ਲੁਧਿਆਣਾ, 23 ਜੁਲਾਈ 2020 - ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ ਤੇ ਸਮੂਹ ਮੈਂਬਰਾਂ ਵੱਲੋਂ ਅਕਾਡਮੀ ਦੇ ਜੀਵਨ ਮੈਂਬਰ ਸ੍ਰੀ ਰਾਜ ਕੁਮਾਰ ਗਰਗ ਅਤੇ ਸ਼ਮਸ਼ੇਰ ਸਿੰਘ ਨਾਗਰਾ ਦੇ ਸਦੀਵੀ ਵਿਛੋੜੇ 'ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਅਤੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿਹਾ ਕਿ ਉੱਘੇ ਨਾਵਲਕਾਰ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਕਾਰਜਕਾਰੀ ਮੈਂਬਰ ਰਾਜ ਕੁਮਾਰ ਗਰਗ ਨੇ ਇਸੇ ਸਾਲ 15 ਜੁਲਾਈ ਨੂੰ 70ਵਾਂ ਜਨਮ ਦਿਨ ਮਨਾਉਣ ਤੇ ਆਪਣਾ ਨਵਾਂ ਨਾਵਲ ਚਾਨਣ ਦੀ ਉਡੀਕ ਵੀ ਉਨ੍ਹਾਂ ਲੋਕ ਅਰਪਨ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਸ ਨਾਵਲ ਤੋਂ ਪਹਿਲਾਂ ਰਾਜ ਕੁਮਾਰ ਗਰਗ 'ਜੱਟ ਦੀ ਜੂਨ, ਟਿੱਬਿਆਂ ਵਿੱਚ ਵਗਦਾ ਦਰਿਆ, ਪੌੜੀਆਂ, ਜਿਗਰਾ ਧਰਤੀ ਦਾ,ਆਪੇ ਅਰਜਨ ਆਪ ਸਾਰਥੀ, ਸੂਰਜ ਕਦੇ ਮਰਦਾ ਨਹੀਂ ਤੇ ਭਲਾਮਾਣਸ ਕੌਣ' ਨਾਵਲ ਲਿਖ ਚੁਕੇ ਸਨ। ਸੁਲਗਦੀ ਅੱਗ ਦਾ ਸੇਕ ਸ੍ਵੈ ਜੀਵਨੀ ਤੋਂ ਇਲਾਵਾ ਖੇਤੀਬਾੜੀ ਗਰੈਜੂਏਟ ਹੋਣ ਕਾਰਨ ਖੇਤੀਬਾੜੀ ਕਰਨ ਦੇ ਨਵੇਂ ਢੰਗ, ਜੈਵਿਕ ਖੇਤੀ ਤੇ ਜੀਵ ਵਿਗਿਆਨ, ਪੌਦ ਸੁਰੱਖਿਆ, ਜ਼ਹਿਰ ਮੁਕਤ ਖੇਤੀ, ਪ੍ਰਦੂਸ਼ਣ ਤੋਂ ਬਚਾਉ,ਖੇਤੀਬਾੜੀ ਸਮੱਸਿਆਵਾਂ ਤੇ ਉਨ੍ਹਾਂ ਦਾ ਹੱਲ ਤੋਂ ਇਲਾਵਾ ਖੇਤੀਬਾੜੀ ਸਬੰਧੀ ਸਹਾਇਕ ਧੰਦੇ ਕਿਤਾਬਾਂ ਲਿਖ ਚੁੱਕੇ ਸਨ।
ਉਨ੍ਹਾਂ ਦੇ ਨਾਵਲ ਹਿੰਦੀ ਤੇ ਅੰਗਰੇਜ਼ੀ ਚ ਵੀ ਅਨੁਵਾਦ ਹੋ ਕੇ ਛਪ ਚੁਕੇ ਹਨ। ਰਾਜ ਕੁਮਾਰ ਗਰਗ ਦੇ ਦੁਖਦਾਈ ਵਿਛੋੜੇ ਦੀ ਖ਼ਬਰ ਮਿਲਣ ਤੇ ਅਫ਼ਸੋਸ ਪ੍ਰਗਟ ਕਰਦਿਆਂ ਲੋਕ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਰਾਜ ਕੁਮਾਰ ਗਰਗ ਦਾ ਭੇਜਿਆ ਨਵਾਂ ਨਾਵਲ ਚਾਨਣ ਦੀ ਉਡੀਕ ਅਜੇ ਪਰਸੋਂ ਹੀ ਮੈਨੂੰ ਮਿਲਿਆ ਸੀ। ਉਹ ਬਰਨਾਲਾ ਦੀ ਸਾਹਿੱਤਕ ਲਹਿਰ ਦੇ ਲੰਮਾ ਸਮਾਂ ਕਾਰਕੁਨ ਰਹੇ।ਪ੍ਰਸਿੱਧ ਨਾਵਲਕਾਰ ਰਾਮ ਸਰੂਪ ਅਣਖੀ ਜੀ ਦੀ ਪ੍ਰੇਰਨਾ ਨਾਲ ਉਹ ਨਾਵਲ ਲਿਖਣ ਦੇ ਰਾਹ ਪਏ ਸਨ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵਿੱਚ ਵੀ ਉਨ੍ਹਾਂ ਦੀਆਂ ਸੇਵਾਵਾਂ ਮੁੱਲਵਾਨ ਸਨ। ਟੁੱਟ ਰਹੀ ਕਿਸਾਨੀ, ਖੇਤੀ ਉਪਜ ਵਣਜ ਵਪਾਰ ਦੀਆਂ ਸਮੱਸਿਆਵਾਂ ਬਾਰੇ ਲਿਖਣ ਵਾਲਾ ਗਰਗ ਚਿਰਾਂ ਤੀਕ ਯਾਦ ਰਹੇਗਾ।
ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਦਸਿਆ ਕਿ ਉੱਘੇ ਲੇਖਕ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜੀਵਨ ਮੈਂਬਰ ਤੇ ਕੌਮੀ ਪੁਰਸਕਾਰ ਵਿਜੇਤਾ ਸ: ਸ਼ਮਸ਼ੇਰ ਸਿੰਘ ਨਾਗਰਾ ਦਾ 87 ਸਾਲਾਂ ਦੇ ਸਨ। ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ (ਸਮਰਾਲਾ) ਵਿੱਚ ਹੀ ਉਨ੍ਹਾਂ ਸਾਰੀ ਉਮਰ ਪੜ੍ਹਾਇਆ ਤੇ ਇਸ ਸਕੂਲ ਨੂੰ ਅਨੇਕ ਵਾਰੀ ਸਰਵੋਤਮ ਪੁਰਸਕਾਰ ਦਿਵਾਇਆ। ਸ: ਨਾਗਰਾ ਸੁੰਦਰ ਲਿਖਾਈ ਦੇ ਸਰਬ ਪ੍ਰਵਾਨਤ ਮਾਹਿਰ ਸਨ। ਉਨ੍ਹਾਂ ਦੀ ਸੁੰਦਰ ਲਿਖਾਈ ਬਾਰੇ ਪੁਸਤਕ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪ੍ਰਕਾਸ਼ਿਤ ਕਰਕੇ ਪੰਜਾਬ ਦੇ ਸਾਰੇ ਸਕੂਲਾਂ ਨੂੰ ਵੰਡੀ। ਉਨ੍ਹਾਂ ਦਸਿਆ ਸ: ਨਾਗਰਾ ਨੂੰ 1966 ਵਿੱਚ ਪੰਜਾਬ ਰਾਜ ਦੇ ਸਰਵੋਤਮ ਅਧਿਆਪਕ ਦਾ ਪੁਰਸਕਾਰ ਮਿਲਿਆ ਜਦ ਕਿ 1981 ਚ ਉਨ੍ਹਾਂ ਨੂੰ ਕੌਮੀ ਅਧਿਆਪਕ ਪੁਰਸਕਾਰ ਨਾਲ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਜੀ ਨੇ ਸਨਮਾਨਿਤ ਕੀਤਾ ਸੀ।
ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਦਸਿਆ ਸ: ਨਾਗਰਾ ਨੇ ਬਾਲਗ ਸਿੱਖਿਆ ਲਈ ਵੀ ਪੰਜ ਪੁਸਤਕਾਂ ਲਿਖੀਆਂ ਅਤੇ ਬਾਲਗ ਸਿੱਖਿਆ ਖੇਤਰ ਚ ਨਿਸ਼ਕਾਮ ਕਾਰਜ ਮਰਦੇ ਦਮ ਤੀਕ ਕੀਤਾ। ਉਹ ਕਰਮਯੋਗੀ ਅਧਿਆਪਕ ਸਨ। ਪੰਜਾਬੀ ਸੱਥ ਵੱਲੋਂ ਸ: ਸ਼ਮਸ਼ੇਰ ਸਿੰਘ ਨਾਗਰਾ ਨੂੰ ਸ਼ਾਨਦਾਰ ਸਾਹਿੱਤ, ਸਭਿਆਚਾਰ ਤੇ ਸਮਾਜਿਕ ਸੇਵਾ ਦੇ ਖੇਤਰ ਵਿੱਚ ਸੇਵਾਵਾਂ ਬਦਲੇ 2014 ਵਿਖੇ ਸਾਲਾਨਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬੀ ਸਾਹਿੱਤ ਅਕਾਡਮੀ ਦੇ 2014 'ਚ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਉਨ੍ਹਾਂ ਦੇ ਨਾਗਰਾ ਪੁੱਜ ਕੇ ਸਨਮਾਨਿਤ ਕੀਤਾ। ਉਨ੍ਹਾਂ ਦਸਿਆ ਬਲਾਕ ਸਿੱਖਿਆ ਅਫ਼ਸਰ ਵਜੋਂ ਸੇਵਾਮੁਕਤ ਹੋਏ ਸ: ਸ਼ਮਸ਼ੇਰ ਸਿੰਘ ਨਾਗਰਾ ਪੂਰੇ ਪੰਜਾਬ ਦੇ ਅਧਿਆਪਕ ਵਰਗ ਲਈ ਚਾਨਣ ਮੁਨਾਰੇ ਸਨ।
ਪੰਜਾਬ ਖੇਤੀ ਯੂਨੀਵਰਸਿਟੀ ਦੇ ਸੇਵਾ ਮੁਕਤ ਆਰਕੀਟੈਕਟ ਸ: ਕਰਮਜੀਤ ਸਿੰਘ ਨਾਰੰਗਵਾਲ ਦੇ ਉਹ ਮਾਮਾ ਜੀ ਸਨ ਅਤੇ ਉਨ੍ਹਾਂ ਦੀ ਪ੍ਰੇਰਨਾ ਨਾਲ ਹੀ ਆਰਕੀਟੈਕਟ ਬਣੇ। ਅਫ਼ਸੋਸ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸੁਰਜੀਤ ਪਾਤਰ, ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਸੁਖਦੇਵ ਸਿੰਘ ਸਿਰਸਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪਕੁਲਪਤੀ ਡਾ. ਸ. ਪ. ਸਿੰਘ, ਸੁਰਿੰਦਰ ਕੈਲੇ, ਸਹਿਜਪ੍ਰੀਤ ਸਿੰਘ ਮਾਂਗਟ, ਡਾ. ਗੁਲਜ਼ਾਰ ਸਿੰਘ ਪੰਧੇਰ, ਮਨਜੀਤ ਕੌਰ ਅੰਬਾਲਵੀ, ਖੁਸ਼ਵੰਤ ਸਿੰਘ ਬਰਗਾੜੀ, ਭੁਪਿੰਦਰ ਸਿੰਘ ਸੰਧੂ, ਡਾ. ਗੁਰਇਕਬਾਲ ਸਿੰਘ, ਮਨਜਿੰਦਰ ਸਿੰਘ ਧਨੋਆ, ਡਾ. ਜਗਵਿੰਦਰ ਜੋਧਾ, ਤ੍ਰੈਲੋਚਨ ਲੋਚੀ, ਸ੍ਰੀ ਰਾਮ ਅਰਸ਼, ਭਗਵੰਤ ਰਸੂਲਪੁਰੀ, ਕਮਲਜੀਤ ਨੀਲੋਂ, ਜਸਵੀਰ ਝੱਜ, ਡਾ. ਸੁਦਰਸ਼ਨ ਗਾਸੋ, ਸੁਦਰਸ਼ਨ ਗਰਗ, ਤਰਸੇਮ, ਡਾ. ਸ਼ਰਨਜੀਤ ਕੌਰ, ਅਮਰਜੀਤ ਕੌਰ ਹਿਰਦੇ, ਸੁਰਿੰਦਰ ਨੀਰ, ਗੁਲਜ਼ਾਰ ਸਿੰਘ ਸ਼ੌਂਕੀ, ਪ੍ਰੇਮ ਸਾਹਿਲ, ਮੇਜਰ ਸਿੰਘ ਗਿੱਲ ਅਤੇ ਅਕਾਡਮੀ ਦੇ ਹੋਰ ਮੈਂਬਰ ਸ਼ਾਮਲ ਹਨ।