ਪਟਿਆਲਾ 06 ਅਪ੍ਰੈਲ 2019 (ਜੀ ਐੱਸ ਪੰਨੂ) : ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵੱਲੋਂ ਸਾਬਕਾ ਐਡੀਸ਼ਨਲ ਕਮਿਸ਼ਨਰ, ਐਕਸਾਈਜ਼ ਐਂਡ ਟੈਕਸੇਸ਼ਨ ਕੈਪਟਨ ਅਮਰਜੀਤ ਸਿੰਘ ਕਾਲੇਕਾ ਦੀ ਸਵੈ ਜੀਵਨੀ 'ਓੜਕਿ ਨਿਬਹੀ ਪ੍ਰੀਤਿ' ਦਾ ਰਿਲੀਜ਼ ਸਮਾਗਮ ਕਰਵਾਇਆ ਗਿਆ। ਵਖ ਵਖ ਵਿਦਵਾਨਾਂ ਵੱਲੋਂ ਇਸ ਪੁਸਤਕ ਸੰਬੰਧੀ ਪ੍ਰਗਟਾਏ ਵਿਚਾਰਾਂ ਦੌਰਾਨ ਕਿਹਾ ਗਿਆ ਕਿ ਇਸ ਪੁਸਤਕ ਵਿਚ ਇਕ ਫੌਜੀ ਅਫਸਰ, ਕਾਲਜ ਪ੍ਰੋਫੈਸਰ, ਪ੍ਰਸ਼ਾਸਨਿਕ ਅਧਿਕਾਰੀ, ਸਫਲ ਕਿਸਾਨ ਆਦਿ ਵਖ ਵਖ ਖੇਤਰਾਂ ਨਾਲ ਸੰਬੰਧਤ ਰਹੇ ਸ਼੍ਰੀ ਅਮਰਜੀਤ ਸਿੰਘ ਕਾਲੇਕਾ ਦੇ ਵਿਲੱਖਣ ਅਨੁਭਵਾਂ ਦਾ ਸੰਗ੍ਰਹਿ ਹੈ। ਇਸ ਮੌਕੇ ਚੀਫ਼ ਪ੍ਰਿੰਸੀਪਲ ਸਕੱਤਰ, ਮੁੱਖ ਮੰਤਰੀ ਪੰਜਾਬ ਸ਼੍ਰੀ ਸੁਰੇਸ਼ ਕੁਮਾਰ ਮੁੱਖ ਮਹਿਮਾਨ ਵਜੋਂ, ਆਈ. ਜੀ. ਪੁਲਿਸ ਪਟਿਆਲ਼ਾ ਰੇਂਜ ਸ਼੍ਰੀ ਏ. ਐੱਸ. ਰਾਏ ਅਤੇ ਅੰਮ੍ਰਿਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਸਿ਼ਵਦੁਲਾਰ ਸਿੰਘ ਢਿੱਲੋਂ ਵਿਸ਼ੇਸ ਮਹਿਮਾਨ ਵਜੋਂ ਪਹੁੰਚੇ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਵੱਲੋਂ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ ਗਈ।
ਇਸ ਮੌਕੇ ਬੋਲਦਿਆਂ ਸ੍ਰੀ ਸੁਰੇਸ਼ ਕੁਮਾਰ ਨੇ ਕਿਹਾ ਕਿ ਸ਼੍ਰੀ ਕਾਲੇਕਾ ਨੇ ਜਿਸ ਤਰ੍ਹਾਂ ਇਕ ਈਮਾਨਦਾਰ ਅਫਸਰ ਵਜੋਂ ਵਖ-ਵਖ ਅਹੁਦਿਆਂ ਤੇ ਆਪਣੀਆਂ ਸੇਵਾਵਾਂ ਨਿਭਾਈਆਂ ਹਨ ਉਸੇ ਤਰ੍ਹਾਂ ਈਮਾਨਦਾਰੀ ਨਾਲ ਉਨ੍ਹਾਂ ਨੇ ਆਪਣੀ ਪੁਸਤਕ ਵਿਚ ਲਿਖਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਰੌਚਿਕਤਾ ਨਾਲ ਇਹ ਕਿਤਾਬ ਪੜ੍ਹੀ ਹੈ ਜੋ ਕਿ ਸੱਚ ਦੀ ਹੂ-ਬ-ਹੂ ਪੇਸ਼ਕਾਰੀ ਕਰਦੀ ਹੈ। ਨਾਲ਼ ਹੀ ਉਨ੍ਹਾਂ ਕਿਹਾ ਕਿ ਜੇਕਰ ਹਰੇਕ ਅਫਸਰ ਅਤੇ ਕਰਮਚਾਰੀ ਆਪਣੇ ਹਿੱਸੇ ਦਾ ਕੰਮ ਈਮਾਨਦਾਰੀ ਨਾਲ ਕਰਨਾ ਸ਼ੁਰੂ ਕਰ ਦੇਵੇ ਤਾਂ ਸਾਡਾ ਦੇਸ਼ ਹੋਰ ਵੀ ਤਰੱਕੀ ਦੀਆਂ ਲੀਹਾਂ ਤੇ ਚੱਲ ਸਕਦਾ ਹੈ। ਉਨ੍ਹਾਂ ਕਿਹਾ ਕਿ ਪਰ ਇਹ ਅਫਸੋਸ ਦੀ ਗੱਲ ਹੈ ਕਿ ਹੁਣ ਬਹੁਤ ਸਾਰੇ ਲੋਕ ਅਜਿਹਾ ਨਹੀਂ ਕਰਦੇ। ਉਨ੍ਹਾ ਕਿਹਾ ਕਿ ਅਜੀਬ ਗੱਲ ਹੈ ਕਿ ਹੁਣ ਚਾਰੇ ਪਾਸੇ ਈਮਾਨਦਾਰੀ ਘਾਟ ਐਨੀ ਰੜਕ ਰਹੀ ਹੈ ਕਿ ਕਿਸੇ ਵੀ ਈਮਾਨਦਾਰ ਆਦਮੀ ਮਿਲਣ ਤੇ ਉਸ ਦੇ ਵਿਸ਼ੇਸ ਚਰਚੇ ਕਰਨੇ ਪੈਂਦੇ ਹਨ।
ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਕਿਹਾ ਕਿ ਜਿੱਥੇ ਸਾਨੂੰ ਥਿਊਰੀ ਤੋਂ ਗਿਆਨ ਪ੍ਰਾਪਤੀ ਹੁੰਦੀ ਹੈ, ਉੱਥੇ ਹੀ ਗਿਆਨ ਦਾ ਦੂਸਰਾ ਸ਼ਰੋਤ ਤਜ਼ਰਬੇ ਸਾਂਝੇ ਕਰਨਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਵੈ ਜੀਵਨੀ ਲਿਖਣਾ ਆਪਣੇ ਅਨੁਭਵਾਂ ਦੇ ਗਿਆਨ ਨੂੰ ਲੋਕਾਂ ਤਕ ਪਹੁੰਚਾਉਣ ਦਾ ਇਕ ਪ੍ਰਭਾਵਸ਼ਾਲੀ ਮਾਧਿਅਮ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸ਼੍ਰੀ ਕਾਲੇਕਾ ਦੇ ਇਹ ਅਨੁਭਵ ਨਿਰਸੰਦੇਹ ਹੋਰਨਾਂ ਲਈ ਪ੍ਰੇਰਣਾ ਸ਼ਰੋਤ ਬਣਨਗੇ।
ਸ਼੍ਰੀ ਏ. ਐੱਸ ਰਾਇ ਵੱਲੋਂ ਕਿਹਾ ਗਿਆ ਕਿ ਸ਼੍ਰੀ ਕਾਲੇਕਾ ਦੀ ਪੁਸਤਕ ਵਿਚੋਂ ਇਕ ਵਿਸ਼ੇਸ ਕਿਸਮ ਦੀ ਊਰਜਾ ਮਿਲਦੀ ਹੈ।
ਸ਼੍ਰੀ ਸਿ਼ਵਦੁਲਾਰ ਸਿੰਘ ਢਿੱਲੋਂ ਵੱਲੋਂ ਕਿਹਾ ਗਿਆ ਕਿ ਸ਼੍ਰੀ ਕਾਲੇਕਾ ਸਾਹਿਬ ਦੀ ਸ਼ਖਸੀਅਤ ਵਿਚਲਾ ਕੰਮ ਕਰਨ ਦਾ ਜਜ਼ਬਾ ਅਤੇ ਜੋਸ਼ ਅੱਜ ਵੀ ਕਾਇਮ ਹੈ। ਇਸੇ ਜੋਸ਼ ਵਿਚੋਂ ਹੀ ਇਕ ਪੁਸਤਕ ਨਿਕਲੀ ਹੈ।
ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਦੇ ਮੁਖੀ ਡਾ. ਗੁਰਮੀਤ ਸਿੰਘ ਸਿੱਧੂ ਵੱਲੋਂ ਕਿਹਾ ਗਿਆ ਕਿ ਜਿਸ ਤਰ੍ਹਾਂ ਸ਼੍ਰੀ ਕਾਲੇਕਾ ਖੁਦ ਇਕ ਸੂਖਮ ਬਿਰਤੀ ਦੇ ਇਨਸਾਨ ਹਨ, ਉਸੇ ਤਰ੍ਹਾਂ ਦੀ ਸੂਖਮਤਾ ਉਨ੍ਹਾਂ ਦੀ ਲਿਖਤ ਵਿਚੋਂ ਵੀ ਵੇਖਣ ਨੂੰ ਮਿਲਦੀ ਹੈ। ਇਸ ਪ੍ਰੋਗਰਾਮ ਦੇ ਕੋਆਰਡੀਨੇਟਰਾਂ ਵਿਚੋਂ ਇਕ ਸਾਬਕਾ ਰਜਿਸਟਰਾਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਡਾ. ਦਵਿੰਦਰ ਸਿੰਘ ਵੱਲੋਂ ਕਿਹਾ ਗਿਆ ਕਿ ਸ਼੍ਰੀ ਕਾਲੇਕਾ ਸਾਹਿਬ ਦੀ ਸ਼ਖਸੀਅਤ ਨੂੰ ਇਕ 'ਕਰਮਯੋਗੀ' ਕਹਿਣਾ ਉਨ੍ਹਾਂ ਨਾਲ ਪੂਰਾ ਨਿਆਂ ਹੋਵੇਗਾ।
ਇਸ ਤੋਂ ਇਲਾਵਾ ਡਾ. ਸਵਰਾਜ ਰਾਜ, ਸ਼੍ਰੀ ਹਰਨੇਕ ਸਿੰਘ, ਸ਼੍ਰੀ ਅਜੇਵੀਰ ਸਿੰਘ ਸਰਾਉ, ਸ਼੍ਰੀਮਤੀ ਸੁਰਿੰਦਰ ਰਿਆੜ ਵੱਲੋਂ ਵੀ ਆਪਣੇ ਵਿਚਾਰ ਪ੍ਰਗਟਾਏ ਗਏ। ਇਸ ਪ੍ਰੋਗਰਾਮ ਦਾ ਸੰਚਾਲਨ ਡਾ. ਐੱਸ. ਸੀ. ਸ਼ਰਮਾ ਵੱਲੋਂ ਕੀਤਾ ਗਿਆ ਅਤੇ ਅੰਤ ਵਿਚ ਸ਼੍ਰੀ ਬਾਲ ਕ੍ਰਿਸ਼ਨ ਸਿੰਗਲਾ ਵੱਲੋਂ ਸਭ ਦਾ ਰਸਮੀ ਤੌਰ ਤੇ ਧੰਨਵਾਦ ਕੀਤਾ ਗਿਆ।
ਸਾਬਕਾ ਡੀ. ਆਈ. ਜੀ. ਗੁਰਸ਼ਰਨਜੀਤ ਸਿੰਘ ਜੇਜੀ, ਸ਼੍ਰੀ ਗੁਰਤੇਜ਼ ਸਿੰਘ, ਐਡੀਸ਼ਨਲ ਈ.ਟੀ.ਸੀ. ਮੋਹਾਲੀ, ਡਾ. ਅਮ੍ਰਿਤਪਾਲ ਸਿੰਘ ਕਾਲੇਕਾ ਸਮੇਤ ਬਹੁਤ ਸਾਰੀਆਂ ਪ੍ਰਭਾਵੀ ਸ਼ਖਸੀਅਤਾਂ ਵੱਲੋਂ ਇਸ ਪ੍ਰੋਗਰਾਮ ਵਿਚ ਸਿ਼ਰਕਤ ਕੀਤੀ ਗਈ।