ਚੰਡੀਗੜ੍ਹ, 13 ਦਸੰਬਰ 2020 - ਮਾਲਵਾ ਸਾਹਿਤ ਸਭਾ ਰਜਿ ਬਰਨਾਲਾ ਵੱਲੋਂ ਸਥਾਨਕ ਪੰਜਾਬ ਆਈਟੀਆਈ ਵਿਖੇ ਪੰਜਾਬੀ ਕਵੀ ਰਾਮ ਸਰੂਪ ਸ਼ਰਮਾ ਦੀਆਂ ਪੁਸਤਕਾਂ ਠੰਢੀ ਧਰਤੀ ਨਿੱਘੇ ਲੋਕ( ਇੰਗਲੈਂਡ ਦਾ ਸਫ਼ਰਨਾਮਾ )ਅਤੇ ਰਮਤੇ ਜੋਗੀ ਵਹਿੰਦੇ ਪਾਣੀ (ਭਾਰਤ ਦੀ ਸੈਰ )ਦਾ ਲੋਕ ਅਰਪਣ ਕੀਤਾ ਗਿਆ। ਪੁਸਤਕਾਂ ਉੱਤੇ ਵਿਚਾਰ ਪੇਸ਼ ਕਰਦਿਆਂ ਡਾ ਸੁਰਿੰਦਰ ਭੱਠਲ ਨੇ ਕਿਹਾ ਕਿ ਰਾਮ ਸਰੂਪ ਸ਼ਰਮਾ ਨੇ ਇੰਗਲੈਂਡ ਦੇ ਸਫ਼ਰਨਾਮੇ ਵਿੱਚ ਸਿਰਫ਼ ਦ੍ਰਿਸ਼ ਵਰਣਨ ਹੀ ਨਹੀਂ ਕਿਤਾ ਅਤੇ ਨਾ ਹੀ ਨਿਰੋਲ ਤੱਥ ਪੇਸ਼ ਕੀਤੇ ਹਨ ਸਗੋਂ ਉਥੋਂ ਦੇ ਕਾਨੂੰਨ ਰਾਜਨੀਤੀ ਪੁਲਿਸ ਪ੍ਰਬੰਧ ਸਫ਼ਾਈ ਅਤੇ ਵਿੱਦਿਆ ਸਿਸਟਮ ਨੂੰ ਨੀਝ ਲਾ ਕੇ ਪੇਸ਼ ਕੀਤਾ ਹੈ ਬਲੌਰੀ ਸਮੁੰਦਰ ਚ ਘਿਰੀ ਖ਼ੂਬਸੂਰਤ ਪ੍ਰਾਕਿਰਤਕ ਠੰਢੀ ਧਰਤੀ ਇੰਗਲੈਂਡ ਚ ਵਸਦੇ ਨਿੱਘੇ ਪੰਜਾਬੀਆਂ ਦੀ ਲਗਨ ਮਿਹਨਤ ਦ੍ਰਿੜ੍ਹਤਾ ਅਤੇ ਸਿਦਕਦਿਲੀ ਨੂੰ ਬਿਆਨ ਕਰਦਾ ਲੇਖਕ ਉਨ੍ਹਾਂ ਨੂੰ ਮਿਲੇ ਰੁਤਬਿਆਂ ਉੱਤੇ ਮਾਣ ਵੀ ਕਰਦਾ ਹੈ।
ਸਭਾ ਦੇ ਪ੍ਰਧਾਨ ਡਾ ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਰਾਮ ਸਰੂਪ ਸ਼ਰਮਾ ਨੇ ਆਪਣੇ ਸਫ਼ਰਨਾਮਿਆਂ ਨੂੰ ਜਿਸ ਸ਼ਾਇਰਾਨਾ ਅੰਦਾਜ਼ ਵਿੱਚ ਬਿਆਨਿਆ ਹੈ ਉਹ ਬਾਕਮਾਲ ਹੈ ਅਤੇ ਪੁਸਤਕਾਂ ਨੂੰ ਪੜ੍ਹਦਿਆਂ ਕਿਧਰੇ ਵੀ ਅਕਾਊਪਣ ਮਹਿਸੂਸ ਨਹੀਂ ਹੁੰਦਾ। ਕੰਵਰਜੀਤ ਭੱਠਲ ਨੇ ਕਿਹਾ ਕਿ ਰਾਮ ਸਰੂਪ ਸ਼ਰਮਾ ਨੇ ਆਪਣੇ ਸਫ਼ਰਨਾਮਿਆਂ ਰਾਹੀਂ ਉਥੋਂ ਦੇ ਲੋਕਾਂ ਦੇ ਸੁਭਾਅ ਸੱਭਿਆਚਾਰ ਅਤੇ ਭੂਗੋਲਿਕ ਸਥਿਤੀ ਦੀ ਭਰਪੂਰ ਜਾਣਕਾਰੀ ਪੇਸ਼ ਕੀਤੀ ਹੈ।
ਇਨ੍ਹਾਂ ਤੋਂ ਇਲਾਵਾ ਡਾ ਜੋਗਿੰਦਰ ਸਿੰਘ ਨਿਰਾਲਾ ਡਾ ਭੁਪਿੰਦਰ ਸਿੰਘ ਬੇਦੀ ਜੁਗਰਾਜ ਧੌਲਾ ਡਾ ਤੇਜਾ ਸਿੰਘ ਤਿਲਕ ਦਰਸ਼ਨ ਸਿੰਘ ਗੁਰੂ ਹਾਕਮ ਸਿੰਘ ਰੂਡ਼ੇਕੇ ਡਾ ਅਮਨਦੀਪ ਸਿੰਘ ਟੱਲੇਵਾਲੀਆ ਅਤੇ ਡਾ ਹਰਪ੍ਰੀਤ ਕੌਰ ਰੂਬੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ।ਉਪਰੰਤ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਰਵਾਏ ਗਏ ਕਵੀ ਦਰਬਾਰ ਵਿੱਚ ਮੇਜਰ ਸਿੰਘ ਰਾਜਗਡ਼੍ਹ ਦਲਬਾਰ ਸਿੰਘ ਧਨੌਲਾ ਰਘਵੀਰ ਸਿੰਘ ਗਿੱਲ ਮੇਜਰ ਸਿੰਘ ਸਹੌਰ ਐੱਸਪੀ ਕਾਲੇਕੇ ਰਜਨੀਸ਼ ਕੌਰ ਬਬਲੀ ਜਗਜੀਤ ਕੌਰ ਢਿੱਲਵਾਂ ਸੁਖਵਿੰਦਰ ਸਿੰਘ ਆਜ਼ਾਦ ਜੋਤੀ ਸ਼ਰਮਾ ਜੁਗਰਾਜ ਸ਼ਰਮਾ ਰਾਏਸਰ ਜਗਤਾਰ ਬੈਂਸ ਰਾਮ ਸਿੰਘ ਹਠੂਰ ਰਾਮ ਸਿੰਘ ਬੀਹਲਾ ਮਹਿੰਦਰ ਸਿੰਘ ਰਾਹੀ ਨੇ ਆਪਣੀਆਂ ਕਵਿਤਾਵਾਂ ਅਤੇ ਗੀਤ ਪੇਸ਼ ਕਰਕੇ ਕਿਸਾਨੀ ਸੰਘਰਸ਼ ਨੂੰ ਆਪਣੀ ਹਮਾਇਤ ਦਿੱਤੀ।