ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਵੱਲੋਂ ਕਰਵਾਇਆ ਗਿਆ ‘ਸਾਵਣ ਕਵੀ ਦਰਬਾਰ’
ਹਰੀਸ਼ ਮੋਂਗਾ
ਫਿਰੋਜ਼ਪੁਰ 8 ਅਗਸਤ, 2022: ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਤਹਿਤ ਸਕੱਤਰ, ਉੱਚੇਰੀ ਸਿੱਖਿਆ ਤੇ ਭਾਸ਼ਾਵਾਂ ਅਤੇ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਦੇ ਆਦੇਸ਼ਾਂ ਤਹਿਤ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਿਰੋਜ਼ਪੁਰ ਵੱਲੋਂ ਡਾ. ਜਗਦੀਪ ਸੰਧੂ, ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਿਰੋਜ਼ਪੁਰ ਦੀ ਅਗਵਾਈ ਵਿੱਚ ਬਾਗਵਾਨ ਨੇੜੇ ਬਲਾਂਈਨਡ ਹੋਮ ਫ਼ਿਰੋਜ਼ਪੁਰ ਸ਼ਹਿਰ ਵਿਖੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਕਵੀਆਂ ਦਾ 'ਸਾਵਣ ਕਵੀ ਦਰਬਾਰ' ਕਰਵਾਇਆ ਗਿਆ|
ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਦੀ ਧੁਨੀ ‘ਧਨੁ ਲਿਖਾਰੀ ਨਾਨਕਾ’ ਨਾਲ ਹੋਈ| ਇਸ ਤੋਂ ਬਾਅਦ ਜ਼ਿਲ੍ਹਾ ਭਾਸ਼ਾ ਅਫ਼ਸਰ ਵੱਲੋਂ ਆਏ ਹੋਏ ਮਹਿਮਾਨਾਂ, ਕਵੀਆਂ ਅਤੇ ਸੀਨੀਅਰ ਸਿਟੀਜ਼ਨ ਕੌਂਸਲ ਦੇ ਮੈਂਬਰਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਇਸ ਕਵੀ ਦਰਬਾਰ ਵਿੱਚ ਸਮੁੱਚੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸਥਾਪਿਤ ਅਤੇ ਨਵੀਆਂ ਪੁੰਗਰਦੀਆਂ ਕਲਮਾਂ ਨੂੰ ਸਾਂਝੇ ਤੌਰ 'ਤੇ ਸੱਦਾ ਦਿੱਤਾ ਗਿਆ ਤਾਂ ਜੋ ਸਾਰੇ ਕਵੀ ਇੱਕ ਸੰਵਾਦ ਪ੍ਰਕਿਰਿਆ ਵਿੱਚ ਪੈ ਕੇ ਇੱਕ-ਦੂਜੇ ਦੀ ਕਾਵਿ-ਕਲਾ ਦਾ ਆਨੰਦ ਮਾਨ ਸਕਣ| ਸਮਾਗਮ ਵਿੱਚ ਸ੍ਰੀ ਪੀ.ਡੀ. ਸ਼ਰਮਾ (ਪ੍ਰਧਾਨ, ਸੀਨੀਅਰ ਸਿਟੀਜਨ ਕੌਂਸਲ) ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ| ਸਮਾਗਮ ਦੀ ਪ੍ਰਧਾਨਗੀ ਕਰ ਰਹੇ ਉੱਘੇ ਸ਼ਾਇਰ ਵਿਜੇ ਵਿਵੇਕ ਨੇ ਕਿਹਾ ਕਿ ਸਾਰੇ ਕਵੀਆਂ ਨੇ ਹੀ ਆਪਣੀ ਸਮਰੱਥਾ ਅਨੁਸਾਰ ਵਧੀਆ ਕਵਿਤਾਵਾਂ ਪੇਸ਼ ਕੀਤੀਆਂ ਅਤੇ ਉਹਨਾਂ ਨੇ ਭਾਸ਼ਾ ਵਿਭਾਗ ਦੁਆਰਾ ਕਰਵਾਏ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਣ ਜ਼ਿਲ੍ਹਾ ਭਾਸ਼ਾ ਦਫ਼ਤਰਾਂ ਨੂੰ ਖ਼ੂਬਸੂਰਤ ਬਣਾਇਆ ਜਾ ਰਿਹਾ ਹੈ ਅਤੇ ਲੋੜ ਹੈ ਕਿ ਇਹਨਾਂ ਨੂੰ ਹੋਰ ਖ਼ੂਬਸੂਰਤ ਬਣਾਉਣ ਲਈ ਫੰਡ ਮੁਹੱਈਆ ਕਰਾਏ ਜਾਣ|
ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਉੱਘੇ ਸ਼ਾਇਰ ਅਤੇ ਰੰਗ-ਕਰਮੀ ਪ੍ਰਿੰ: ਕੁਮਾਰ ਜਗਦੇਵ ਸਿੰਘ ਬਰਾੜ ਨੇ ਕਿਹਾ ਕਿ ਇਹ ਪਹਿਲਾ ਮੌਕਾ ਹੈ ਜਦੋਂ ਮੈਂ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਕਿਸੇ ਸਾਹਿਤਕ ਸਮਾਗਮ ਵਿੱਚ ਸ਼ਮੂਲੀਅਤ ਕਰ ਰਿਹਾ ਹਾਂ ਅਤੇ ਮੈਂ ਜਿੱਥੇ ਨਵੇਂ ਕਵੀਆਂ ਦੀਆਂ ਰਚਨਾਵਾਂ ਸੁਣੀਆਂ ਉੱਥੇ ਆਪਣੇ ਤੋਂ ਵੱਡੇ ਕੱਦ ਵਾਲੇ ਕਵੀਆਂ ਨੂੰ ਸੁਣਕੇ ਮਾਣ ਮਹਿਸੂਸ ਕਰ ਰਿਹਾ ਹਾਂ ਅਤੇ ਉਹਨਾਂ ਨੇ ਇਸ ਸਫ਼ਲ ਕਵੀ-ਦਰਬਾਰ ਲਈ ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਨੂੰ ਵਧਾਈ ਦਿੱਤੀ|
ਇਸ ਮੌਕੇ 'ਤੇ ਪ੍ਰੋ. ਜਸਪਾਲ ਘਈ, ਗੁਰਤੇਜ ਕੋਹਾਰਵਾਲਾ, ਹਰਮੀਤ ਵਿਦਿਆਰਥੀ, ਸੁਖਜਿੰਦਰ, ਕੁਲਦੀਪ ਜਲਾਲਾਬਾਦ, ਪ੍ਰੀਤ ਜੱਗੀ, ਡਾ. ਸਤੀਸ਼ ਠੁਕਰਾਲ ਸੋਨੀ, ਮੀਨਾ ਮਹਿਰੋਕ, ਸੁਖਚਰਨ ਸਿੱਧੂ, ਅਨਿਲ ਧੀਮਾਨ, ਹਰੀਸ਼ ਗਰੋਵਰ, ਗੁਰਮੀਤ ਜੱਜ, ਮਨਜੀਤ ਕੌਰ ਆਜ਼ਾਦ, ਅਮਰਜੀਤ ਸਨ੍ਹੇਰਵੀ, ਰਜਨੀ ਜੱਗਾ, ਬਲਵਿੰਦਰ ਪਨੇਸਰ, ਸੁਖਦੇਵ ਭੱਟੀ, ਪ੍ਰਮੋਦ ਕਾਫ਼ਿਰ, ਅਸ਼ੋਕ ਆਰਜ਼ੂ, ਜਸਵਿੰਦਰ ਕੌਰ, ਹੀਰਾ ਸਿੰਘ ਤੂਤ ਅਤੇ ਜਸਵਿੰਦਰ ਸੰਧੂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ| ਸਮਾਗਮ ਦੇ ਅੰਤ 'ਤੇ ਖੋਜ ਅਫ਼ਸਰ ਦਲਜੀਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਇਸੇ ਪ੍ਰਕਾਰ ਸਹਿਯੋਗ ਦਿੰਦੇ ਰਹਿਣ ਲਈ ਅਪੀਲ ਕੀਤੀ| ਮੰਚ ਸੰਚਾਲਣ ਸੁਖਜਿੰਦਰ ਦੁਆਰਾ ਸੰਜੀਦਗੀ ਅਤੇ ਕਾਵਿਕ ਅੰਦਾਜ਼ ਵਿੱਚ ਕੀਤਾ ਗਿਆ| ਇਸ ਮੌਕੇ 'ਤੇ ਉੱਘੇ ਕਲਾਕਾਰ ਗੁਰਨਾਮ ਸਿੰਘ ਗਾਮਾ ਸਿੱਧੂ, ਜਗਤਾਰ ਸਿੰਘ ਸੋਖੀ, ਸ੍ਰੀਮਤੀ ਸੀਮਾ, ਸੀਨੀਅਰ ਸਹਾਇਕ ਰਮਨ ਕੁਮਾਰ, ਰਵੀ ਕੁਮਾਰ ਅਤੇ ਦੀਪਕ ਕੁਮਾਰ ਤੋਂ ਇਲਾਵਾ ਸੀਨੀਅਰ ਸਿਟੀਜਨ ਕੌਂਸਲ ਦੇ ਮੈਂਬਰ ਹਾਜ਼ਰ ਸਨ|