ਸੁਰਿੰਦਰਪ੍ਰੀਤ ਘਣੀਆ ਦਾ ਦੂਸਰਾ ਗ਼ਜ਼ਲ ਸੰਗ੍ਰਹਿ ‘ਟੂੰਮਾਂ’ ਲੋਕ ਅਰਪਣ
ਅਸ਼ੋਕ ਵਰਮਾ
ਬਠਿੰਡਾ,26 ਦਸੰਬਰ2021: ਪੀਪਲਜ਼ ਫੋਰਮ ਬਰਗਾੜੀ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਦੀ ਅਗਵਾਈ ਹੇਠ ਟੀਚਰਜ਼ ਹੋਮ ’ਚ ਕਰਵਾਏ ਜਾ ਰਹੇ ਪੀਪਲਜ਼ ਲਿਟਰੇਰੀ ਫੈਸਟੀਵਲ ਦੇ ਉਦਘਾਟਨੀ ਸਮਾਗਮ ਦੌਰਾਨ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਅਤੇ ਗ਼ਜ਼ਲਗੋ ਸੁਰਿੰਦਰਪ੍ਰੀਤ ਘਣੀਆਂ ਦਾ ਦੂਸਰਾ ਗਜ਼ਲ ਸੰਗ੍ਰਹਿ ‘ਟੂਮਾਂ’ ਲੋਕ ਅਰਪਣ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਸੁਰਜੀਤ ਪਾਤਰ, ਮੁੱਖ ਮਹਿਮਾਨ ਸੀਨੀਅਰ ਆਈ ਏ ਐਸ ਅਫਸਰ ਕਾਹਨ ਸਿੰਘ ਪੰਨੂੰ, ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਉੱਘੇ ਅਰਥ ਸ਼ਾਸਤਰੀ ਡਾ. ਦਵਿੰਦਰ ਕੁਮਾਰ ਸ਼ਰਮਾ ਅਤੇ ਫੋਰਮ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਨੇ ਇਹ ਰਸਮ ਅਦਾ ਕੀਤੀ ।
ਇਸ ਮੌਕੇ ਸਾਹਿਤ ਸਿਰਜਣਾ ਮੰਚ (ਰਜਿ) ਬਠਿੰਡਾ ਦੇ ਸਲਾਹਕਾਰ ਜਗਮੇਲ ਸਿੰਘ ਜਠੌਲ, ਸਕੱਤਰ ਡਾ. ਜਸਪਾਲਜੀਤ, ਕਹਾਣੀਕਾਰ ਜਸਪਾਲ ਮਾਨਖੇੜਾ, ਸਾਹਿਤ ਚਿੰਤਕ ਰਾਜਪਾਲ ਸਿੰਘ ,ਆਲੋਚਕ ਗੁਰਦੇਵ ਖੋਖਰ,ਚਿੰਤਕ ਡਾ. ਸੁਮੇਲ ਸਿੰਘ ਸਿੱਧੂ , ਨੈਸ਼ਨਲ ਐਵਾਰਡੀ ਰਘਵੀਰ ਚੰਦ ਸ਼ਰਮਾ , ਡਾਕਟਰ ਅਜੀਤਪਾਲ ਸਿੰਘ , ਰਵਿੰਦਰ ਸੰਧੂ , ਸ਼੍ਰੋਮਣੀ ਕਹਾਣੀਕਾਰ ਅਤਰਜੀਤ, ਅਮਰਜੀਤ ਜੀਤ, ਗ਼ਜ਼ਲਗੋ ਰਣਵੀਰ ਰਾਣਾ , ਜਸਪਾਲ ਜੱਸੀ ਆਦਿ ਲੇਖਕਾਂ ਨੇ ਸੁਰਿੰਦਰਪ੍ਰੀਤ ਘਣੀਆ ਨੂੰ ਮੁਬਾਰਕਬਾਦ ਪੇਸ਼ ਕਰਦਿਆਂ ਗਜ਼ਲ ਸੰਗ੍ਰਹਿ ‘ਟੂਮਾਂ’ ਨੂੰ ਇੱਕ ਪੜ੍ਹਨਯੋਗ ਕਿਤਾਬ ਦੱਸਿਆ। ਪੁਸਤਕ ਦੀ ਪ੍ਰਕਾਸ਼ਕਾ ਪ੍ਰੀਤੀ ਸ਼ੈਲੀ ਦਾ ਕਹਿਣਾ ਹੈ ਕਿ ਪਾਠਕਾਂ ਵੱਲੋਂ ਪੁਸਤਕ ਨੂੰ ਪਹਿਲੇ ਦਿਨ ਭਰਵਾਂ ਹੁੰਗਾਰਾ ਮਿਲਿਆ ਹੈ।