰ ਕੌਰ ਮਿਨਹਾਸ ਵੱਲੋ ਸਮੂਹ ਸ਼ਖਸ਼ੀਅਤਾਂ ਦਾ ਧੰਨਵਾਦ ਪ੍ਰਗਟ ਕੀਤਾ ਗਿਆ।