ਅਸ਼ੋਕ ਵਰਮਾ
ਬਠਿੰਡਾ, 3 ਜੂਨ 2020 - ਪੰਜਾਬੀ ਸਾਹਿਤ ਸਭਾ (ਰਜਿ.) ਬਠਿੰਡਾ ਦੇ ਪ੍ਰਧਾਨ ਸੁਰਿੰਦਰਪ੍ਰੀਤ ਘਣੀਆ, ਜਨਰਲ ਸਕੱਤਰ ਭੁਪਿੰਦਰ ਸੰਧੂ ਬਠਿੰਡਾ ਅਤੇ ਸੀਨੀਅਰ ਮੀਤ ਪ੍ਰਧਾਨ ਸੁਖਦਰਸ਼ਨ ਗਰਗ ਨੇ ਪ੍ਰੈੱਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਹਮਦਰਦਵੀਰ ਨੌਸ਼ਹਿਰਵੀ ਦੇ ਸਦੀਵੀ ਵਿਛੋੜੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਅਚਾਨਕ ਵਿਛੋੜੇ ਨਾਲ ਸਾਹਿਤਕ ਅੰਬਰ ਤੇ ਚਮਕਦਾ ਇਕ ਸਿਤਾਰਾ ਅਲੋਪ ਹੋ ਗਿਆ ਹੈ। ਜਿਸ ਸਦਕਾ ਸਾਹਿਤਕ ਜਗਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਹਮਦਰਦਵੀਰ ਨੌਸ਼ਹਿਰਵੀ ਇਨਕਲਾਬੀ ਨਾਟਕਕਾਰ ਗੁਰਸ਼ਰਨ ਸਿੰਘ ਜੀ ਦੇ ਸਾਹਿਤਕ ਸੰਗੀ ਸਾਥੀ ਰਹੇ ਹਨ ਅਤੇ ਪਲਸ ਮੰਚ ਦੇ ਸੰਵਿਧਾਨ ਤੇ ਐਲਾਨਨਾਮੇ ਨੂੰ ਡਰਾਫਟ ਕਰਨ ਵਿੱਚ ਉਨਾਂ ਦੀ ਅਹਿਮ ਭੂਮਿਕਾ ਹੈ।
ਉਨ੍ਹਾਂ ਕਿਹਾ ਕਿ ਹਮਦਰਦਵੀਰ ਨੌਸ਼ਹਿਰਵੀ ਨੇ ਪੰਜਾਬੀ ਸਾਹਿਤ ਜਗਤ ਦੀ ਝੋਲੀ ਵਿੱਚ ‘ਫੇਰ ਆਈ ਬਾਬਰਬਾਣੀ’, ਡਾਚੀ ਵਾਲਿਆ ਮੋੜ ਮੁਹਾਰ, ਕਾਲੇ ਲਿਖ ਨਾ ਲੇਖ, ਬਰਫ ਦੇ ਆਦਮੀ ਤੇ ਸੂਰਜ, ਤੁਰਾਂ ਮੈਂ ਨਦੀ ਦੇ ਨਾਲ ਨਾਲ ਆਦਿ ਕਿਤਾਬਾਂ ਪਾਈਆਂ ਹਨ। ਪੰਜਾਬੀ ਸਾਹਿਤ ਸਭਾ ਬਠਿੰਡਾ ਵੱਲੋਂ ਮੀਤ ਪ੍ਰਧਾਨ ਸ੍ਰੀਮਤੀ ਅਮਰਜੀਤ ਕੌਰ ਹਰੜ, ਵਿੱਤ ਸਕੱਤਰ ਦਵੀ ਸਿੱਧੂ, ਸਕੱਤਰ ਡਾ. ਜਸਪਾਲਜੀਤ, ਸਰਪ੍ਰਸਤ ਡਾ. ਅਜੀਤਪਾਲ ਸਿੰਘ, ਸਲਾਹਕਾਰ ਅਮਰਜੀਤ ਪੇਂਟਰ ਤੇ ਪਿ੍ਰੰਸੀਪਲ ਜਗਮੇਲ ਜਠੌਲ ਅਤੇ ਮੈਬਰ ਗੁਰਸੇਵਕ ਚੁੱਘੇਖੁਰਦ, ਹਰਜੀਤ ਕਮਲ ਗਿੱਲ, ਇਨਕਲਾਬੀ ਗਾਇਕ ਅੰਮਿ੍ਰਤਪਾਲ ਬੰਗੇ, ਰਾਜਦੀਪ ਕੌਰ ਸਿੱਧੂ, ਫਿਲਮਕਾਰਾ ਸੁਖਵੀਰ ਕੌਰ ਸਰਾਂ, ਗੀਤਕਾਰ ਮਨਪ੍ਰੀਤ ਟਿਵਾਣਾ, ਅਲੋਚਕ ਗੁਰਦੇਵ ਖੋਖਰ. ਆਦਿ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਹਨਾਂ ਦੀ ਵੱਡਮੁੱਲੀ ਸਾਹਿਤਕ ਦੇਣ ਨੂੰ ਸਿਜਦਾ ਕੀਤਾ ਹੈ।