ਤੱਕ ਲੈ ਬੁੱਲ੍ਹਿਆ ਧਰਮਾਂ ਵਾਲੇ ਕੈਸੀ ਅਮਰਵੇਲ ਨੇ ਘੇਰੇ।
ਧਰਮਸਾਲ ਵਿੱਚ ਵੱਜਦੇ ਧਾੜੇ,
ਬੁੱਢੇ ਚੋਰ ਮਸੀਤੀਂ ਡੇਰੇ।
ਹੁਕਮਰਾਨ ਦੀ ਛਤਰੀ ਥੱਲੇ ਸਬਜ਼ ਕਬੂਤਰ ਕਰਨ ਗੁਟਰਗੂੰ,
ਤੋਤੇ ਜਿਹੜੀ ਬੋਲੀ ਬੋਲਣ,
ਸਮਝ ਪਵੇ ਨਾ ਬਿਲਕੁਲ ਮੇਰੇ।
ਕੌਣ ਉਡੀਕੇ ਪਾ ਕੇ ਔਂਸੀਆਂ,
ਰਿਸ਼ਤੇ ਬਣੇ ਮਸ਼ੀਨੀ ਵਸਤੂ,
ਚੂਰੀ ਕਿਸ ਨੂੰ ਕੁੱਟ ਕੇ ਪਾਈਏ,
ਹੁਣ ਨਹੀਂ ਬਹਿੰਦੇ ਕਾਗ ਬਨੇਰੇ।
ਉਲਝ ਗਈ ਹੈ ਤਾਣੀ ਏਨੀ,
ਲੱਭਦਾ ਹੀ ਨਾ ਤਾਣਾ ਪੇਟਾ,
ਕੱਲ੍ਹਿਆਂ ਇਹ ਸੁਲਝਾਉਣੀ ਔਖੀ,
ਨਾ ਵੱਸ ਮੇਰੇ ਨਾ ਵੱਸ ਤੇਰੇ।
ਧਰਮ ਅਤੇ ਇਖ਼ਲਾਕ ਦੀ ਰਾਖੀ,
ਬੈਠ ਗਏ ਨੇ ਸ਼ਸਤਰਧਾਰੀ,
ਦਾਨਿਸ਼ਵਰ ਦੀ ਦਾਨਿਸ਼ ਨੂੰ ਹੁਣ,
ਪੈ ਗਏ ਚਾਰ ਚੁਫ਼ੇਰਿਓ ਂ ਘੇਰੇ।
ਧਰਤੀ ਦੇ ਸਭ ਮਾਲ ਖਜ਼ਾਨੇ,
ਲੁੱਟਣ ਪੁੱਟਣ ਵਾਲਾ ਟੋਲਾ,
ਦੇਸ਼ ਦੀ ਮੰਦੜੀ ਹਾਲਤ ਕਰਕੇ,
ਮਣ ਮਣ ਮੋਟੇ ਅੱਥਰੂ ਕੇਰੇ।
ਤਨ ਤਾਂ ਏਥੇ ,ਮਨ ਪਰਦੇਸੀ,
ਸਾਰਾ ਵਤਨ ਪਰਾਇਆ ਲੱਗੇ,
ਝੂਠਾ ਝੂਠਾ ਸੂਰਜ ਲੱਗਦਾ,
ਲਹਿੰਦਾ ਚੜ੍ਹਦਾ ਸ਼ਾਮ ਸਵੇਰੇ।
ਗ਼ਜ਼ਲ - ਗੁਰਭਜਨ ਗਿੱਲ
Gurbhajansinghgill@gmail.Com
Ph: 98726. 31199