- ਗੁਰਬਾਣੀ ਦੇ ਨਜ਼ਰੀਏ ਵਾਲਾ ਸੰਸਾਰ ਲੋਚਦੇ ਸਨ ਸੁਰਜੀਤ ਹਾਂਸ : ਡਾ. ਸਵਰਾਜਬੀਰ
- ਇਕ ਭਾਸ਼ਾਈ ਸੰਸਾਰ ਤੋਂ ਦੂਸਰੇ ਭਾਸ਼ਾਈ ਸੰਸਾਰ ਵਿਚ ਲੈ ਜਾਂਦੇ ਸਨ ਹਾਂਸ ਆਪਣੇ ਅਨੁਵਾਦ ਰਾਹੀਂ : ਡਾ. ਯੋਗਰਾਜ
ਚੰਡੀਗੜ੍ਹ, 06 ਫਰਵਰੀ 2020 - ਨੈਸ਼ਨਲ ਬੁੱਕ ਟਰੱਸਟ ਭਾਰਤ ਵੱਲੋਂ ਲਗਾਏ ਗਏ ਕਿਤਾਬ ਮੇਲੇ ਦੇ 6ਵੇਂ ਦਿਨ ਡਾ. ਸੁਰਜੀਤ ਹਾਂਸ ਨੂੰ ਯਾਦ ਕਰਦਿਆਂ 'ਤੁਮ ਹੀ ਸੋ ਗਏ ਦਾਸਤਾਂ ਕਹਿਤੇ ਕਹਿਤੇ...' ਨਾਮ ਹੇਠ ਗੰਭੀਰ ਵਿਚਾਰਾਂ ਹੋਈਆਂ। ਇਸ ਵਿਚਾਰ ਸੈਸ਼ਨ ਵਿਚ ਪ੍ਰਸਿੱਧ ਨਾਟਕਕਾਰ, ਸਾਹਿਤਕਾਰ ਡਾ. ਸਵਰਾਜਬੀਰ, ਉਘੇ ਚਿੰਤਕ ਤੇ ਲੇਖਕ ਅਤੇ ਆਈ ਪੀ ਐਸ ਅਧਿਕਾਰੀ ਡਾ. ਮਨਮੋਹਨ, ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਤੇ ਉਘੇ ਆਲੋਚਕ ਡਾ. ਯੋਗਰਾਜ, ਨਾਨਕੀ ਹਾਂਸ ਅਤੇ ਨਾਮਚਿੰਨ ਲੇਖਕ ਤੇ ਕਵੀ ਜਗਦੀਪ ਸਿੱਧੂ ਨੇ ਸ਼ਿਰਕਤ ਕੀਤੀ। ਵਿਚਾਰ ਚਰਚਾ ਨੂੰ ਜਿੱਥੇ ਜਗਦੀਪ ਸਿੱਧੂ ਨੇ ਸ਼ੁਰੂ ਕਰਦਿਆਂ ਸੰਚਾਲਨ ਦੀ ਭੂਮਿਕਾ ਨਿਭਾਈ, ਉਥੇ ਡਾ. ਮਨਮੋਹਨ ਹੁਰਾਂ ਨੇ ਕਿਹਾ ਕਿ ਮੈਂ ਬੜੀ ਗੰਭੀਰਤਾ ਨਾਲ ਆਖਦਾ ਹਾਂ ਕਿ ਸੁਰਜੀਤ ਹਾਂਸ ਹੁਰਾਂ ਦੀਆਂ ਵੱਖੋ-ਵੱਖ ਸਾਹਿਤਕ ਵਿਧਾਵਾਂ ਰਾਹੀਂ ਜੋ ਪੰਜਾਬੀ ਸਾਹਿਤ ਨੂੰ ਤੇ ਪੰਜਾਬੀ ਭਾਈਚਾਰੇ ਨੂੰ ਦੇਣ ਹੈ ਉਸ ਅਨੁਸਾਰ ਉਨ੍ਹਾਂ ਦੀਆਂ ਲਿਖਤਾਂ ਨੂੰ ਜਾਂ ਸੁਰਜੀਤ ਹਾਂਸ ਨੂੰ ਸਾਹਿਤਕ ਵਿਹੜੇ ਵਿਚ ਉਹ ਸਥਾਨ ਨਹੀਂ ਮਿਲਿਆ ਜਿਸ ਦੇ ਉਹ ਹੱਕਦਾਰ ਸਨ।
ਇਸੇ ਗੱਲ ਦੀ ਪ੍ਰੋੜਤਾ ਕਰਦਿਆਂ ਡਾ. ਯੋਗਰਾਜ ਨੇ ਵੀ ਆਖਿਆ ਕਿ ਹਾਂਸ ਦੀ ਕਵਿਤਾ ਦੀ ਜਟਲਿਤਾ ਨੂੰ ਸਮਝਣਾ ਅਜੇ ਬਾਕੀ ਹੈ। ਜਦੋਂਕਿ ਉਨ੍ਹਾਂ ਕੋਲ ਅਨੁਵਾਦ ਦੀ ਅਜਿਹੀ ਕਲਾ ਸੀ ਕਿ ਉਹ ਇਕ ਭਾਸ਼ਾਈ ਸੰਸਾਰ ਤੋਂ ਦੂਜੇ ਭਾਸ਼ਾਈ ਸੰਸਾਰ ਦੀ ਯਾਤਰਾ ਕਰਵਾ ਦਿੰਦੇ ਸਨ ਆਪਣੇ ਅਨੁਵਾਦ ਰਾਹੀਂ। ਡਾ. ਯੋਗਰਾਜ ਨੇ ਵੀ ਆਖਿਆ ਕਿ ਹਾਂ ਪੰਜਾਬੀ ਸਾਹਿਤ ਅਕਾਦਮਿਕ ਪੱਧਰ 'ਤੇ ਸੁਰਜੀਤ ਹਾਂਸ ਨੂੰ ਉਨ੍ਹਾਂ ਦਾ ਬਣਦਾ ਮੁਕਾਮ ਦੇਣਾ ਅਜੇ ਬਾਕੀ ਹੈ।
ਪੈਨਲ ਦੀ ਅਗਵਾਈ ਕਰ ਰਹੇ ਡਾ. ਸਵਰਾਜਬੀਰ ਹੁਰਾਂ ਨੇ ਕਿਹਾ ਕਿ ਉਨ੍ਹਾਂ ਕੋਲ ਇਤਿਹਾਸਕ ਪਹਿਲੂ ਨੂੰ ਪੇਸ਼ ਕਰਨ ਦੀ ਤੇ ਗੁਰੂ ਸਾਹਿਬ ਦੀ ਬਾਣੀ ਨੂੰ ਖੋਜੀ ਸਾਹਿਤਕਾਰੀ ਵਜੋਂ ਲਿਆ ਕੇ ਸਾਡੇ ਸਾਹਮਣੇ ਰੱਖਦਿਆਂ ਸੁਰਜੀਤ ਹਾਂਸ ਬਾਣੀ ਅਨੁਸਾਰ ਜਾਂ ਇੰਝ ਆਖੀਏ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬੋਲਾਂ ਅਨੁਸਾਰ ਵਾਲਾ ਸੰਸਾਰ ਸਿਰਜਣਾ ਚਾਹੁੰਦੇ ਸਨ। ਡਾ. ਸਵਰਾਜਬੀਰ ਨੇ ਆਖਿਆ ਕਿ ਸਿੱਖ ਧਰਮ ਬਾਰੇ ਉਨ੍ਹਾਂ ਦੇ ਖੋਜ ਕਾਰਜ ਦਾ ਕੋਈ ਸਾਨੀ ਨਹੀਂ ਹੈ। ਡਾ. ਸਵਰਾਜਬੀਰ ਹੁਰਾਂ ਨੇ ਡਾ. ਸੁਰਜੀਤ ਹਾਂਸ ਦਾ ਇਕ ਗੀਤ ਵੀ ਸੁਣਾਇਆ ਤੇ ਇਕ ਕਵਿਤਾ ਵੀ ਸਾਂਝੀ ਕੀਤੀ।
ਇਸ ਸਮੁੱਚੀ ਵਿਚਾਰ-ਚਰਚਾ ਵਿਚ ਸੁਰਜੀਤ ਹਾਂਸ ਹੁਰਾਂ ਦੀ ਕਵਿਤਾ, ਲਿਖਤਾਂ, ਅਨੁਵਾਦ, ਸਿੱਖ ਧਰਮ ਸਬੰਧੀ ਖੋਜ ਕਾਰਜ ਤੇ ਉਨ੍ਹਾਂ ਦੀ ਸਮੁੱਚੀ ਜੀਵਨ ਸ਼ੈਲੀ 'ਤੇ ਵਿਸਥਾਰਤ ਚਰਚਾ ਹੋਈ, ਜਿਸ ਦਾ ਨਿਚੋੜ ਇਹ ਵੀ ਮਾਹਿਰਾਂ ਨੇ ਕੱਢਿਆ ਕਿ ਸੈਕਸ਼ਪੀਅਰ ਦਾ ਅਨੁਵਾਦ ਜੋ ਬਾਖੂਬੀ ਪੰਜਾਬੀ ਭਾਸ਼ਾ ਵਿਚ ਸੁਰਜੀਤ ਹਾਂਸ ਨੇ ਕੀਤਾ ਉਸ ਦੇ ਬਰਾਬਰ ਹੋਰ ਕੋਈ ਨਹੀਂ ਖੜ੍ਹਦਾ। ਇਸ ਸਮੁੱਚੀ ਵਿਚਾਰ-ਚਰਚਾ ਨੂੰ ਸੰਪਰਕ ਸੂਤਰ ਵਜੋਂ ਆਪਣੇ ਸਵਾਲਾਂ ਨਾਲ ਜਗਦੀਪ ਸਿੱਧੂ ਨੇ ਰੋਮਾਂਚਕ ਬਣਾਈ ਰੱਖਿਆ। ਡਾ. ਮਨਮੋਹਨ, ਡਾ. ਯੋਗਰਾਜ ਤੇ ਸਵਰਾਜਬੀਰ ਹੁਰਾਂ ਤੋਂ ਵਿਦਿਆਰਥੀਆਂ ਨੇ ਜਿੱਥੇ ਸਵਾਲ-ਜਵਾਬ ਕੀਤੇ ਉਥੇ ਨਾਨਕੀ ਹਾਂਸ ਨੇ ਵੀ ਆਪਣੇ ਪਿਤਾ ਸੁਰਜੀਤ ਹਾਂਸ ਦੀ ਜੀਵਨ ਜਿਊਣ ਦੀ ਕਲਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਜ਼ਿੰਦਾਦਿਲ ਇਨਸਾਨ। ਮੈਨੂੰ ਮਾਣ ਹੈ ਕਿ ਮੈਂ ਉਨ੍ਹਾਂ ਦੀ ਧੀ ਹਾਂ। ਨਾਨਕੀ ਹਾਂਸ ਨੇ ਆਖਿਆ ਕਿ ਉਨ੍ਹਾਂ ਸਾਦਾ ਜੀਵਨ ਜੀਆ ਜਾਂ ਇੰਝ ਆਖ ਲਓ ਕਿ ਉਨ੍ਹਾਂ ਸਾਧਾਂ ਵਾਲਾ ਜੀਵਨ ਜੀਆ।
ਇਸ ਮੌਕੇ ਸਮੁੱਚੇ ਪੈਨਲ ਦਾ ਧੰਨਵਾਦ ਨੈਸ਼ਨਲ ਬੁੱਕ ਟਰੱਸਟ ਭਾਰਤ ਦੇ ਪੰਜਾਬੀ ਵਿਭਾਗ ਦੀ ਅਗਵਾਈ ਕਰ ਰਹੇ ਡਾ. ਨਵਜੋਤ ਕੌਰ ਹੁਰਾਂ ਨੇ ਕੀਤਾ। ਇਸ ਮੌਕੇ ਡਾ. ਮਨਜੀਤ ਸਿੰਘ ਬੱਲ, ਦੀਪਤੀ ਬਬੂਟਾ, ਵਰਿੰਦਰ ਨਿਮਾਣਾ, ਹਮੀਰ ਸਿੰਘ, ਰਸ਼ਮੀ ਸ਼ਰਮਾ, ਸੁਖਵਿੰਦਰ ਸਿੰਘ, ਮੁਕੇਸ਼, ਪੰਜਾਬੀ ਵਿਭਾਗ ਦੇ ਵਿਦਿਆਰਥੀ ਜਿੱਥੇ ਵੱਡੀ ਗਿਣਤੀ ਵਿਚ ਹਾਜ਼ਰ ਸਨ, ਉਥੇ ਪੰਜਾਬ ਯੂਨੀਵਰਸਿਟੀ ਨਾਲ ਸਬੰਧਤ ਵੱਖੋ-ਵੱਖ ਵਿਭਾਗਾਂ ਦੇ ਪ੍ਰੋਫੈਸਰਾਂ ਨੇ ਵੀ ਇਸ ਸੈਸ਼ਨ ਵਿਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।
ਧਿਆਨ ਰਹੇ ਕਿ 9 ਫਰਵਰੀ ਤੱਕ ਚੱਲਣ ਵਾਲੇ ਇਸ ਪੁਸਤਕ ਮੇਲੇ ਵਿਚ ਅੱਜ ਵੀ ਵੱਖੋ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਨਾਲ-ਨਾਲ ਚੰਡੀਗੜ੍ਹ ਦੇ ਪਰਿਵਾਰ ਵੀ ਵੱਡੀ ਗਿਣਤੀ ਵਿਚ ਪਹੁੰਚੇ ਹੋਏ ਸਨ। ਜਿਨ੍ਹਾਂ ਝੋਲੇ ਭਰ-ਭਰ ਕੇ ਕਿਤਾਬਾਂ ਖਰੀਦੀਆਂ। ਵਿਦਿਆਰਥੀ ਆਪਣੀ ਆਪਣੀ ਪਸੰਦੀਦਾ ਕਿਤਾਬਾਂ ਜਿੱਥੇ ਲੱਭਦੇ ਨਜ਼ਰ ਆਏ, ਉਥੇ ਆਪਣੇ ਵਿਸ਼ਿਆਂ ਨਾਲ ਸਬੰਧਤ ਕਿਤਾਬਾਂ ਵੀ ਉਨ੍ਹਾਂ ਦੀ ਪਹਿਲੀ ਪਸੰਦ ਰਹੀਆਂ।
ਡਾ. ਨਵਜੋਤ ਕੌਰ ਹੁਰਾਂ ਨੇ ਆਖਿਆ ਕਿ ਪਾਠਕਾਂ ਦੇ ਉਤਸ਼ਾਹ ਨੂੰ ਦੇਖਦਿਆਂ ਐਨਬੀਟੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਇਸ ਪੁਸਤਕ ਮੇਲੇ ਨੂੰ ਸਲਾਨਾ ਪੁਸਤਕ ਮੇਲਾ ਬਣਾਉਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਧਿਆਨ ਰਹੇ ਕਿ ਐਨਬੀਟੀ ਦੇ ਉਪਰਾਲੇ ਸਦਕਾ ਪੰਜਾਬ ਯੂਨੀਵਰਸਿਟੀ ਵਿਚ ਲੱਗਣਾ ਵਾਲਾ ਇਹ ਪਹਿਲਾ ਕਿਤਾਬਾਂ ਦਾ ਮੇਲਾ ਹੈ।