ਲੁਧਿਆਣਾ: 15 ਅਕਤੂਬਰ 2019 - ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਵਿਦਿਆਰਥੀ ਭਵਨ ਚ ਪੰਜਾਬੀ ਲੇਖਕ ਸ: ਈਸ਼ਰ ਸਿੰਘ ਸੋਬਤੀ ਨੂੰ ਜੀਵਨ ਸ਼ਤਾਬਦੀ ਸੰਪੂਰਨ ਕਰਨ ਤੇ ਜੀਵਨ ਸਾਥਣ ਸ਼੍ਰੀਮਤੀ ਹਰਸ਼ਰਨ ਕੌਰ ਸੋਬਤੀ ਸਮੇਤ ਦੋਸ਼ਾਲਾ, ਸਨਮਾਨ ਚਿੰਨ੍ਹ ਤੇ ਸ਼ਲਾਘਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸ਼ਲਾਘਾ ਪੱਤਰ ਡਾ: ਜਗਵਿੰਦਰ ਜੋਧਾ ਨੇ ਪੇਸ਼ ਕੀਤਾ। ਸਨਮਾਨਿਤ ਕਰਨ ਦੀ ਰਸਮ ਚ ਸਮਾਗਮ ਦੇ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ, ਦਰਸ਼ਨ ਬੁੱਟਰ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ, ਸੁਰਿੰਦਰ ਕੈਲੇ, ਪ੍ਰਿੰ: ਪ੍ਰੇਮ ਸਿੰਘ ਬਜਾਜ ਸਾਬਕਾ ਜਨਰਲ ਸਕੱਤਰ ਪੰਜਾਬੀ ਸਾਹਿੱਤ ਅਕਾਡਮੀ, ਸਕੱਤਰ ਡਾ: ਗੁਰਇਕਬਾਲ ਸਿੰਘ ਤੇ ਡਾ: ਸ ਨ ਸੇਵਕ ਸ਼ਾਮਿਲ ਹੋਏ।
ਯੰਗ ਰਾਈਟਰਜ਼ ਅਸੋਸੀਏਸ਼ਨ ਦੀ ਪ੍ਰੋਫੈਸਰ ਇੰਚਾਰਜ ਜਾ: ਦੇਵਿੰਦਰ ਦਿਲਰੂਪ ਅਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਕੱਤਰ ਸਰਗਰਮੀਆਂ ਡਾ: ਗੁਰਇਕਬਾਲ ਸਿੰਘ ਨੇ ਸਮੁੱਚੇ ਸਮਾਗਮ ਦੀ ਸੰਚਾਲਨਾ ਕਰਦਿਆਂ ਸਵਾਗਤੀ ਸ਼ਬਦ ਕਹੇ।
ਪੰਜਾਬੀ ਸਾਹਿੱਤ ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਸੁਰਿੰਦਰ ਕੈਲੇ ਨੇ ਬੋਲਦਿਆਂ ਕਿਹਾ ਕਿ ਸਾਲ 2019 ਲੇਖਕਾਂ ਦੀਆਂ ਚਾਰ ਜਨਮ ਸ਼ਤਾਬਦੀਆਂ ਦਾ ਸਾਲ ਹੈ। ਜਸਵੰਤ ਸਿੰਘ ਕੰਵਲ, ਅੰਮ੍ਰਿਤਾ ਪ੍ਰੀਤਮ, ਈਸ਼ਰ ਸਿੰਘ ਸੋਬਤੀ ਤੇ ਗੁਰਦੇਵ ਸਿੰਘ ਮਾਨ ਦੀ ਜਨਮ ਸ਼ਤਾਬਦੀ ਮਨਾਉਣ ਹਿਤ
ਅਸੀਂ ਜਸਵੰਤ ਸਿੰਘ ਕੰਵਲ ਤੇ ਅੰਮ੍ਰਿਤਾ ਪ੍ਰੀਤਮ ਤੋਂ ਬਾਦ ਅੱਜ ਅਸੀਂ ਸ: ਈਸ਼ਰ ਸਿੰਘ ਸੋਬਤੀ ਜੀ ਦਾ ਜਨਮ ਸ਼ਤਾਬਦੀ ਜਸ਼ਨ ਮਨਾ ਰਹੇ ਹਾਂ। ਨੇੜ ਭਵਿੱਖ ਵਿੱਚ ਸ: ਗੁਰਦੇਵ ਸਿੰਘ ਮਾਨ ਯਾਦਗਾਰੀ ਸਮਾਗਮ ਕਰਵਾਵਾਂਗੇ।
ਪ੍ਰਿੰ: ਕ੍ਰਿਸ਼ਨ ਸਿੰਘ ਦਾ ਲਿਖਿਆ ਖੋਜ ਪੱਤਰ ਡਾ: ਜਗਵਿੰਦਰ ਜੋਧਾ ਸਕੱਤਰ ਪੰਜਾਬੀ ਸਾਹਿੱਤ ਅਕਾਡਮੀ ਨੇ ਪੜ੍ਹਿਆ। ਸ: ਜਸਵੰਤ ਸਿੰਘ ਅਮਨ ਨੇ ਸ: ਈਸ਼ਰ ਸਿੰਘ ਸੋਬਤੀ ਦੀਆਂ ਤਿੰਨ ਪੁਸਤਕਾਂ ਬਾਰੇ ਠੋਸ ਵਿਚਾਰ ਪੇਸ਼ ਕੀਤੇ।
ਸ: ਈਸ਼ਰ ਸਿੰਘ ਸੋਬਤੀ ਦੇ ਸਪੁੱਤਰ ਤੇ ਪੰਜਾਬ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਸ; ਭਰਤਬੀਰ ਸਿੰਘ ਸੋਬਤੀ ਨੇ ਆਪਣੇ ਬਾਬਲ ਬਾਰੇ ਬੋਲਦਿਆਂ ਕਿਹਾ ਕਿ ਘਣਛਾਵੇਂ ਬਿਰਖ਼ ਸ: ਸੋਬਤੀ ਦੀ ਛਾਵੇਂ ਸਾਡਾ ਪਰਿਵਾਰ ਚੰਗੀ ਜੀਵਨ ਜਾਚ ਵਾਲਾ ਮਾਹੌਲ ਮਾਣ ਰਿਹਾ ਹੈ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਬੁੱਟਰ ਨੇ ਕਿਹਾ ਕਿ ਸਦੀ ਜਿੱਡੇ ਲੇਖਕ ਦੀ ਸੰਗਤ ਮਾਨਣਾ ਸਾਡੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਵੀ ਸ: ਸੋਬਤੀ ਜੀ ਦਾ ਸਨਮਾਨ ਕੀਤਾ ਜਾਵੇਗਾ।
ਕਰਮਜੀਤ ਸਿੰਘ ਔਜਲਾ ਨੇ ਵੀ ਸ: ਈਸ਼ਰ ਸਿੰਘ ਸੋਬਤੀ ਦੀ ਸਾਹਿੱਤਕ ਘਾਲਣਾ ਬਾਰੇ ਸ਼ਲਾਘਾਕਾਰੀ ਵਿਚਾਰ ਪੇਸ਼ ਕੀਤੇ।
ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸ: ਈਸ਼ਰ ਸਿੰਘ ਸੋਬਤੀ ਜੀ ਨਾਲ ਪਿਛਲੇ ਸਤਾਈ ਸਾਲ ਦੀ ਸਾਂਝ ਇਸ ਗੱਲ ਦਾ ਪ੍ਰਮਾਣ ਹੈ ਕਿ ਉਹ ਲਗਾਤਾਰ ਸਿਰਜਣਸ਼ੀਲ ਹਨ ਅਤੇ ਨੌ ਕਿਤਾਬਾਂ ਲਿਖ ਚੁਕੇ ਹਨ।
ਸਮਾਗਮ ਵਿੱਚ ਪ੍ਰਿੰ: ਪ੍ਰੇਮ ਸਿੰਘ ਬਜਾਜ, ਹਰਬੰਸ ਮਾਲਵਾ, ਸੁਖਦੇਵ ਸਿੰਘ ਲਾਜ, ਡਾ:ਸਤਿੰਦਰ ਸਿੰਘ ਸੋਬਤੀ, ਸਰਬਜੀਤ ਕੌਰ, ਡਾ: ਪਰਵੀਨ ਸੋਬਤੀ,ਡਾ: ਗੁਰਵਿੰਦਰ ਸਿੰਘ ਕੋਛੜ, ਸੁਰਿੰਦਰਜੀਤ ਚੌਹਾਨ ਨਾਭਾ, ਅਮਰਜੀਤ ਸਿੰਘ ਸੇਖੋਂ,ਜਸਮੀਤ ਕੌਰ, ਡਾ: ਸੰਤੋਖ ਸਿੰਘ, ਡਾ: ਅਨਿਲ ਸ਼ਰਮਾ, ਅਸ਼ੋਕ ਥਾਪਰ, ਚਿਰੰਜੀਵ ਸਿੰਘ, ਬਲਕੌਰ ਸਿੰਘ ਗਿੱਲ, ਅਮਰੀਕ ਸਿੰਘ ਬਤਰਾ ਤੇ ਸੁਰਿੰਦਰ ਸਿੰਘ ਧਾਲੀਵਾਲ ਐਡਵੋਕੇਟ ਹਾਜ਼ਰ ਸਨ।
ਸ: ਈਸ਼ਰ ਸਿੰਘ ਸੋਬਤੀ ਬਾਰੇ ਵਿਚਾਰ ਚਰਚਾ ਕਰਦਿਆਂ ਪੰਜਾਬ ਖੇਤੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਡਾ: ਸ ਨ ਸੇਵਕ ਨੇ ਕਿਹਾ ਕਿ ਦੇਸ਼ ਵੰਡ ਬਾਰੇ ਬਟਵਾਰੇ ਦੀ ਸੱਚੀ ਕਹਾਣੀ ਮਹੱਤਵਪੂਰਨ ਦਸਤਾਵੇਜ਼ ਹੈ ਜੋ ਆਜ਼ਾਦੀ ਬਾਰੇ ਕਈ ਭਰਮ ਤੋੜਦੀ ਹੈ।