ਇਤਿਹਾਸਕਾਰ ਸੋਹਣ ਸਿੰਘ ਪੂੰਨੀ ਦੀ ਪੁਸਤਕ "ਸਲਾਮ ਬੰਗਾ" ਦਾ ਲੋਕ ਅਰਪਣ ਹੋਇਆ
ਰਜਿੰਦਰ ਕੁਮਾਰ
ਬੰਗਾ 20 ਨਵੰਬਰ 2022- ਪੰਜਾਬੀ ਸਾਹਿਤ ਸਭਾ ਖਟਕੜ ਕਲਾਂ (ਬੰਗਾ) ਵੱਲੋਂ ਪੰਜਾਬੀ ਵਿਭਾਗ, ਸਿੱਖ ਨੈਸ਼ਨਲ ਕਾਲਜ ਬੰਗਾ ਦੇ ਸਹਿਯੋਗ ਨਾਲ ਇਤਿਹਾਸਕਾਰ ਸੋਹਣ ਸਿੰਘ ਪੂੰਨੀ ਵੱਲੋਂ ਲਿਖਤ ਅਤੇ ਸਿੰਘ ਬ੍ਰਦਰਜ਼ ਅੰਮ੍ਰਿਤਸਰ ਵੱਲੋਂ ਪ੍ਰਕਾਸ਼ਿਤ ਪੁਸਤਕ "ਸਲਾਮ ਬੰਗਾ" ਦਾ ਲੋਕ ਅਰਪਣ ਸਮਾਰੋਹ ਕਰਵਾਇਆ ਗਿਆ।
ਸਮਾਰੋਹ ਦੇ ਪ੍ਰਧਾਨਗੀ ਮੰਡਲ ਵਿੱਚ ਡਾ. ਤਰਸੇਮ ਭਿੰਡਰ ਪ੍ਰਿੰ. ਸਿੱਖ ਨੈਸ਼ਨਲ ਕਾਲਜ ਬੰਗਾ, ਡਾ. ਗੁਰਜੰਟ ਸਿੰਘ ਪ੍ਰਿੰ. ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ, ਪ੍ਰਿੰ. ਸੰਦੀਪ ਕੌਰ ਗੁਰੂ ਨਾਨਕ ਕਾਲਜ ਬੰਗਾ ਅਤੇ ਸਭਾ ਦੇ ਪ੍ਰਧਾਨ ਮੋਹਣ ਬੀਕਾ ਜੀ ਬਿਰਾਜਮਾਨ ਹੋਏ। ਪ੍ਰੋ. ਜਗਮੋਹਣ ਸਿੰਘ ਪ੍ਰਧਾਨ ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਮੁੱਖ ਮਹਿਮਾਨ ਅਤੇ ਮੋਹਣ ਸਿੰਘ ਕੰਦੋਲਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸਮਾਗਮ ਦੀ ਸ਼ੁਰੂਆਤ ਵਿਚ ਸਭਾ ਦੇ ਮੀਤ ਪ੍ਰਧਾਨ ਗੁਰਦੀਪ ਸੈਣੀ ਨੇ ਸੱਭ ਨੂੰ ਜੀ ਆਇਆਂ ਕਿਹਾ। ਹਰਬੰਸ ਹੀਉਂ ਸਰਪ੍ਰਸਤ ਪੰਜਾਬੀ ਸਾਹਿਤ ਸਭਾ ਖਟਕੜ ਕਲਾਂ (ਬੰਗਾ) ਨੇ ਸੋਹਣ ਸਿੰਘ ਪੂੰਨੀ ਦੇ ਜੀਵਨ ਅਤੇ ਪੁਸਤਕ "ਸਲਾਮ ਬੰਗਾ" ਬਾਰੇ ਵਿਸਥਾਰਪੂਰਵਕ ਜਾਣ ਪਛਾਣ ਕਰਵਾਈ। ਇਸ ਤੋਂ ਬਾਅਦ "ਸਲਾਮ ਬੰਗਾ" ਨੂੰ ਲੋਕ ਅਰਪਣ ਕਰਨ ਦੀ ਰਸਮ ਕੀਤੀ ਗਈ। ਇਸ ਪੁਸਤਕ ਦੇ ਇਤਿਹਾਸਕ ਪੱਖ 'ਤੇ ਪਰਚਾ ਪੜ੍ਹਦਿਆਂ ਡਾ. ਚਰਨਜੀਤ ਕੌਰ ਨੇ ਕਿਹਾ ਕਿ ਪੁਸਤਕ ਉੱਤੇ ਲੇਖਕ ਵੱਲੋਂ ਨਿੱਠ ਕੇ ਮਿਹਨਤ ਕੀਤੀ ਗਈ ਹੈ। ਪੁਸਤਕ ਵਿੱਚ ਬਿਰਤਾਂਤ ਬੜੇ ਰੌਚਕ ਤਰੀਕੇ ਨਾਲ ਪੇਸ਼ ਕੀਤੇ ਗਏ ਹਨ। ਇਲਾਕੇ ਨਾਲ ਸੰਬੰਧਤ 40 ਦੇ ਕਰੀਬ ਸਖ਼ਸ਼ੀਅਤਾਂ ਦਾ ਵਰਨਣ ਪੇਸ਼ ਕੀਤਾ ਗਿਆ ਹੈ।
ਪੁਸਤਕ ਦੇ ਸਾਹਿਤਕ ਪੱਖ 'ਤੇ ਪਰਚਾ ਪੜ੍ਹਦਿਆਂ ਡਾ. ਨਿਰਮਲ ਜੀਤ ਨੇ ਕਿਹਾ ਕਿ ਇਹ ਪੁਸਤਕ ਇਕ ਅਜਿਹੀ ਹੈ ਜਿਸ ਤੋਂ ਸੇਧ ਲੈ ਕੇ ਇਲਾਕੇ ਦੇ ਇਤਿਹਾਸ ਬਾਰੇ ਅਗਾਂਹ ਹੋਰ ਵੀ ਕੰਮ ਕੀਤਾ ਜਾਵੇਗਾ। ਉਨ੍ਹਾਂ ਨੇ ਇਸ ਕਿਤਾਬ ਦੀ ਤਿੰਨ ਪੱਖਾਂ ਤੋਂ ਵਿਆਖਿਆ ਕੀਤੀ। ਉਨ੍ਹਾਂ ਕਿਹਾ ਕਿ ਇਲਾਕੇ ਦੀਆਂ ਔਰਤਾਂ ਦਾ ਮਾਣਮੱਤਾ ਇਤਿਹਾਸ ਇਸ ਪੁਸਤਕ ਰਾਹੀਂ ਸਾਡੇ ਸਾਹਮਣੇ ਆਇਆ ਹੈ। ਕਹਾਣੀਕਾਰ ਅਜਮੇਰ ਸਿੱਧੂ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਇਹ ਪੁਸਤਕ ਬੰਗਾ ਇਲਾਕੇ ਦੇ ਇਤਿਹਾਸ ਬਾਰੇ ਆਸਾਨ ਸ਼ਬਦਾਵਲੀ ਵਿੱਚ ਪੇਸ਼ ਕੀਤਾ ਗਿਆ ਇਕ ਅਹਿਮ ਦਸਤਾਵੇਜ਼ ਹੈ ।
ਮੁੱਖ ਮਹਿਮਾਨ ਪ੍ਰੋ. ਜਗਮੋਹਣ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਸ ਕਿਤਾਬ ਨੇ ਇਨਕਲਾਬੀ ਲਹਿਰਾਂ ਵਿੱਚ ਇਸ ਇਲਾਕੇ ਦੇ ਲੋਕਾਂ ਦੇ ਯੋਗਦਾਨ ਉੱਤੇ ਚਾਨਣਾ ਪਾਇਆ ਹੈ। ਇਸ ਕਿਤਾਬ ਉੱਤੇ ਡਾਕੂਮੈਂਟਰੀ ਬਣਨੀ ਚਾਹੀਦੀ ਹੈ ਤਾਂ ਜੋ ਸਾਡਾ ਸ਼ਾਨਾਮੱਤਾ ਇਤਿਹਾਸ ਸਾਂਭਿਆ ਜਾਵੇ ਅਤੇ ਨੌਜਵਾਨਾਂ ਤੱਕ ਪੁੱਜੇ। ਪ੍ਰਧਾਨਗੀ ਮੰਡਲ ਚੋਂ ਬੋਲਦਿਆਂ ਪ੍ਰਿੰ. ਸਨਦੀਪ ਕੌਰ, ਪ੍ਰਿੰ. ਗੁਰਜੰਟ ਸਿੰਘ ਅਤੇ ਪ੍ਰਿੰ. ਤਰਸੇਮ ਸਿੰਘ ਭਿੰਡਰ ਨੇ ਕਿਹਾ ਕਿ ਇਹ ਕਿਤਾਬ ਸਾਡੇ ਇਲਾਕੇ ਦੇ ਲੋਕਾਂ ਦਾ ਇਤਿਹਾਸ ਸਾਂਭੀ ਬੈਠੀ ਹੈ। ਇਹ ਪੁਸਤਕ ਹਰ ਪਾਠਕ ਤੱਕ ਜ਼ਰੂਰ ਪੁੱਜਣੀ ਚਾਹੀਦੀ ਹੈ। ਸਮਾਗਮ ਦੌਰਾਨ ਸਭਾ ਵੱਲੋਂ ਸ਼੍ਰੀਮਤੀ ਜੁਗਿੰਦਰ ਕੌਰ ਸੇਵਾ ਮੁਕਤ ਮੁੱਖ ਅਧਿਆਪਕਾ ਦਾ ਸਨਮਾਨ ਵੀ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਦੇ ਕਵੀ ਦਰਬਾਰ ਨਾਲ ਕੀਤੀ ਗਈ। ਜਿਸ ਵਿਚ ਸੁਮਨ, ਜਸਲੀਨ ਕੌਰ, ਤਾਨੀਆ, ਹਰਸ਼ ਬਸਰਾ, ਅਰਸ਼ਦੀਪ ਕੌਰ, ਇੰਦਰਪ੍ਰੀਤ ਆਦਿ ਵਿਦਿਆਰਥੀਆਂ ਨੇ ਸਮਾਜ ਨੂੰ ਸੇਧ ਦੇਣ ਵਾਲੀਆਂ ਖੂਬਸੂਰਤ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।
ਅੰਤ ਵਿਚ ਸਭਾ ਦੇ ਪ੍ਰਧਾਨ ਮੋਹਣ ਬੀਕਾ ਨੇ ਸੱਭ ਦਾ ਧੰਨਵਾਦ ਕੀਤਾ। ਸਮਾਗਮ ਦੀ ਸਟੇਜ ਸੰਚਾਲਨਾ ਸਭਾ ਦੇ ਜਨਰਲ ਸਕੱਤਰ ਤਲਵਿੰਦਰ ਸ਼ੇਰਗਿੱਲ ਨੇ ਬਾਖੂਬੀ ਨਿਭਾਈ। ਇਸ ਸਮਾਗਮ ਦੌਰਾਨ ਦੀਪ ਕਲੇਰ, ਪਰਮਜੀਤ ਚਾਹਲ, ਬੂਟਾ ਸਿੰਘ ਮਹਿਮੂਦਪੁਰ, ਹਰਜੀਤ ਸਿੰਘ ਮਾਹਲ, ਸ਼ਿੰਗਾਰਾ ਲੰਗੇਰੀ, ਜਸਵੰਤ ਖਟਕੜ, ਦੀਪ ਰਸਨ, ਸੁਖਵੀਰ ਖਟਕੜ, ਰਾਣਾ ਮੱਲੂਪੋਤਾ, ਮਲਕੀਤ ਹੱਪੋਵਾਲ, ਕਾ. ਰਾਮ ਸਿੰਘ ਨੂਰਪੁਰੀ, ਦਲਜੀਤ ਸਿੰਘ ਗੁਣਾਚੌਰ, ਅਵਤਾਰ ਸੰਧੂ, ਸੀਤਲ ਰਾਮ ਬੰਗਾ, ਰਿਸ਼ੀ ਚਿੱਤਰਕਾਰ, ਜਗਤਾਰ ਨਿਰਮਲ, ਖੁਸ਼ੀ ਰਾਮ ਗੁਣਾਚੌਰ, ਸਨਦੀਪ ਨਈਅਰ, ਜਗਦੀਸ਼ ਰਾਏਪੁਰ ਡੱਬਾ, ਅਜਾਇਬ ਸਿੰਘ ਕਲੇਰਾਂ, ਜੋਗਿੰਦਰ ਸਿੰਘ ਕਲਸੀ, ਜਸਵੀਰ ਗੋਗਾ, ਤਾਰਾ ਸਿੰਘ ਚੇੜਾ, ਜੁਝਾਰ ਸਿੰਘ ਪੂੰਨੀ, ਤਰਲੋਚਨ ਸਿੰਘ ਪੂੰਨੀ, ਨੰਬਰਦਾਰ ਅਮਰੀਕ ਸਿੰਘ, ਅਮਰਜੀਤ ਸਿੰਘ ਪੂੰਨੀ, ਸੰਤੋਖ਼ ਸਿੰਘ ਪੂੰਨੀ ਕਨੇਡਾ, ਝਲਮਣ ਸਿੰਘ ਸਿੱਧੂ ਸੋਤਰਾਂ, ਕਸ਼ਮੀਰੀ ਲਾਲ ਮੰਗੂਵਾਲ, ਸਵਰਨ ਸਿੰਘ ਕਾਹਮਾ, ਨਰਿੰਦਰ ਪਾਲ ਹੀਉਂ, ਰਣਬੀਰ ਸਿੰਘ ਬੰਗਾ ਆਦਿ ਵੀ ਹਾਜ਼ਰ ਹੋਏ।