ਪ੍ਰੇਰਨਾ ਦਾ ਸੋਮਾ, ਇੱਕ ਆਮ ਆਦਮੀ ਦੀ ਜਿੰਦਗੀ ਦਾ ਵੱਡਾ ਜੀਵਨ ਸਫ਼ਰ
ਦੀਪਕ ਗਰਗ
- ਸਮਾਜਸੇਵੀ ਮਾਸਟਰ ਕਪੂਰ ਚੰਦ ਦੀ ਜੀਵਨੀ ਕਿਤਾਬ ਜਿਸ ਦੀਆਂ ਕੁਝ ਤਸਵੀਰਾਂ ਵਿੱਚ ਮੌਜੂਦ ਖਾਲੀ ਥਾਂ ਭਰੀ ਨਹੀਂ ਜਾ ਸਕਦੀ
- ਬਾਉ ਕਪੂਰਚੰਦ ਵਲੋਂ ਕਪੂਰਥਲਾ ਵਿਖੇ ਆਰੀਆ ਸਮਾਜ ਅਤੇ ਅਨਾਥ ਬੱਚਿਆਂ ਦੀ ਬਿਹਤਰੀ ਲਈ ਕੀਤਾ ਜਾ ਰਿਹਾ ਸੰਘਰਸ਼
ਕੋਟਕਪੂਰਾ 15 ਦਸੰਬਰ 2021 - ਜੀਵਨੀਆਂ ਆਮ ਤੌਰ 'ਤੇ ਉਨ੍ਹਾਂ ਲੋਕਾਂ 'ਤੇ ਲਿਖੀਆਂ ਜਾਂਦੀਆਂ ਹਨ ਜੋ ਕਿਸੇ ਖਾਸ ਖੇਤਰ ਵਿੱਚ ਸਫਲ ਹੋਏ ਹਨ। ਅਜਿਹੇ ਲੋਕਾਂ ਤੋਂ ਜਾਣੂ ਹੋਣ ਕਾਰਨ ਪਾਠਕ ਜੀਵਨੀ ਪੜ੍ਹਨ ਲਈ ਉਤਾਵਲੇ ਰਹਿੰਦੇ ਹਨ ਤਾਂ ਜੋ ਉਨ੍ਹਾਂ ਦੇ ਜੀਵਨ ਦੇ ਪੱਖ ਤੋਂ ਜਾਣੂ ਹੋ ਸਕਣ। ਪਰ ਅਸੀਂ ਸਾਰੇ ਸਫਲ ਲੋਕਾਂ ਨੂੰ ਨਹੀਂ ਜਾਣਦੇ ਹਾਂ। ਬਹੁਤ ਸਾਰੇ ਲੋਕਾਂ ਦੀ ਸਫਲਤਾ ਕਦੇ ਵੀ ਸਾਹਮਣੇ ਨਹੀਂ ਆਉਂਦੀ।
5ਆਬ ਪ੍ਰਕਾਸ਼ਨ ਵਲੋਂ ਹਾਲ ਹੀ ਵਿੱਚ ਪ੍ਰਕਾਸ਼ਿਤ "ਪ੍ਰੇਰਨਾ ਦਾ ਸੋਮਾ" ਇੱਕ ਵੱਖਰੀ ਕਿਸਮ ਦੀ ਜੀਵਨੀ ਕਿਤਾਬ ਹੈ। ਇਸ ਦੇ ਕੇਂਦਰ ਵਿਚ ਪਿੰਡ ਸਿਰੀਏਵਾਲਾ ਦੇ ਪਿਛੋਕੜ ਵਾਲੇ ਮਾਸਟਰ ਕਪੂਰ ਚੰਦ ਹਨ, ਪਾਠਕਾਂ ਲਈ ਇਹ ਕੋਈ ਜਿਆਦਾ ਜਾਣਿਆ-ਪਛਾਣਿਆ ਨਾਂਅ ਨਹੀਂ ਹੈ। ਮਾਸਟਰ ਕਪੂਰ ਚੰਦ ਜੋ ਸਕੂਲੀ ਸਿੱਖਿਆ ਵਿੱਚ ਅਧਿਆਪਕ ਅਤੇ ਆਮ ਗ੍ਰਹਿਸਥੀ ਹਨ ਜੋ ਆਪਣਾ ਕੰਮ ਸਹੀ ਢੰਗ ਨਾਲ ਕਰਨ ਅਤੇ ਸੰਤੁਲਨ ਵਿੱਚ ਜੀਵਨ ਬਤੀਤ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ। ਪਾਠਕ ਸੋਚ ਸਕਦੇ ਹਨ ਕਿ ਇਸ ਵਿੱਚ ਵੱਡੀ ਗੱਲ ਕੀ ਹੈ। ਹਰ ਕਿਸੇ ਦਾ ਜੀਵਨ ਅਜਿਹਾ ਹੀ ਹੁੰਦਾ ਹੈ।
ਪਰ ਕਈ ਵਾਰ ਕੋਈ ਵਿਅਕਤੀ ਆਪਣੇ ਜੀਵਨ, ਵਿਚਾਰਾਂ ਅਤੇ ਆਦਰਸ਼ਾਂ ਕਾਰਨ ਅਸਾਧਾਰਨ ਹੋ ਸਕਦਾ ਹੈ ਭਾਵੇਂ ਉਹ ਅਹੁਦੇ ਅਤੇ ਪੇਸ਼ੇ ਵਿੱਚ ਸਾਧਾਰਨ ਹੀ ਕਿਉਂ ਨਾ ਹੋਵੇ। ਇਹ ਜੀਵਨੀ ਅਜਿਹੇ ਹੀ ਅਸਾਧਾਰਨ ਅਧਿਆਪਕ, ਸਮਾਜਸੇਵੀ ਅਤੇ ਆਮ ਆਦਮੀ ਦੀ ਹੈ। ਇਹ ਅਜਿਹੀ ਸ਼ਖਸੀਅਤ ਦੀ ਜੀਵਨੀ ਹੈ, ਜੋ ਆਪਣੇ ਜੀਵਨ ਸੰਘਰਸ਼ ਅਤੇ ਅਧਿਐਨ ਰਾਹੀਂ ਆਪਣੇ ਸਿਧਾਂਤਾਂ ਨੂੰ ਘੜਦਾ ਹੈ ਅਤੇ ਜੀਵਨ ਭਰ ਉਨ੍ਹਾਂ ਦੀ ਪਾਲਣਾ ਕਰਦਾ ਹੈ।
ਮਾਸਟਰ ਕਪੂਰ ਚੰਦ ਦੀ ਇਸ ਕਹਾਣੀ ਦਾ ਮੁੱਖ ਕੇਂਦਰ ਬਿੰਦੂ ਜਿਲਾ ਫਰੀਦਕੋਟ ਦੀ ਇਤਿਹਾਸਿਕ ਮੰਡੀ ਜੈਤੋ ਤੋਂ ਸ਼ੁਰੂ ਹੁੰਦਾ ਹੈ। ਜੋ ਇਥੋਂ ਬਠਿੰਡਾ ਹੁੰਦੇਂ ਹੋਏ ਜੋਧਪੁਰ ਤੱਕ ਪਹੁੰਚਦਾ ਹੈ। ਅਤੇ ਹੁਣ ਜੋਧਪੁਰ ਤੋਂ ਕਪੂਰਥਲੇ ਆਕੇ ਠਹਿਰ ਗਿਆ ਹੈ। ਕਿਉਂਕਿ ਜੀਵਨੀ ਕਿਤਾਬ ਆਉਣ ਤੋਂ ਬਾਅਦ ਵੀ ਸੰਘਰਸ਼ ਦਾ ਸਫਰ ਅੱਜੇ ਚਲ ਰਿਹਾ ਹੈ।
ਛੋਟੀ ਉਮਰੇ ਪਿੱਤਾ ਦਾ ਸਾਇਆ ਸਿਰ ਤੇ ਨਾਂ ਰਹਿਣ ਦੇ ਬਾਵਜੂਦ ਤਮਾਮ ਮੁਸ਼ਕਲਾਂ ਤੋਂ ਗੁਜਰਦੇ ਹੋਏ ਸਿੱਖਿਆ ਪੂਰੀ ਕੀਤੀ ਅਤੇ ਬਤੌਰ ਅਧਿਆਪਕ ਪੇਸ਼ਾ ਅਪਣਾਇਆ। ਪੜ੍ਹਨ ਜਾਨਣ ਅਤੇ ਸਿੱਖਣ ਦੀ ਲਲਕ ਅੱਜ ਤੱਕ ਬਣੀ ਹੋਈ ਹੈ। ਪੇਂਡੂ ਖੇਤਰਾਂ ਵਿੱਚ ਡਿਊਟੀ ਹੋਣ ਤੇ ਇਨ੍ਹਾਂ ਨੇ ਕਦੇ ਵੀ ਅਸੁਵਿਧਾ ਮਹਿਸੂਸ ਨਹੀਂ ਕੀਤੀ। ਇਹ ਆਪਣੇ ਜੀਵਨ ਵਿੱਚ ਆਰੀਆ ਸਮਾਜ ਦੇ ਵਿਚਾਰਾਂ ਤੋਂ ਪ੍ਰੇਰਿਤ ਰਹੇ ਹਨ। ਜਿਸ ਕਰਕੇ ਇਹਨਾਂ ਦਾ ਹੁਣ ਤੱਕ ਦਾ ਜੀਵਨ ਦਾਜ, ਜਾਤ ਪਾਤ, ਫਿਜ਼ੂਲ ਦੇ ਰੀਤੀ ਰਿਵਾਜਾਂ ਦੇ ਖਿਲਾਫ ਜੰਗ ਕਰਦੇ ਵਤੀਤ ਹੋਇਆ ਹੈ।
ਸਿਰਫ ਇਹੋ ਨਹੀਂ ਅਧਿਆਪਕ ਦੇ ਪੇਸ਼ੇ ਤੋਂ ਰਿਟਾਇਰ ਹੋਣ ਅਤੇ ਪੱਤਨੀ ਦੇ ਦੇਹਾਂਤ ਤੋਂ ਬਾਅਦ ਇਹਨਾਂ ਨੇ ਆਰੀਆ ਸਮਾਜ ਕਪੂਰਥਲਾ ਦੀ ਸੱਠ ਸਾਲਾਂ ਤੋਂ ਸਿਆਸੀ ਸ਼ਹਿ ਤੇ ਨਾਜਾਇਜ ਕਬਜੇ ਹੇਠ ਨੱਪੀ ਬਹੁਕਰੋੜੀ ਜਮੀਨ ਨੂੰ ਦੋ ਸਾਲਾਂ ਦੀ ਜਦੋ ਜਹਿਦ ਮਗਰੋਂ ਛੁਡਵਾਇਆ ਅਤੇ ਆਰੀਆ ਵਤਸਾਲਯਾ ਦੀ ਸ਼ਾਨਦਾਰ ਇਮਾਰਤ ਬਣਵਾਉਣ ਤੱਕ ਇਨ੍ਹਾਂ ਦੀ ਸੰਘਰਸ਼ ਕਥਾ ਇਨ੍ਹਾਂ ਨੂੰ ਯੋਧੇ ਦੇ ਰੂਪ ਵਿੱਚ ਪੇਸ਼ ਕਰਦੀ ਹੈ।
ਲੇਖਿਕਾ ਅਤੇ ਪੱਤਰਕਾਰ ਅਮਨਦੀਪ ਹਾਂਸ ਨੇ ਪਾਰਦਰਸ਼ੀ ਭਾਸ਼ਾ ਅਤੇ ਤਿੱਖੀ ਦ੍ਰਿਸ਼ਟੀ ਨਾਲ ਸਮਾਜਸੇਵੀ ਅਧਿਆਪਕ ਕਪੂਰ ਚੰਦ ਦੇ ਜੀਵਨ ਅਤੇ ਵਿਚਾਰਾਂ ਨੂੰ ਜੀਵਤ ਕੀਤਾ ਹੈ। ਇਸ ਜੀਵਨੀ ਕਿਤਾਬ ਰਾਹੀਂ ਆਮ ਲੋਕ ਪੁਰਾਤਨ ਰੀਤੀ ਰਿਵਾਜਾਂ, ਸੱਭਿਆਚਾਰ ਅਤੇ ਰਿਸ਼ਤਿਆਂ ਦੀ ਘਾਣ ਨੂੰ ਵੀ ਸਮਝ ਸਕਦੇ ਹਨ। ਉਥੇ ਹੀ ਅੱਜ ਦੀ ਸਿਆਸਤ ਨਾਲ ਇਕ ਸਾਧਾਰਨ ਮਨੁੱਖ ਦੀ ਟੱਕਰ ਦੀ ਕਹਾਣੀ ਅਜਿਹੀ ਹੈ ਕਿ ਉਸ ਉਪਰ ਬਾਇਓਪਿਕ ਬਣ ਸਕਦੀ ਹੈ।
ਇਹ ਇਕ ਅਜਿਹੇ ਅਧਿਆਪਕ ਦੀ ਕਹਾਣੀ ਹੈ। ਜਿਸਦੇ ਆਦਰਸ਼ਾਂ ਹੇਠ ਇਸਦੇ ਬੇਟੇ ਵੱਡੇ ਅਤੇ ਨਾਮੀ ਕਾਰੋਬਾਰੀ ਬਣ ਚੁੱਕੇ ਹਨ। ਪਰ ਇਹ ਮਾਸਟਰ ਅੱਜ ਵੀ ਆਮ ਆਦਮੀ ਬਣਕੇ ਸਮਾਜ ਅਤੇ ਅਨਾਥ ਬੱਚਿਆਂ ਦੀ ਬਿਹਤਰੀ ਲਈ ਸੰਘਰਸ਼ਸ਼ੀਲ ਹੈ।
ਇਸ ਪੁਸਤਕ ਵਿੱਚ ਮਾਸਟਰ ਕਪੂਰ ਚੰਦ ਦੇ ਜੀਵਨ ਨਾਲ ਸੰਬੱਧਤ ਕੁਝ ਤਸਵੀਰਾਂ ਹਨ। ਇਕ ਤਸਵੀਰ ਇਨ੍ਹਾਂ ਦੇ ਪੂਰੇ ਪਰਿਵਾਰ ਦੀ ਹੈ। ਜਿਸ ਵਿੱਚ ਇਹਨਾਂ ਦੀ ਅਮਰੀਕਾ ਰਹਿੰਦੀ ਬੇਟੀ ਸਵਿਤਾ ਅਤੇ ਜਵਾਈ ਦੀਪਕ ਅੱਗਰਵਾਲ ਵੀ ਮੌਜੂਦ ਹਨ। ਬੇਸ਼ਕ ਅੱਜ ਇਨ੍ਹਾਂ ਦੇ ਪਰਿਵਾਰ ਵਿੱਚ ਹੋਰ ਮੈਂਬਰਾਂ ਦਾ ਵਾਧਾ ਹੋਇਆ ਹੈ। ਪਰ ਸਵਰਗਵਾਸੀ ਪੱਤਨੀ ਸੁਸ਼ੀਲਾ ਅਤੇ ਬੇਵਕਤੀ ਮੌਤ ਕਾਰਨ ਪ੍ਰਭੂ ਚਰਨਾਂ ਵਿੱਚ ਜਾ ਵਿਰਾਜੇ ਇਨ੍ਹਾਂ ਦੇ ਦੂੱਜੇ ਜਵਾਈ ਪ੍ਰੋਫੈਸਰ ਰਮੇਸ਼ ਗੋਇਲ ਤੋਂ ਬਿਨਾਂ ਇਸ ਤਸਵੀਰ ਵਿੱਚ ਦੋ ਸਿਫ਼ਰ ਸਾਫ ਦਿੱਖ ਰਹੇ ਹਨ।
ਇਹਨਾਂ ਦੇ ਦੂੱਜੇ ਜਵਾਈ ਪ੍ਰੋਫੈਸਰ ਰਮੇਸ਼ ਗੋਇਲ ਕੋਟਕਪੂਰਾ ਦੇ ਸ਼ਹੀਦ ਭਗਤ ਸਿੰਘ ਸਰਕਾਰੀ ਕਾਲੇਜ ਵਿੱਚ ਅੰਗਰੇਜ਼ੀ ਦੇ ਲੈਕਚਰਾਰ ਸਨ। ਮਾਸਟਰ ਕਪੂਰ ਚੰਦ ਨੂੰ ਜਾਣਨ ਵਾਲੇ ਕਹਿ ਸਕਦੇ ਹਨ ਕਿ ਲੇਖਿਕਾ ਇਨ੍ਹਾਂ ਦੇ ਜੀਵਨ ਦੇ ਕੁਝ ਪਹਿਲੂਆਂ ਤੱਕ ਨਹੀਂ ਪਹੁੰਚ ਸਕੀ।
ਭਾਵੇਂ ਇਹ ਪੁਸਤਕ ਪੰਜਾਬੀ ਭਾਸ਼ਾ ਦੇ ਸਵਾਦ ਅਤੇ ਸਮੱਗਰੀ ਕਾਰਨ ਹਰ ਕਿਸੇ ਦੇ ਪੜ੍ਹਨਯੋਗ ਹੈ, ਪਰ ਅਧਿਆਪਕਾਂ ਅਤੇ ਆਮ ਲੋਕਾਂ ਨੂੰ ਜੀਵਨ ਸੰਘਰਸ਼ ਬਾਰੇ ਸਮਝਣ ਲਈ ਇਸ ਪੁਸਤਕ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ। ਇਹ ਜੀਵਨੀ ਪਾਠਕ ਵਿੱਚ ਆਤਮਵਿਸ਼ਵਾਸ ਜਗਾ ਕੇ ਉਸਨੂੰ ਅੱਗੇ ਦਾ ਰਾਹ ਦਿਖਾਏਗੀ।