ਲੁਧਿਆਣਾ, 22 ਅਕਤੂਬਰ, 2016 : ਅੱਜ ਸ਼ਾਮੀਂ ਡਾ. ਸ.ਨ. ਸੇਵਕ ਦੇ ਗ਼ਜ਼ਲ-ਸੰਗ੍ਰਹਿ ਅਮਲਤਾਸ ਦੇ ਪੱਤੇ ਦਾ ਲੋਕ-ਅਰਪਣ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ, ਲੁਧਿਆਣਾ ਦੇ ਹਾਲ ਵਿਚ ਹੋਇਆ। ਇਹ ਰਸਮ ਪਦਮਸ਼੍ਰੀ ਡਾ. ਸੁਰਜੀਤ ਪਾਤਰ ਨੇ ਅਦਾ ਕੀਤੀ। ਇਸ ਪ੍ਰੋਗਰਾਮ ਦਾ ਆਯੋਜਨ ਪੰਜਾਬੀ ਸਭਿਆਚਾਰ ਅਕਾਦਮੀ, ਲੁਧਿਆਣਾ ਅਤੇ ਅੱਖਰ ਕਾਵਿ-ਕਬੀਲਾ, ਅੰਮ੍ਰਿਤਸਰ ਨੇ ਸਾਂਝੇ ਤੌਰ 'ਤੇ ਕੀਤਾ। ਇਸ ਪੁਸਤਕ ਨੂੰ ਸਾਤਵਿਕ ਬੁਕਸ, ਅੰਮ੍ਰਿਤਸਰ ਵੱਲੋਂ ਬੜੇ ਹੀ ਕਲਾਤਮਕ ਰੂਪ ਵਿਚ ਛਾਪਿਆ ਗਿਆ ਹੈ।
ਇਸ ਗ਼ਜ਼ਲ-ਸੰਗ੍ਰਹਿ ਦੀ ਵਿਸ਼ੇਸ਼ ਖ਼ੂਬੀ ਇਹ ਹੈ ਕਿ ਇਸ ਨੂੰ ਗੁਰਮੁਖੀ ਤੇ ਸ਼ਾਹਮੁਖੀ ਦੋਵਾਂ ਲਿਪੀਆ ਵਿਚ ਛਾਪਿਆ ਗਿਆ ਹੈ। ਖੱਬੇ ਪਾਸੇ ਤੇ ਗ਼ਜ਼ਲ ਦਾ ਗੁਰਮੁਖੀ ਰੂਪ ਹੈ ਅਤੇ ਸੱਜੇ ਪਾਸੇ ਸ਼ਾਹਮੁਖੀ ਰੂਪ। ਇਸ ਦਾ ਮੰਤਵ ਇਹ ਹੈ ਕਿ ਦੋਵਾਂ ਪੰਜਾਬਾਂ ਦੇ ਪਾਠਕ ਇਨ੍ਹਾਂ ਗ਼ਜ਼ਲਾਂ ਨੂੰ ਆਸਾਨੀ ਨਾਲ ਪੜ੍ਹ ਸਕਣ।
ਸਭ ਤੋਂ ਪਹਿਲੋਂ ਡਾ. ਕੁਲਵਿੰਦਰ ਮਿਨਹਾਸ ਨੇ ਅਕਾਦਮੀ ਦੀਆਂ ਸਰਗਰਮੀਆਂ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਇੰਦਰੇਸ਼ ਮੀਤ ਨੇ ਅੱਖਰ ਕਾਵਿ-ਕਬੀਲਾ ਬਾਰੇ ਚਾਨਣਾ ਪਾਇਆ। ਇਸ ਗ਼ਜ਼ਲ ਸੰਗ੍ਰਹਿ 'ਚੋਂ ਕੁਝ ਗ਼ਜ਼ਲਾਂ ਦਾ ਗਾਇਨ ਤ੍ਰਿਲੋਚਨ ਲੋਚੀ, ਮਨਰਾਜ ਪਾਤਰ, ਮਨਪ੍ਰੀਤ, ਸੁਖਜਿੰਦਰ, ਤੇ ਡਾ. ਦੀਪਿਕਾ ਧੀਰ ਵੱਲੋਂ ਕੀਤਾ ਗਿਆ। ਡਾ. ਸੇਵਕ ਨੇ ਵੀ ਕੁਝ ਗ਼ਜ਼ਲਾਂ ਪੜ੍ਹ ਕੇ ਸੁਣਾਈਆਂ। ਇਸ ਤੋਂ ਬਾਅਦ ਗ਼ਜ਼ਲ ਸੰਗ੍ਰਹਿ ਦਾ ਬਾਕਾਇਦਾ ਲੋਕ-ਅਰਪਣ ਹੋਇਆ।
ਇਸ ਮੌਕੇ 'ਤੇ ਬੋਲਦਿਆਂ ਡਾ. ਚਰਨਕੰਵਲ ਸਿੰਘ ਨੇ ਸ੍ਰੋਤਿਆਂ ਦਾ ਸੁਆਗਤ ਕੀਤਾ ਅਤੇ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਦੀਆਂ ਸਰਗਰਮੀਆਂ 'ਤੇ ਚਾਨਣਾ ਪਾਇਆ। ਡਾ. ਗੁਲਜ਼ਾਰ ਸਿੰਘ ਪੰਧੇਰ ਤੇ ਡਾ. ਨਰੇਸ਼ ਨੇ ਇਸ ਸੰਗ੍ਰਹਿ ਵਿਚਲੀਆ ਗ਼ਜ਼ਲਾਂ ਦਾ ਕਲਾ ਪੱਖ ਤੇ ਰੂਪਕ ਪੱਖ ਤੋਂ ਸੁਚੱਜਾ ਵਿਸ਼ਲੇਸ਼ਣ ਕੀਤਾ। ਡਾ. ਸੁਰਜੀਤ ਪਾਤਰ ਨੇ ਇਸ ਗ਼ਜ਼ਲ ਸੰਗ੍ਰਹਿ ਦਾ ਭਰਪੂਰ ਸੁਆਗਤ ਕੀਤਾ ਅਤੇ ਇਸ ਨੂੰ ਦੋਵਾਂ ਪੰਜਾਬਾਂ ਦੀ ਨੇੜਤਾ ਦਾ ਸਾਹਿੱਤਕ ਪ੍ਰਤੀਕ ਦੱਸਿਆ। ਪ੍ਰੋਗਰਾਮ ਦਾ ਸੰਚਾਲਨ ਵਿਸ਼ਾਲ ਨੇ ਬੜੇ ਸ਼ਾਇਰਾਨਾ ਢੰਗ ਨਾਲ ਕੀਤਾ ਅਤੇ ਸੰਗ੍ਰਹਿ ਵਿਚਲੀਆਂ ਗ਼ਜ਼ਲਾਂ ਦੀ ਸ਼ਲਾਘਾ ਕੀਤੀ। ਅੰਤ ਵਿਚ ਡਾ. ਸ.ਨ. ਸੇਵਕ ਨੇ ਸਾਰੇ ਸਾਹਿੱਤਕਾਰਾਂ ਤੇ ਸ੍ਰੋਤਿਆਂ ਦਾ ਧੰਨਵਾਦ ਕੀਤਾ।
ਇਸ ਪ੍ਰੋਗਰਾਮ ਵਿਚ ਕੇ. ਦੀਪ, ਸਰਦਾਰ ਪੰਛੀ, ਡਾ. ਵਿਕਰਮਜੀਤ ਸਿੰਘ, ਮਲਕੀਤ ਸਿੰਘ ਔਲਖ, ਕੈਨੇਡਾ ਤੋਂ ਰਵਿੰਦਰ ਜੱਸਲ ਤੇ ਜਸਮਿੰਦਰ ਸਿੰਘ ਘੁਮਾਨ, ਮਨਜੀਤ ਸਿੰਘ ਮਹਿਰਮ, ਰਘਬੀਰ ਸੰਧੂ, ਗੁਰਦੀਪ ਸਿੰਘ ਸਿੱਬਲ, ਪਵਿੱਤਰ ਸਿੰਘ ਸੰਧੂ, ਦੀਪ ਜਗਦੀਪ ਸਿੰਘ, ਅਵਤਾਰਜੀਤ, ਤ੍ਰਿਲੋਚਨ, ਭੁਪਿੰਦਰ ਅਤੇ ਹੋਰ ਕਈ ਸਾਹਿੱਤਕਾਰ ਤੇ ਗ਼ਜ਼ਲ ਪ੍ਰੇਮੀ ਸ਼ਾਮਿਲ ਹੋਏ।