ਪੰਜਾਬੀ ਸਾਹਿਤ ਸਭਾ ਗੁਰਦਾਸਪੁਰ ਦੀ ਮਹੀਨਾਵਾਰ ਬੈਠਕ ਵਿੱਚ ਨਵੀਂ ਕਾਰਜਕਾਰਨੀ ਦੀ ਚੋਣ
ਰੋਹਿਤ ਗੁਪਤਾ
ਗੁਰਦਾਸਪੁਰ, 7 ਜੁਲਾਈ 2024- ਪੰਜਾਬੀ ਸਾਹਿਤ ਸਭਾ, ਗੁਰਦਾਸਪੁਰ ਦੀ ਮਹੀਨਾਵਾਰ ਬੈਠਕ ਸਥਾਨਕ ਫਿਸ਼ ਪਾਰਕ ਵਿੱਚ ਹੋਈ । ਸਭ ਤੋਂ ਪਹਿਲਾਂ ਸਭਾ ਦੇ ਮੈਂਬਰ ਰਾਜਨ ਤਰੇੜੀਆ ਦੇ ਪਿਤਾ ਜੀ ਦੇ ਬੇਵਕਤੀ ਅਕਾਲ ਚਲਾਣਾ ਕਰ ਜਾਣ 'ਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ । ਸਲਾਨਾ ਮੈਂਬਰਸ਼ਿਪ ਨਵਿਆਉਣ ਤੋਂ ਇਲਾਵਾ ਪੁਰਾਣੀ ਕਾਰਜਕਾਰਨੀ ਭੰਗ ਕਰਕੇ ਦੋ ਸਾਲ ਬਾਅਦ ਨਵੀਂ ਕਾਰਜਕਾਰਨੀ ਦੀ ਚੋਣ ਕਰਨਾ ਮੁੱਖ ਏਜੰਡੇ ਸਨ ।
ਕਾਰਵਾਈ ਨੂੰ ਅੱਗੇ ਤੋਰਦੇ ਹੋਏ ਜਨਰਲ ਸਕੱਤਰ ਸੁਭਾਸ਼ ਦੀਵਾਨਾ ਨੇ ਕਾਰਜਕਾਰਨੀ ਭੰਗ ਕਰਕੇ ਨਵੀਂ ਚੋਣ ਕਰਨ ਲਈ ਮੈਂਬਰਾਂ ਨੂੰ ਬੇਨਤੀ ਕੀਤੀ । ਸਭਾ ਦੇ ਸਮੂਹ ਮੈਂਬਰਾਂ ਨੇ ਸਰਬ ਸੰਮਤੀ ਨਾਲ ਕੁਝ ਬਦਲਾਅ ਕਰਦਿਆਂ ਕਾਮਰੇਡ ਮੁਲਖ ਰਾਜ ਨੂੰ ਸਰਪ੍ਰਸਤ , ਸੁਭਾਸ਼ ਦੀਵਾਨਾ ਨੂੰ ਕਨਵੀਨਰ,ਤਰਸੇਮ ਸਿੰਘ ਭੰਗੂ ਨੂੰ ਪ੍ਰਧਾਨ, ਪ੍ਰਤਾਪ ਪਾਰਸ ਨੂੰ ਜਨਰਲ ਸਕੱਤਰ, ਅਸ਼ਵਨੀ ਕੁਮਾਰ ਨੂੰ ਸੀਨੀਅਰ ਮੀਤ ਪ੍ਰਧਾਨ, ਹਰਪਾਲ ਸਿੰਘ ਬੈਂਸ ਮੀਤ ਪ੍ਰਧਾਨ, ਕੇ ਪੀ ਸਿੰਘ ਸਹਿ ਸਕੱਤਰ ਅਤੇ ਵਿੱਤ ਸਕੱਤਰ, ਸ੍ਰੀ ਮਤੀ ਹਰਪ੍ਰੀਤ ਕੌਰ ਸਿੰਮੀ ਨੂੰ ਸਕੱਤਰ, ਪ੍ਰੋਫੈਸਰ ਰਾਜ ਕੁਮਾਰ, ਸੁਰਿੰਦਰ ਮੋਹਨ ਸ਼ਰਮਾ ਅਤੇ ਰਣਬੀਰ ਆਕਾਸ਼ ਨੂੰ ਸਲਾਹਕਾਰ ਚੁਣਿਆ ਗਿਆ । ਕਾਰਜਕਾਰਨੀ ਦੇ ਹੋਰ ਮੈਂਬਰਾਂ ਵਿੱਚ ਸੁਨੀਲ ਕੁਮਾਰ, ਰਾਜਨ ਤਰੇੜੀਆ, ਪ੍ਰੀਤ ਰਾਣਾ, ਬਲਦੇਵ ਸਿੱਧੂ ਅਤੇ ਰਜਿੰਦਰ ਸਿੰਘ ਛੀਨਾ ਜੀ ਦੀ ਚੋਣ ਕੀਤੀ ਗਈ । ਸਮੂਹ ਮੈਂਬਰਾਂ ਵੱਲੋਂ ਇਸ ਚੋਣ ਦੀ ਸਹਿਮਤੀ ਪ੍ਰਗਟਾਈ ਗਈ । ਇਸ ਤੋਂ ਬਾਅਦ ਕਵੀ ਦਰਬਾਰ ਦੀ ਸ਼ੁਰੂਆਤ ਗਾਇਕ ਪ੍ਰੀਤ ਰਾਣਾ ਜੀ ਵੱਲੋਂ ਆਧੁਨਿਕ ਬੋਲੀਆਂ ਨਾਲ ਹੋਈ। ਬਲਦੇਵ ਸਿੱਧੂ ਨੇ ਬੁਲੰਦ ਆਵਾਜ਼ ਵਿੱਚ ਗੀਤ ਪੇਸ਼ ਕੀਤਾ । ਹਰਪਾਲ ਬੈਂਸ, ਸੁਨੀਲ ਕੁਮਾਰ,ਸੁਭਾਸ਼ ਦੀਵਾਨਾ, ਸੁਰਿੰਦਰ ਮੋਹਨ ਸ਼ਰਮਾ ਅਤੇ ਪ੍ਰਤਾਪ ਪਾਰਸ ਦੀਆਂ ਗ਼ਜ਼ਲਾਂ ਨੇ ਪ੍ਰੋਗਰਾਮ ਨੂੰ ਸਿਖ਼ਰਾਂ 'ਤੇ ਪਹੁੰਚਾਇਆ । ਰਾਜਨ ਤਰੇੜੀਆ ਨੇ ਬਾਲ ਕਹਾਣੀ ਸਾਂਝੀ ਕੀਤੀ । ਤਰਸੇਮ ਸਿੰਘ ਭੰਗੂ ਨੇ ਦੁਬਾਰਾ ਪ੍ਰਧਾਨਗੀ ਲਈ ਭਰੋਸਾ ਪ੍ਰਗਟਾਉਣ ਲਈ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਫਿਸ਼ ਪਾਰਕ ਨਾਲ ਸਬੰਧਿਤ ਮਰਹੂਮ ਪ੍ਰੋ ਕਿਰਪਾਲ ਸਿੰਘ ਯੋਗੀ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ । ਅੰਤ ਵਿੱਚ ਪ੍ਰੋਫੈਸਰ ਰਾਜ ਕੁਮਾਰ ਨੇ ਪ੍ਰੋਗਰਾਮ ਦੀ ਸਮੁੱਚੀ ਕਾਰਵਾਈ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ । ਮੰਚ ਦੀ ਕਾਰਵਾਈ ਸੁਭਾਸ਼ ਦੀਵਾਨਾ ਜੀ ਨੇ ਨਿਭਾਈ । ਇਸ ਮੌਕੇ ਨਵਾਂ ਸਾਹਿਤ ਪ੍ਰੇਮੀ ਅਸ਼ਵਨੀ ਬਰਿਆਰ ਵੀ ਹਾਜ਼ਰ ਸੀ ।