ਭਾਸ਼ਾ ਵਿਭਾਗ ਬਠਿੰਡਾ ਨੇ “ਤ੍ਰੈ-ਭਾਸ਼ੀ ਕਵੀ ਦਰਬਾਰ“ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 1 ਫਰਵਰੀ 2024: ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ, ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਦੀ ਸਰਪ੍ਰਸਤੀ ਅਤੇ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਸ਼੍ਰੀਮਤੀ ਹਰਪ੍ਰੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਭਾਸ਼ਾ ਵਿਭਾਗ ਪੰਜਾਬ ਵੱਲੋਂ “'ਤ੍ਰੈ-ਭਾਸ਼ੀ ਕਵੀ ਦਰਬਾਰ” ਸਥਾਨਕ ਸਰਕਾਰੀ ਰਜਿੰਦਰਾ ਕਾਲਜ ਦੇ ਆਡੀਟੋਰੀਅਮ ਵਿਖੇ ਕਰਵਾਇਆ ਗਿਆ। ਇਹ ਕਵੀ ਦਰਬਾਰ ਸਰਕਾਰੀ ਰਜਿੰਦਰਾ ਕਾਲਜ ਦੇ ਭਾਸ਼ਾ ਮੰਚ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਵਿੱਚ ਪੰਜਾਬੀ, ਹਿੰਦੀ ਅਤੇ ਉਰਦੂ ਭਾਸ਼ਾ ਦੇ ਨਾਮਵਰ ਕਵੀਆਂ ਨੇ ਭਾਗ ਲਿਆ।
ਮੁੱਖ ਮਹਿਮਾਨ ਵਜੋਂ ਵਧੀਕ ਡਿਪਟੀ ਕਮਿਸ਼ਨਰ ਮਿਸ ਪੂਨਮ ਸਿੰਘ ਨੇ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਸਥਾਪਤ ਸ਼ਾਇਰ ਅਤੇ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਦਰਸ਼ਨ ਬੁੱਟਰ ਨੇ ਕੀਤੀ। ਸਲਾਹਕਾਰ ਬੋਰਡ ਭਾਰਤੀ ਸਾਹਿਤ ਅਕਾਦਮੀ ਦਿੱਲੀ ਦੇ ਮੈਂਬਰ ਜਸਪਾਲ ਮਾਨਖੇੜਾ ਅਤੇ ਅਕਾਦਮਿਕ ਕੌਂਸਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮੈਂਬਰ ਰਿਸ਼ੀ ਹਿਰਦੇਪਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ।
ਵਧੀਕ ਡਿਪਟੀ ਕਮਿਸ਼ਨਰ ਮਿਸ ਪੂਨਮ ਸਿੰਘ ਨੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੂੰ ਕਵਿਤਾ ਵਿੱਚ ਹਮੇਸ਼ਾਂ ਹੀ ਦਿਲਚਸਪੀ ਰਹੀ ਹੈ, ਕਿਉਂਕਿ ਕਵਿਤਾ ਦਾ ਸਿੱਧਾ ਸਬੰਧ ਰੂਹ ਨਾਲ਼ ਹੁੰਦਾ ਹੈ। ਇਸ ਦੌਰਾਨ ਉਨ੍ਹਾਂ ਪਾਸ਼ ਅਤੇ ਸਾਹਿਰ ਦੀਆਂ ਕਵਿਤਾਵਾਂ 'ਚੋਂ ਕੁਝ ਸਤਰਾਂ ਬੋਲਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ।
ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਮੁੱਖ ਮਹਿਮਾਨ ਅਤੇ ਸਾਹਿਤ ਜਗਤ ਦੀਆਂ ਉੱਘੀਆਂ ਸ਼ਖ਼ਸੀਅਤਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਇਹਨਾਂ ਸਾਹਿਤਕ ਸਰਗਰਮੀਆਂ ਰਾਹੀਂ ਭਾਸ਼ਾ ਵਿਭਾਗ ਦਾ ਹਮੇਸ਼ਾਂ ਮਕਸਦ ਵਿਦਿਆਰਥੀਆਂ ਦੇ ਰੂ-ਬ-ਰੂ ਹੋਣਾ ਹੁੰਦਾ ਹੈ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਇਹਨਾਂ ਨਾਮਵਰ ਕਵੀਆਂ ਨੂੰ ਸੁਣ ਕੇ ਵਿਦਿਆਰਥੀ ਉੱਚ ਪੱਧਰ ਦੇ ਸਾਹਿਤ ਤੋਂ ਜਾਣੂ ਹੋਣਗੇ।
ਸਮਾਗਮ ਦੀ ਪ੍ਰਧਾਨਗੀ ਕਰ ਰਹੇ ਉੱਘੇ ਕਵੀ ਦਰਸ਼ਨ ਬੁੱਟਰ ਨੇ ਭਾਸ਼ਾ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੌਜੂਦਾ ਹਾਲਾਤ ਵਿੱਚ ਅਜਿਹੇ ਸਮਾਗਮ ਸਮੇਂ ਦੀ ਲੋੜ ਹਨ ਅਤੇ ਕਵੀਆਂ ਨੂੰ ਕਲਮਾਂ ਤਿੱਖੀਆਂ ਕਰਨ ਲਈ ਵੰਗਾਰਿਆ । ਉਨ੍ਹਾਂ ਨੇ ਆਪਣੀ ਕਵਿਤਾ ਰਾਹੀਂ 'ਕਵਿਤਾ' ਸ਼ਬਦ ਨੂੰ ਵੱਖ-ਵੱਖ ਸੰਦਰਭ ਵਿੱਚ ਬਹੁਤ ਖ਼ੂਬਸੂਰਤੀ ਨਾਲ਼ ਪੇਸ਼ ਕੀਤਾ।
ਹਾਜ਼ਰ ਕਵੀਆਂ ਨੇ ਅਜੋਕੇ ਸਮੇਂ ਦੇ ਹਾਣ ਦੀਆਂ ਕਵਿਤਾਵਾਂ ਸੁਣਾ ਕੇ ਇੰਝ ਸਮਾਂ ਬੰਨ੍ਹਿਆ ਕਿ ਸਰੋਤੇ ਉਸ ਵਿੱਚ ਮੁਗਧ ਹੋ ਗਏ। ਮੰਚ ਸੰਚਾਲਨ ਮਨਜੀਤ ਸੂਖ਼ਮ ਨੇ ਕੀਤਾ । ਇਸ ਮੌਕੇ ਭਾਸ਼ਾ ਵਿਭਾਗ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।
ਕਵੀ ਦਰਬਾਰ ਵਿੱਚ ਬਲਵਿੰਦਰ ਸੰਧੂ, ਤਰਸੇਮ, ਸੁਰਿੰਦਰਪ੍ਰੀਤ ਘਣੀਆ, ਸਵਤੰਤਰ ਦੇਵ ਆਰਿਫ਼, ਪਰਮਜੀਤ ਢਿੱਲੋਂ, ਮਨਜੀਤ ਸੂਖਮ, ਰਣਬੀਰ ਰਾਣਾ, ਜਨਕ ਰਾਜ ਜਨਕ, ਅਜਮੇਰ ਦੀਵਾਨਾ, ਜੈਨੇਂਦਰ ਚੌਹਾਨ, ਰਣਜੀਤ ਗੌਰਵ, ਮੰਗਤ ਕੁਲਜਿੰਦ, ਦਵੀ ਸਿੱਧੂ, ਅੰਮ੍ਰਿਤਪਾਲ ਕਲੇਰ, ਕੁਲਦੀਪ ਬੰਗੀ ਅਤੇ ਸਨੇਹ ਲਤਾ ਗੋਸਵਾਮੀ ਆਦਿ ਸਿਰਮੌਰ ਸ਼ਾਇਰਾਂ ਨੇ ਸ਼ਿਰਕਤ ਕੀਤੀ।
ਅੰਤ ਵਿੱਚ ਸਰਕਾਰੀ ਰਜਿੰਦਰਾ ਕਾਲਜ ਦੇ ਪ੍ਰਿੰਸੀਪਲ ਡਾ. ਜਯੋਤਸਨਾ ਸਿੰਗਲਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਖੋਜ ਅਫ਼ਸਰ ਨਵਪ੍ਰੀਤ ਸਿੰਘ, ਆਰ.ਪੀ.ਸੀ. ਕਾਲਜ ਬਹਿਮਣ ਦੀਵਾਨਾ ਦੇ ਪ੍ਰਿੰਸੀਪਲ ਸ਼੍ਰੀ ਜਸਵਿੰਦਰ ਸਿੰਘ, ਪ੍ਰੋਫੈਸਰ ਸੰਦੀਪ ਸਿੰਘ, ਆਲੋਚਕ ਗੁਰਦੇਵ ਖੋਖਰ, ਸ਼ਾਇਰ ਸੁਖਦਰਸ਼ਨ ਗਰਗ, ਸ਼ਾਇਰ ਸੇਵਕ ਸ਼ਮੀਰੀਆ, ਜ਼ਿਲ੍ਹਾ ਭਾਸ਼ਾ ਵਿਭਾਗ ਦਾ ਸਮੂਹ ਸਟਾਫ਼, ਆਲੋਚਕ ਰਾਜਪਾਲ ਸਿੰਘ ਤੋਂ ਇਲਾਵਾ ਕਾਲਜ ਦੇ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਵਿਭਾਗ ਦਾ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ ।